7 ਵਿਅਕਤੀ ਗੰਭੀਰ ਰੂਪ ਵਿਚ ਹੋਏ ਜ਼ਖਮੀ
ਚਮੋਲੀ : ਉਤਰਾਖੰਡ ਦੇ ਚਮੋਲੀ ਸਥਿਤ ਨਮਾਮੀ ਗੰਗੇ ਆਫਿਸ ਦੇ ਸੀਵਰ ਟ੍ਰੀਟਮੈਂਟ ਪਲਾਂਟ ‘ਚ ਬੁੱਧਵਾਰ ਨੂੰ ਸਵੇਰ 11 ਵਜ ਕੇ 35 ਮਿੰਟ ਕਰੰਟ ਫੈਲ ਗਿਆ, ਜਿਸ ਦੀ ਲਪੇਟ ‘ਚ 22 ਵਿਅਕਤੀ ਆ ਗਏ। ਜਿਨ੍ਹਾਂ ਵਿਚੋਂ 15 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 7 ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗੰਭੀਰ ਰੂਪ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਹੈਲੀਕਾਪਟਰ ਰਾਹੀਂ ਰਿਸ਼ੀਕੇਸ਼ ਦੇ ਏਮਸ ਹਸਪਤਾਲ ‘ਚ ਲਿਜਾਇਆ ਗਿਆ ਜਦਕਿ 5 ਵਿਅਕਤੀਆਂ ਦਾ ਇਲਾਜ ਗੋਪੇਸ਼ਵਰ ਹਸਪਤਾਲ ‘ਚ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਲਕਨੰਦਾ ਨਦੀ ਦੇ ਕੋਲ ਟਰਾਂਸਫਾਰਮਰ ‘ਚ ਧਮਾਕਾ ਹੋਣ ਤੋਂ ਬਾਅਦ ਫੈਲੇ ਕਰੰਟ ਕਾਰਨ 15 ਵਿਅਕਤੀਆਂ ਦੀ ਜਾਨ ਚਲੀ ਗਈ। ਜਦਕਿ ਸਥਾਨਕ ਵਿਧਾਇਕ ਨੇ ਕਿਹਾ ਕਿ ਪ੍ਰੋਜੈਕਟ ਸਾਈਟ ‘ਤੇ ਬੁੱਧਵਾਰ ਸਵੇਰੇ ਬਿਜਲੀ ਦਾ ਤੀਜਾ ਫੇਸ ਡਾਊਨ ਹੋ ਗਿਆ ਸੀ ਅਤੇ ਜਦੋਂ ਇਸ ਨੂੰ ਦੁਬਾਰਾ ਜੋੜਿਆ ਗਿਆ ਤਾਂ ਕਰੰਟ ਫੈਲ ਗਿਆ। ਇਸ ਮਾਮਲੇ ‘ਚ ਪਾਵਰ ਕਾਰਪੋਰੇਸ਼ਨ ‘ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਉਨ੍ਹਾਂ ਹਾਦਸੇ ਦੇ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉਧਰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ‘ਚ ਬੁੱਧਵਾਰ ਨੂੰ ਹੜ੍ਹ ਅਤੇ ਲੈਂਡਸਲਾਈਡ ਕਾਰਨ 8 ਵਿਅਕਤੀਆਂ ਦੀ ਮੌਤ ਹੋਈ।