![](https://parvasinewspaper.com/wp-content/uploads/2024/05/PM-Modi-1-1.jpg)
ਵਿਰੋਧੀ ਪਾਰਟੀਆਂ ਸ਼ਿਕਾਇਤ ਲੈ ਕੇ ਪਹੁੰਚੀਆਂ ਚੋਣ ਕਮਿਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦੇ 7ਵੇਂ ਯਾਨੀ ਕਿ ਆਖਰੀ ਗੇੜ ਦਾ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਵੇਕਾਨੰਦ ਰਾਕ ਮੈਮੋਰੀਅਲ ’ਚ 1 ਜੂਨ ਤੱਕ ਮੈਡੀਟੇਸ਼ਨ ਕਰਨ ਨਾਲ ਵਿਰੋਧੀ ਸਿਆਸੀ ਪਾਰਟੀਆਂ ’ਚ ਬਵਾਲ ਮਚਣਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਸੀਪੀਆਈ (ਐਮ) ਤਾਮਿਲਨਾਡੂ ਦੇ ਸਕੱਤਰ ਬਾਲਾ ਕ੍ਰਿਸ਼ਨਨ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੰਨਿਆ ਕੁਮਾਰੀ ’ਚ ਪੀਐਮ ਮੋਦੀ ਦੇ ਮੈਡੀਟੇਸ਼ਨ ਕਰਨ ਦੌਰਾਨ ਉਨ੍ਹਾਂ ਸਬੰਧੀ ਖਬਰਾਂ ਦੇ ਪ੍ਰਸਾਰਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪੀਐਮ ਦੇ 30 ਮਈ ਤੋਂ 1 ਜੂਨ ਸ਼ਾਮ ਤੱਕ ਮੈਡੀਟੇਸ਼ਨ ਕਰਨ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਾਂਗਰਸ ਦੇ ਵਫਦ ਨੇ ਵੀ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਕਿਹਾ ਕਿ 48 ਘੰਟੇ ਦੇ ਸ਼ਾਂਤ ਸਮੇਂ ਦੌਰਾਨ ਕਿਸੇ ਨੂੰ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਪ੍ਰਚਾਰ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਣੀ ਚਾਹੀਦੀ। ਡੀਐਮਕੇ ਦੇ ਆਗੂਆਂ ਨੇ ਵੀ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਮੈਡੀਟੇਸ਼ਨ ਕਿਉਂ ਹੋ ਰਹੀ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਇਕ ਤਰੀਕਾ ਹੈ, ਜੋ ਕਿ ਚੋਣ ਕਮਿਸ਼ਨ ਦੇ ਸਾਰੇ ਨਿਯਮਾਂ ਦੇ ਖਿਲਾਫ ਹੈ।