ਟਰੰਪ ਨੂੰ ਸਜ਼ਾ ਸਬੰਧੀ ਸੁਣਵਾਈ 11 ਜੁਲਾਈ ਨੂੰ ਹੋਵੇਗੀ
ਵਾਸ਼ਿੰਗਟਨ/ਬਿਊਰੋ ਨਿਊਜ਼
ਡੋਨਾਲਡ ਟਰੰਪ ਕਿਸੇ ਅਪਰਾਧ ਵਿਚ ਦੋਸ਼ੀ ਪਾਏ ਜਾਣ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਨਿਊਯਾਰਕ ਵਿਚ ਕਰੀਬ 6 ਹਫਤਿਆਂ ਤੱਕ ਚੱਲੀ ਸੁਣਵਾਈ ਵਿਚ ਟਰੰਪ ਨੂੰ 34 ਆਰੋਪਾਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟਰੰਪ ਦੇ ਖਿਲਾਫ ਪੋਰਨ ਸਟਾਰ ਸਟੌਰਮੀ ਡੇਨੀਅਲ ਨੂੰ ਪੈਸੇ ਦੇ ਕੇ ਚੁੱਪ ਕਰਾਉਣ ਅਤੇ ਇਲੈਕਸ਼ਨ ਕੰਪੇਨ ਦੇ ਦੌਰਾਨ ਬਿਜਨਸ ਰਿਕਾਰਡ ਵਿਚ ਹੇਰਾਫੇਰੀ ਕਰਨ ਦੇ ਕੇਸ ਚੱਲ ਰਹੇ ਸਨ। ਇਹ ਮਾਮਲਾ ਟਰੰਪ ਦੇ ਪਹਿਲੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਤੋਂ ਪਹਿਲਾਂ 2016 ਦਾ ਹੈ। ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ, ਜਦੋਂ ਕਿਸੇ ਰਾਸ਼ਟਰਪਤੀ ’ਤੇ ਅਪਰਾਧਕ ਕੇਸ ਚਲਾਇਆ ਗਿਆ ਹੋਵੇ। ਮੀਡੀਆ ਰਿਪੋਰਟਾਂ ਮੁਤਾਬਕ ਅਦਾਲਤ ਨੇ 6 ਹਫਤਿਆਂ ਵਿਚ 22 ਗਵਾਹਾਂ ਦੀ ਗੱਲ ਸੁਣੀ ਅਤੇ ਇਨ੍ਹਾਂ ਵਿਚ ਸਟੌਰਮੀ ਡੇਨੀਅਲ ਵੀ ਸ਼ਾਮਲ ਸੀ। ਡੋਨਾਲਡ ਟਰੰਪ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲੇਗੀ, ਇਸ ਸਬੰਧੀ ਹੁਣ 11 ਜੁਲਾਈ ਨੂੰ ਸੁਣਵਾਈ ਹੋਵੇਗੀ।