
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਰਤੱਵਿਆ ਪਥ ’ਤੇ ਲਹਿਰਾਇਆ ਤਿਰੰਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਭਰ ’ਚ ਅੱਜ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵੇਰੇ 10:30 ਵਜੇ ਕਰਤੱਵਿਆ ਪਥ ’ਤੇ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਫਿਰ ਪਰੇਡ ਸ਼ੁਰੂ ਹੋਈ। ਕਰਤਵਿਆ ਪਥ ’ਤੇ ਕੱਢੀ ਰਵਾਇਤੀ ਪਰੇਡ ਵਿੱਚ ਮਾਰਚਿੰਗ ਟੁਕੜੀਆਂ, ਮਿਜ਼ਾਈਲਾਂ ਅਤੇ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਵੀ ਸ਼ਾਮਲ ਸਨ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂ ਤੋ ਗਣਤੰਤਰ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਰੇਡ ਦੀ ਸ਼ੁਰੂਆਤ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸਲਾਮੀ ਲੈਣ ਨਾਲ ਹੋਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਤੇ ਉਨ੍ਹਾਂ ਦੇ ਇੰਡੋਨੇਸ਼ਿਆਈ ਹਮਰੁਤਬਾ ਸੁਬਿਆਂ ਤੋ ਭਾਰਤੀ ਰਾਸ਼ਟਰਪਤੀ ਦੇ ਅੰਗ ਰੱਖਿਅਕਾਂ ਦੀ ਨਿਗਰਾਨੀ ਵਿਚ ‘ਰਵਾਇਤੀ ਬੱਗੀ’ ਵਿੱਚ ਕਰਤਵਿਆ ਪਥ ’ਤੇ ਪਹੁੰਚੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਈ ਹੋਰ ਕੇਂਦਰੀ ਮੰਤਰੀ, ਦੇਸ਼ ਦੇ ਸਿਖਰਲੇ ਫੌਜੀ ਅਧਿਕਾਰੀ, ਵਿਦੇਸ਼ੀ ਡਿਪਲੋਮੈਟ ਤੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਕਰਤਵਿਆ ਪਥ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਤਿੰਨਾਂ ਸੈਨਾਵਾਂ ਦੀ ਸਾਂਝੀ ਝਾਕੀ ਵਿਚ ਹਥਿਆਰਬੰਦ ਬਲਾਂ ਦਰਮਿਆਨ ‘ਇਕਜੁੱਟਤਾ’ ਨੂੰ ਦਰਸਾਇਆ ਗਿਆ। ਝਾਕੀ ਵਿਚ ਅਰਜੁਨ ਜੰਗੀ ਟੈਂਕ, ਤੇਜਸ ਲੜਾਕੂ ਜਹਾਜ਼ ਤੇ ਐਡਵਾਂਸਡ ਲਾਈਟ ਹੈਲੀਕਾਪਟਰ ਨਾਲ ਜ਼ਮੀਨ, ਪਾਣੀ ਅਤੇ ਹਵਾ ਵਿੱਚ ਇੱਕ ਸਮਕਾਲੀ ਕਾਰਵਾਈ ਦਾ ਪ੍ਰਦਰਸ਼ਨ ਕੀਤਾ। ਇਸ ਝਾਕੀ ਦਾ ਥੀਮ ‘ਸਸ਼ਕਤ ਤੇ ਸੁਰੱਖਿਅਤ ਭਾਰਤ’ ਸੀ।

