ਸਰਕਾਰ ‘ਤੇ ਆਗਸਤਾ ਵੇਸਟਲੈਂਡ ਸੌਦੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਦਾ ਦੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਦੇ ਮੁੱਦੇ ਉਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਤੇ ਕਾਂਗਰਸ ਦੇ ਮਿਲੇ ਹੋਣ ਦਾ ਦੋਸ਼ ਲਾਉਂਦਿਆਂ ਤਿੰਨ ਸੌ ਤੋਂ ਵਧ ‘ਆਪ’ ਕਾਰਕੁਨਾਂ ਤੇ ਆਗੂਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ‘ਆਪ’ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਵੱਲ ਨੂੰ ਮਾਰਚ ਕੀਤਾ ਗਿਆ। ‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਤੇ ਕਾਂਗਰਸ ਰਲੀਆਂ ਹੋਈਆਂ ਹਨ, ਜਿਸ ਕਾਰਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਜੰਤਰ-ਮੰਤਰ ‘ਤੇ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕਾਂਗਰਸ ਤੇ ਭਾਜਪਾ ਨੂੰ ਰਗੜੇ ਲਾਏ ਗਏ। ‘ਆਪ’ ਕਾਰਕੁਨਾਂ ਦੇ ਹੱਥਾਂ ਵਿੱਚ ਮੋਦੀ ਤੇ ਸੋਨੀਆ ਖ਼ਿਲਾਫ਼ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਮਾਰਚ ਦੀ ਅਗਵਾਈ ਸੰਜੈ ਸਿੰਘ, ਕੁਮਾਰ ਵਿਸ਼ਵਾਸ, ਆਸ਼ੂਤੋਸ਼ ਅਤੇ ਦਲੀਪ ਪਾਂਡੇ ਨੇ ਕੀਤੀ। ਇਹ ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ਤੇ ਕਾਂਗਰਸ ਦੀ ਕੌਮੀ ਪ੍ਰਧਾਨ ਦੇ ਗ੍ਰਹਿ ਵੱਲ ਨੂੰ ਕੀਤਾ ਗਿਆ। ਮਾਰਚ ਵਿੱਚ ਦਿੱਲੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਵੰਦਨਾ ਕੁਮਾਰੀ, ਵਿਧਾਇਕ ਜਰਨੈਲ ਸਿੰਘ, ਮੰਤਰੀ ਕਪਿਲ ਮਿਸ਼ਰਾ ਸਮੇਤ ਹੋਰ ਮੰਤਰੀਆਂ ਤੇ ਵਿਧਾਇਕਾਂ ਨੇ ਹਿੱਸਾ ਲਿਆ। ਦਿੱਲੀ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਜੰਤਰ-ਮੰਤਰ ਤੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ઠਵੱਲ ਵਧ ਰਹੇ ‘ਆਪ’ ਕਾਰਕੁਨਾਂ ਨੂੰ ਸੰਸਦ ਮਾਰਗ ਥਾਣੇ ਨੇੜੇ ਡੱਕ ਲਿਆ ਗਿਆ ਜਦੋਂ ਕਿ 100 ਤੋਂ ਵਧ ਕਾਰਕੁਨਾਂ ਨੂੰ ਸਵੇਰੇ ਡੱਕਿਆ ਗਿਆ ਸੀ, ਜੋ ਵੱਖਰੇ ਗੁਰੱਪ ਵਿੱਚ ਤੁਗਲਕ ਰੋਡ ਥਾਣੇ ਨੇੜੇ ਪੁੱਜ ਕੇ ਪ੍ਰਧਾਨ ਮੰਤਰੀ ਦੇ ਨਿਵਾਸ ਵੱਲ ਨੂੰ ਵਧਣ ਦੀ ਤਾਕ ਵਿੱਚ ਸਨ।
ਸੋਨੀਆ ਤੋਂ ਡਰਦਾ ਹੈ ਮੋਦੀ: ਕੇਜਰੀਵਾਲ
ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਬਾਰੇ ਗੱਲ ਕਰਦਿਆਂ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਭਾਜਪਾ ਤੇ ਕਾਂਗਰਸ ਮਿਲੀਆਂ ਹੋਈਆਂ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪ੍ਰਧਾਨ ਮੰਤਰੀ ਮੋਦੀ ਡਰਦੇ ਹਨ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਗੰਢਤੁੱਪ ਕਰ ਰੱਖੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੋਨੀਆ ਗਾਂਧੀ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ ਅਤੇ ਕਾਂਗਰਸ ਮੋਦੀ ਦੀ ਫ਼ਰਜ਼ੀ ਵਿਦਿਅਕ ਡਿਗਰੀਆਂ ਦਾ ਮੁੱਦਾ ਨਹੀਂ ਉਠਾਏਗੀ। ਕੇਜਰੀਵਾਲ ਨੇ ਕਿਹਾ ਕਿ ਇਟਲੀ ਸਰਕਾਰ ਨੇ ਹੈਲੀਕਾਪਟਰ ਸੌਦੇ ਦੀ ਜਾਂਚ ਪੂਰੀ ਕਰਕੇ ਦੋਸ਼ੀਆਂ ਨੂੰ ਸਜ਼ਾ ਦੇ ਦਿੱਤੀ ਹੈ ਪਰ ਮੋਦੀ ਸਰਕਾਰ ਦੀ ਜਾਂਚ ਅੱਗੇ ਨਹੀਂ ਵਧੀ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …