ਘਟਨਾ ਸੀਸੀ ਟੀਵੀ ਕੈਮਰੇ ’ਚ ਹੋਈ ਕੈਦ
ਜੰਮੂ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਗਤੀਵਿਧੀਆਂ ’ਚ ਔਰਤਾਂ ਦੀ ਸਰਗਰਮੀ ਵੀ ਵਧਦੀ ਹੋਈ ਨਜ਼ਰ ਆ ਰਹੀ ਹੈ। ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਸੋਪੋਰ ਦੇ ਸੀਆਰਪੀਐਫ ਬੰਕਰ ਦੇ ਸਾਹਮਣੇ ਹਿਜਾਬ ਪਹਿਨ ਕੇ ਇਕ ਮਹਿਲਾ ਨੇ ਪੈਟਰੋਲ ਬੰਬ ਸੁੱਟਿਆ ਅਤੇ ਇਹ ਘਟਨਾ ਆਸੇ-ਪਾਸੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਜਾਂਦੀ ਹੈ। ਜਿਸ ’ਚ ਇਹ ਮਹਿਲਾ ਆਪਣੇ ਬੈਗ ਵਿਚੋਂ ਪੈਟਰੋਲ ਬੰਬ ਕੱਢਦੀ ਹੋਈ ਅਤੇ ਉਸ ਨੂੰ ਸੀਆਰਪੀਐਫ ਬੰਕਰ ’ਤੇ ਸੁੱਟਦੀ ਹੋਈ ਨਜ਼ਰ ਆਉਂਦੀ ਹੈ। ਪੈਟਰੋਲ ਬੰਬ ਸੁੱਟਣ ਤੋਂ ਬਾਅਦ ਹਿਜਾਬ ਪਹਿਨੀ ਇਹ ਮਹਿਲਾ ਉਥੋਂ ਭੱਜਦੀ ਹੈ। ਪੈਟਰੋਲ ਬੰਬ ਨਾਲ ਬੰਕਰ ’ਚ ਅੱਗ ਲੱਗ ਜਾਂਦੀ ਹੈ, ਜਿਸ ਨੂੰ ਸੀਆਰਪੀਐਫ ਦੇ ਕਰਮਚਾਰੀ ਬੁਝਾਉਂਦੇ ਹੋਏ ਨਜ਼ਰ ਆ ਰਹੇ ਹਨ। ਉਧਰ ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ’ਚ ਸੁਰੱਖਿਆ ਬਲਾਂ ਦਰਮਿਆਨ ਲੰਘੀ ਦੇਰ ਰਾਤ ਮੁਕਾਬਲਾ ਹੋਇਆ, ਜਿਸ ਦੌਰਾਨ ਸੁਰੱਖਿਆ ਬਲਾਂ ਨੇ ਲਸ਼ਕਰ ਏ ਤੋਇਬਾ ਦੇ 2 ਅੱਤਵਾਦੀਆਂ ਨੂੰ ਮਾਰ ਦਿੱਤਾ। ਜਿਨ੍ਹਾਂ ਦੀ ਪਹਿਚਾਣ ਰਈਸ ਅਹਿਮਦ ਭੱਟ ਅਤੇ ਹਿਲਾਲ ਆਹ ਰਾਹ ਦੇ ਰੂਪ ’ਚ ਹੋਈ ਹੈ। ਰਈਸ ਅਹਿਮਦ ਵੈਲੀ ਮੀਡੀਆ ਸਰਵਿਸ ਨਾਮ ਦੀ ਇਕ ਨਿਊਜ਼ ਏਜੰਸੀ ਵੀ ਚਲਾਉਂਦਾ ਸੀ।