Breaking News
Home / ਭਾਰਤ / ਹਨੀਪ੍ਰੀਤ ਨੂੰ ਭਗੌੜਾ ਮੁਲਜ਼ਮ ਕਰਾਰ ਦੇਣ ਦੀ ਤਿਆਰੀ

ਹਨੀਪ੍ਰੀਤ ਨੂੰ ਭਗੌੜਾ ਮੁਲਜ਼ਮ ਕਰਾਰ ਦੇਣ ਦੀ ਤਿਆਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਹਨੀਪ੍ਰੀਤ ਇੰਸਾ ਉਰਫ ਪ੍ਰਿਅੰਕਾ ਤਨੇਜਾ, ਜਿਸ ਨੂੰ ਹਰਿਆਣਾ ਪੁਲਿਸ ਭਗੌੜਾ ਕਰਾਰ ਦੇਣ ਦੀ ਕਾਰਵਾਈ ਆਰੰਭ ਕਰ ਚੁੱਕੀ ਹੈ, ਬਾਰੇ ਇਹ ਮੰਨਿਆ ਜਾਣ ਲੱਗਾ ਹੈ ਕਿ ਸ਼ਾਇਦ ਉਹ ਆਪਣੀ ਇੱਛਾ ਅਨੁਸਾਰ ਨਾ ਲੁਕੀ ਹੋਈ ਹੋਵੇ ਅਤੇ ਹੋ ਸਕਦਾ ਹੈ ਕਿ ਉਸ ਨੂੰ ਬੰਧਕ ਬਣਾ ਕੇ ਕਿਤੇ ਰੱਖਿਆ ਗਿਆ ਹੋਵੇ। ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਹਨੀਪ੍ਰੀਤ ਉੱਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਬਾਅਦ ਭਜਾਉਣ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।
25 ਅਗਸਤ ਨੂੰ ਸਜ਼ਾ ਸੁਣਾਏ ਜਾਣ ਸਮੇਂ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨਾਲ ਦੇਖੀ ਹਨੀਪ੍ਰੀਤ ਬਾਰੇ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਅਤੇ ਹਨੀਪ੍ਰੀਤ ਦੇ ਅਸਲੀ ਮਾਪਿਆਂ ਨੂੰ ਵੀ ਉਸ ਦੇ ਬਾਰੇ ਕੋਈ ਜਾਣਕਾਰੀ ਨਹੀ ਹੈ। ਇਸ ਦੌਰਾਨ ਪੁਲਿਸ ਨੇ ਰਾਜਸਥਾਨ ਵਿੱਚ ਹਨੂਮਾਨਗੜ੍ਹ ਵਿੱਚ ਰਹਿੰਦੀ ਡੇਰਾ ਮੁਖੀ ਦੀ ਅਸਲੀ ਵੱਡੀ ਧੀ ਚਰਨਪ੍ਰੀਤ ਕੌਰ ਤੋਂ ਵੀ ਪੁੱਛਗਿੱਛ ਕਰ ਲਈ ਹੈ। ਉਹ ਉੱਥੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ। ਇੱਥੇ ਡੇਰਾਮੁਖੀ ਦੇ ਦੋ ਨਜ਼ਦੀਕੀ ਵੀ ਪੁਲਿਸ ਦੇ ਹੱਥ ਲੱਗੇ ઠਸਨ।
ਹਨੀਪ੍ਰੀਤ ਦੇ ਮਾਪਿਆਂ ਤੋਂ 12 ਘੰਟੇ ਪੁੱਛ-ਗਿੱਛ
ਹਨੀਪ੍ਰੀਤ ਦੇ ਅਸਲੀ ਮਾਪਿਆਂ ਆਸ਼ਾ ਤਨੇਜਾ ਅਤੇ ਰਾਮਾਨੰਦ ਤਨੇਜਾ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਕਰੀਬ 12 ਘੰਟੇ ਪੁੱਛਗਿੱਛ ਕੀਤੀ ਹੈ। ਪੁਲਿਸ ਨੇ ਹਨੀਪ੍ਰੀਤ ਦੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਵੀ ਪੁੱਛਗਿਛ ਕੀਤੀ ਹੈ। ਹਨੀਪ੍ਰੀਤ ਦੇ ਪਰਿਵਾਰਕ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਡੇਰਾਮੁਖੀ ਨੂੰ 25 ਅਗਸਤ ਦੀ ਰਾਤ ਨੂੰ ਸੁਨਾਰੀਆ ਜੇਲ੍ਹ ਵਿੱਚ ਭੇਜ ਦਿੱਤਾ ਤਾਂ 26 ਅਗਸਤ ਦੀ ਸਵੇਰ ਨੂੰ ਉਹ ਡੇਰਾ ਸਿਰਸਾ ਵਿੱਚ ਸਵੇਰੇ ਸਾਝਰੇ ਪੁੱਜੀ ਸੀ ਅਤੇ ਇਹ ਉਹ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੇ ਨਾਲ 28 ਅਗਸਤ ਤਕ ਡੇਰੇ ਵਿੱਚ ਰੁਕੀ ਸੀ। ਇੱਥੋਂ ਜਦੋਂ ਡੇਰਾ ਮੁਖੀ ਦਾ ਪਰਿਵਾਰ ਗੁਰੂਸਰ ਮੋਡੀਆ ਚਲੇ ਗਿਆ ਤਾਂ ਹਨੀਪ੍ਰੀਤ ਆਪਣੇ ਭਾਈ ਸਾਹਿਲ ਦੇ ਸਹੁਰੇ ਘਰ ਹਨੂੰਮਾਨ ਗੜ੍ਹ ਚਲੀ ਗਈ ਸੀ।
ਹਨੀਪ੍ਰੀਤ ਦੇ ਮਾਪੇ ਜਿਨ੍ਹਾਂ ਨੂੰ ਡੇਰਾ ਮੁਖੀ ਵੱਲੋਂ ਹਨੀ ਵੱਲੋਂ ‘ਧੀ’ ਬਣਾਏ ਜਾਣ ਬਾਅਦ ਵੀ ਕਈ ਮਹੀਨੇ ਤਕ ਮਿਲਣ ਨਹੀਂ ਦਿੱਤਾ ਗਿਆ ਸੀ, ਹੁਣ ਹਨੀਪ੍ਰੀਤ ਦੀ ਗੁਮਸ਼ੁਦਗੀ ਨੂੰ ਲੈ ਕੇ ਫਿਕਰਮੰਦ ਹੋ ਗਏ ਹਨ ਕਿ ਕਿਤੇ ਉਸ ਦੇ ਨਾਲ ਕੁੱਝ ਗਲਤ ਨਾ ਵਾਪਰ ਜਾਵੇ।
ਡੇਰੇ ‘ਚੋਂ ਗੁੰਮ ਹੋਏ ਵਿਅਕਤੀਆਂ ਦਾ ਮਾਮਲਾ ਗਰਮਾਇਆ
ਸਿਰਸਾ ਪੁਲਿਸ ਕੋਲ 21 ਗੁੰਮਸ਼ੁਦਗੀਆਂ ਦੀਆਂ ਸ਼ਿਕਾਇਤਾਂ ਹੋਈਆਂ ਦਰਜ
ਸਿਰਸਾ : ਡੇਰੇ ਵਿਚੋਂ ਭੇਤ ਭਰੇ ਢੰਗ ਨਾਲ ਗੁੰਮ ਹੋਏ ਵਿਅਕਤੀਆਂ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਵੱਖ-ਵੱਖ ਥਾਵਾਂ ਤੋਂ ਸਿਰਸਾ ਡੇਰੇ ਵਿਚ ਆ ਕੇ ਲੋਕ ਆਪਣਿਆਂ ਦੀ ਭਾਲ ਕਰ ਰਹੇ ਹਨ। ਹੁਣ ਤੱਕ 21 ਵਿਅਕਤੀਆਂ ਨੇ ਸਿਰਸਾ ਪੁਲਿਸ ਕੋਲ ਗੁੰਮਸ਼ੁਦਗੀ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਹੈਡਕੁਆਰਟਰ ਵਿਜੈ ਕੱਕੜ ਨੇ ਕਿਹਾ ਕਿ ਜੇਕਰ ਗੁੰਮ ਹੋਏ ਲੋਕਾਂ ਦੇ ਤਾਰ ਡੇਰੇ ਨਾਲ ਜੁੜੇ ਤਾਂ ਕਾਰਵਾਈ ਕੀਤੀ ਜਾਵੇਗੀ। ਉਂਜ ਇਸ ਮਾਮਲੇ ਵਿੱਚ ਡੇਰਾ ਖਾਮੋਸ਼ ਹੈ। ਜਾਣਕਾਰੀ ਅਨੁਸਾਰ ਗੁੰਮਸ਼ੁਦਾ ਵਿਅਕਤੀਆਂ ਦੀਆਂ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਡੀਐਸਪੀ ਕੱਕੜ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ। ਕੱਕੜ ਨੇ ਦੱਸਿਆ ਕਿ ਗੁੰਮ ਹੋਏ ਵਿਅਕਤੀਆਂ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਡੇਰਾ ਸਿਰਸਾ ਤੋਂ ਅਚਾਨਕ ਗਾਇਬ ਹੋਏ ਹਨ ਜਿਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਲੰਮੇ ਸਮੇਂ ਤੋਂ ਪਰਿਵਾਰਕ ਮੈਂਬਰ ਘਰ ਨਾ ਮੁੜਨ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ। ਉਨ੍ਹਾਂ ਪੁਲਿਸ ਕੋਲ ਪਰਿਵਾਰਕ ਮੈਂਬਰਾਂ ਦੀ ਗੁੰਮਸ਼ੁਦਗੀ ਦੀਆਂ ਸ਼ਿਕਾਇਤਾਂ ਦਰਜ ਕਰਵਾ ਕੇ ਲੋਕਾਂ ਦੀ ਭਾਲ ਦੀ ਅਪੀਲ ਕੀਤੀ ਹੈ।
ਸੀਬੀਆਈ ਅਦਾਲਤ ਨੇ ਖੱਟਾ ਸਿੰਘ ਦੀ ਅਰਜ਼ੀ ਕੀਤੀ ਖਾਰਜ
ਚੰਡੀਗੜ੍ਹ : ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਰੀਬੀ ਰਹੇ ਖੱਟਾ ਸਿੰਘ ਦੀ ਗਵਾਹੀ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਅਰਜ਼ੀ ਇਸ ਕਰਕੇ ਖਾਰਜ਼ ਕੀਤੀ ਗਈ ਹੈ ਕਿਉਂਕਿ ਖੱਟਾ ਸਿੰਘ ਪਹਿਲਾਂ ਗਵਾਹੀ ਤੋਂ ਮੁੱਕਰ ਗਿਆ ਸੀ। ਖੱਟਾ ਸਿੰਘ ਨੇ ਖੁਦ ਕਿਹਾ ਸੀ ਕਿ ਉਸ ਸਮੇਂ ਉਸ ਨੇ ਡਰ ਕੇ ਬਿਆਨ ਬਦਲ ਦਿਤਾ ਸੀ ਪਰ ਉਹ ਹੁਣ ਸੱਚ ਦੱਸਣਾ ਚਾਹੁੰਦਾ ਹੈ। ਖੱਟਾ ਸਿੰਘ ਦੇ ਵਕੀਲ ਨਵਕਿਰਨ ਸਿੰਘ ਕਹਿਣਾ ਹੈ ਕਿ ਅਦਾਲਤ ਦੇ ਇਸ ਫੈਸਲੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਖੱਟਾ ਸਿੰਘ ਦਾ ਬਿਆਨ ਬਹੁਤ ਜ਼ਰੂਰੀ ਹੈ ਤਾਂ ਕਿ ਡੇਰਾ ਮੁਖੀ ਦੇ ਕਤਲ ਕੇਸ ਦਾ ਪੂਰਾ ਸੱਚ ਸਾਹਮਣੇ ਆ ਸਕੇ। ਚੇਤੇ ਰਹੇ ਕਿ ਖੱਟਾ ਸਿੰਘ ਡੇਰਾ ਮੁਖੀ ਦਾ ਡਰਾਈਵਰ ਰਿਹਾ ਹੈ ਤੇ ਉਹ ਰਣਜੀਤ ਸਿੰਘ ਤੇ ਪੱਤਰਕਾਰ ਛਤਰਪਤੀ ਕਤਲ ਮਾਮਲੇ ਵਿਚ ਗਵਾਹੀ ਦੇਣਾ ਚਾਹੁੰਦਾ ਹੈ।
ਬਾਬੇ ਅਤੇ ਹਨੀਪ੍ਰੀਤ ਵਿਚਾਲੇ ਨਹੀਂ ਸੀ ਪਿਓ-ਧੀ ਦਾ ਰਿਸ਼ਤਾ
ਵਿਸ਼ਵਾਸ ਨੇ ਹਨੀਪ੍ਰੀਤ ਅਤੇ ਰਾਮ ਰਹੀਮ ਵਿਚਾਲੇ ਨਜਾਇਜ਼ ਸਬੰਧ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਦੋਵਾਂ ਵਿਚਾਲੇ ਪਿਓ-ਧੀ ਵਰਗਾ ਕੋਈ ਸਬੰਧ ਨਹੀਂ ਸੀ। ਉਸ ਨੇ ਕਈ ਵਾਰ ਉਨ੍ਹਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਹੈ। ਡੇਰਾ ਮੁਖੀ ਦੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇ ਬਾਰੇ ਇਤਰਾਜ ਦੀਆਂ ਗੱਲਾਂ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਕਿ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਆਪਣੇ ਪੁੱਤਰ ਅਤੇ ਧੀਆਂ ਦੇ ਮੁਕਾਬਲੇ ਜ਼ਿਆਦਾ ਤਰਜੀਹ ਦਿੱਤੀ ਹੈ।
ਵਿਪਾਸਨਾ ਕੇਵਲ ਨੌਕਰ, ਅਸਲੀ ਰਾਣੀ ਹਨੀਪ੍ਰੀਤ
ਉਨ੍ਹਾਂ ਦੱਸਿਆ ਕਿ ਵਿਪਾਸਨਾ ਤਾਂ ਕੇਵਲ ਡੇਰੇ ਦੀ ਨੌਕਰ ਹੈ। ਅਸਲੀ ਰਾਣੀ ਤਾਂ ਹਨੀਪ੍ਰੀਤ ਸੀ ਅਤੇ ਸਭ ਉਸਦੇ ਹੁਕਮ ਨਾਲ ਚੱਲਦਾ ਸੀ। ਵਿਪਾਸਨਾ ਤਾਂ ਸਿਰਫ ਹਨੀਪ੍ਰੀਤ ਦੇ ਹੁਕਮ ਨੂੰ ਅੱਗੇ ਸਰਕਾਉਂਦੀ ਸੀ। ਉਨ੍ਹਾਂ ਦੱਸਿਆ ਕਿ 2009 ਤੋਂ ਪਹਿਲਾਂ ਕੋਈ ਵੀ ਔਰਤ ਜਾਂ ਲੜਕੀ ਡੇਰੇ ਵਿਚ ਸੰਚਾਲਕ ਦੀ ਭੂਮਿਕਾ ਵਿਚ ਨਹੀਂ ਸੀ। ਸਾਰੇ ਅਧਿਕਾਰ ਮਰਦਾਂ ਕੋਲ ਸਨ।

 

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …