Breaking News
Home / ਭਾਰਤ / ਹਨੀਪ੍ਰੀਤ ਗੁਪਤ ਰਸਤੇ ਰਾਹੀਂ ਰਾਮ ਰਹੀਮ ਦੇ ਕਮਰੇ ‘ਚ ਜਾਂਦੀ ਸੀ : ਵਿਸ਼ਵਾਸ ਗੁਪਤਾ

ਹਨੀਪ੍ਰੀਤ ਗੁਪਤ ਰਸਤੇ ਰਾਹੀਂ ਰਾਮ ਰਹੀਮ ਦੇ ਕਮਰੇ ‘ਚ ਜਾਂਦੀ ਸੀ : ਵਿਸ਼ਵਾਸ ਗੁਪਤਾ

ਵਿਸ਼ਵਾਸ ਗੁਪਤਾ ਨੂੰ ਸ਼ਾਹੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਸਨ ਡੇਰਾ ਮੁਖੀ ਨੇ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਗੋਦ ਲਈ ‘ਧੀ’ ਹਨੀਪ੍ਰੀਤ ਬਾਰੇ ਕਈ ਖ਼ੁਲਾਸੇ ਹੋ ਰਹੇ ਹਨ। ਹਨੀਪ੍ਰੀਤ ਦੇ ਪਤੀ ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਹਨੀਪ੍ਰੀਤ ਦੀ ਸੰਗਤ ਮਾਣਨ ਲਈ ਡੇਰਾ ਮੁਖੀ ਉਸ ਅੱਗੇ ਗਿੜਗਿੜਾਇਆ ਅਤੇ ਰੋਇਆ ਸੀ।
ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਵਿਆਹ ਤੋਂ ਕਾਫ਼ੀ ਸਾਲਾਂ ਬਾਅਦ ਹਨੀਪ੍ਰੀਤ ਡੇਰਾ ਮੁਖੀ ਦਾ ਪਰਛਾਵਾਂ ਬਣਨ ਲੱਗੀ ਤਾਂ ਉਸ ਦਾ ਸ਼ੱਕ ਵਧਣ ਲੱਗ ਪਿਆ। ਵਿਸ਼ਵਾਸ ਅਨੁਸਾਰ ਡੇਰਾ ਮੁਖੀ ਵੱਲੋਂ ਹਨੀਪ੍ਰੀਤ ਨੂੰ ਆਪਣੀ ਧੀ ਬਣਾਉਣ ਤੋਂ ਬਾਅਦ ਉਸ (ਵਿਸ਼ਵਾਸ) ਨੂੰ ਸ਼ਾਹੀ ਪਰਿਵਾਰ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਤਾਂ ਜੋ ਉਹ (ਵਿਸ਼ਵਾਸ) ਲਾਲਚ ਵਿੱਚ ਆ ਕੇ ਅੱਖਾਂ ਬੰਦ ਕਰੀ ਰੱਖੇ।
ਵਿਸ਼ਵਾਸ ਅਨੁਸਾਰ ਹਨੀਪ੍ਰੀਤ ਰਾਤ ਨੂੰ ਗੁਪਤ ਰਸਤੇ ਰਾਹੀਂ ਡੇਰਾ ਮੁਖੀ ਦੇ ਕਮਰੇ ਵਿੱਚ ਜਾਂਦੀ ਸੀ। ਇੱਕ ਰਾਤ ਉਸ ਦੀ ਬੇਚੈਨੀ ਵਧ ਗਈ ਤੇ ਉਹ ਸਾਰੀ ਰਾਤ ਆਪਣੇ ਕਮਰੇ ਦੇ ਬਾਹਰ ਘੁੰਮਦਾ ਰਿਹਾ। ਜਦੋਂ ਤੜਕੇ 5 ਵਜੇ ਡੇਰਾ ਮੁਖੀ ਦਾ ਸੇਵਾਦਾਰ ਧਰਮ ਸਿੰਘ ਬਾਹਰ ਆਇਆ ਤਾਂ ਉਸ ਨੇ ਬੇਵੱਸੀ ਨਾਲ ਉਸ ਨੂੰ ਪੁੱਛਿਆ ਕਿ ਹਨੀਪ੍ਰੀਤ ਕਿੱਥੇ ਹੈ, ਪਰ ਉਹ ਚੁੱਪ ਰਿਹਾ। ਫਿਰ 10 ਮਿੰਟਾਂ ਬਾਅਦ ઠਸੇਵਾਦਾਰ ਮੁੜ ਬਾਹਰ ਆਇਆ ਤੇ ਉਸ ਨੇ ਕਿਹਾ ਕਿ ਡੇਰਾ ਮੁਖੀ ਨੇ ਬੁਲਾਇਆ ਹੈ। ਵਿਸ਼ਵਾਸ ਅਨੁਸਾਰ ਜਦੋਂ ਉਹ ਕਮਰੇ ਵਿੱਚ ਗਿਆ ਤਾਂ ਡੇਰਾ ਮੁਖੀ ਸੋਫੇ ‘ਤੇ ਬੈਠਾ ਸੀ ਅਤੇ ਹਨੀਪ੍ਰੀਤ ਉਸ ਕੋਲ ਭੁੰਜੇ ਬੈਠੀ ਰੋ ਰਹੀ ਸੀ। ਡੇਰਾ ਮੁਖੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਬੁਖ਼ਾਰ ਹੋਣ ਕਾਰਨ ਬੇਟੀ (ਹਨੀਪ੍ਰੀਤ) ਉਸ ਦੀ ਸੇਵਾ ਲਈ ਰਾਤ ਰੁਕੀ ਸੀ। ਵਿਸ਼ਵਾਸ ਨੇ ਦੱਸਿਆ ਕਿ ਇਹ ਕਹਿੰਦਿਆਂ ਡੇਰਾ ਮੁਖੀ ਨਿਆਣਿਆਂ ਵਾਂਗ ਰੋਣ ਲੱਗ ਪਿਆ। ਇਸ ਦੌਰਾਨ ਬਾਬੇ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਉਸ (ਵਿਸ਼ਵਾਸ) ਨੇ ਉਨ੍ਹਾਂ ‘ਤੇ ਸ਼ੱਕ ਕਰ ਕੇ ਮਨ ਦੁਖਾਇਆ ਹੈ। ਵਿਸ਼ਵਾਸ ਅਨੁਸਾਰ ਡੇਰਾ ਮੁਖੀ ਦੇ ਨਾਟਕ + ਦੇਖ ਕੇ ਉਸ ਨੂੰ ਲੱਗਿਆ ਕਿ ਸ਼ਾਇਦ ਉਹ ਦੋਹਾਂ ਬਾਰੇ ਗ਼ਲਤ ਸੋਚ ਰਿਹਾ ਹੈ। ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਬਾਬੇ ਵੱਲੋਂ ਹਨੀਪ੍ਰੀਤ ਨੂੰ ਸਿਮਰਨ ਕਰਨ ਵਿੱਚ ਅੱਵਲ ਐਲਾਨ ਕੇ ਦਿੱਤਾ 50 ਹਜ਼ਾਰ ਰੁਪਏ ਦਾ ਇਨਾਮ ਉਸ ਲਈ ਸਰਾਪ ਸਿੱਧ ਹੋਇਆ ਕਿਉਂਕਿ ਉਸ ਦਿਨ ਹੀ ਬਾਬੇ ਨੇ ਹਨੀਪ੍ਰੀਤ ਨੂੰ ਆਪਣੀ ਧੀ ਬਣਾਉਣ ਦਾ ਐਲਾਨ ਕੀਤਾ ਸੀ। ਵਿਸ਼ਵਾਸ ਅਨੁਸਾਰ ਬਾਬੇ ਨੇ ਹਨੀਪ੍ਰੀਤ ਸਮੇਤ ਹੋਰ ਲੜਕੀਆਂ ਨੂੰ ਇੱਕ ਵਿਸ਼ੇਸ਼ ਕਮਰੇ ਵਿੱਚ 28 ਦਿਨ ਸਿਮਰਨ ਕਰਵਾਉਣ ਤੋਂ ਬਾਅਦ ਇਹ ਐਲਾਨ ਕੀਤਾ ਸੀ। ਵਿਸ਼ਵਾਸ ਗੁਪਤਾ ਅਨੁਸਾਰ ਹਨੀਪ੍ਰੀਤ ਨੇ ਜਦੋਂ 2009 ਵਿੱਚ ਬਾਬੇ ਦੀ ‘ਧੀ’ ਬਣ ਕੇ ਉਸ ਦਾ ਪੱਲਾ ਫੜ ਲਿਆ ਸੀ ਤਾਂ ਸੰਭਵ ਨਹੀਂ ਕਿ ਉਸ ਨੇ ਕਿਸੇ ਹੋਰ ਲੜਕੀ ਨੂੰ ਡੇਰਾ ਮੁਖੀ ਦੇ ਨੇੜੇ ਢੁੱਕਣ ਦਿੱਤਾ ਹੋਵੇ। ਉਸ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਹਨੀਪ੍ਰੀਤ ਹੀ ਡੇਰਾ ਮੁਖੀ ਲਈ ਸਭ ਕੁਝ ਸੀ ਅਤੇ ਡੇਰਾ ਮੁਖੀ ਆਪਣੀ ਪਤਨੀ ਸਮੇਤ ਸਮੁੱਚੇ ਪਰਿਵਾਰ ਤੋਂ ਬੇਪ੍ਰਵਾਹ ਸੀ।
ਵਿਸ਼ਵਾਸ ਨੇ ਖ਼ੁਲਾਸਾ ਕੀਤਾ ਹੈ ਕਿ ਜਦੋਂ ਡੇਰਾ ਮੁਖੀ ਵੱਲੋਂ ਉਸ ਖ਼ਿਲਾਫ਼ ਪੰਜ ਝੂਠੇ ਕੇਸ ਦਰਜ ਕਰਵਾ ਕੇ ਅਤੇ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੜੱਪ ਕੇ ਬੁਰੀ ਤਰ੍ਹਾਂ ਹਤਾਸ਼ ਕਰ ਦਿੱਤਾ ਗਿਆ, ਇਸ ਮਗਰੋਂ ਉਨ੍ਹਾਂ ਨੂੰ ਮਜਬੂਰ ਹੋ ਕੇ ਡੇਰੇ ਦੇ ਗੁੰਡਿਆਂ ਤੋਂ ਖਹਿੜਾ ਛੁਡਾਉਣ ਲਈ ਮੁਆਫ਼ੀ ਮੰਗਣੀ ਪਈ ਸੀ। ਉਸ ਨੇ ਬਾਬੇ ਨੂੰ ਖ਼ੁਦ ਪੱਤਰ ਲਿਖ ਕੇ ਮੁਆਫ਼ੀ ਮੰਗਣ ਦੀ ਪੇਸ਼ਕਸ਼ ਕੀਤੀ ਸੀ।
ਬਾਬੇ ਅਤੇ ਹਨੀਪ੍ਰੀਤ ਵਿਚਾਲੇ ਨਹੀਂ ਸੀ ਪਿਓ-ਧੀ ਦਾ ਰਿਸ਼ਤਾ
ਵਿਸ਼ਵਾਸ ਨੇ ਹਨੀਪ੍ਰੀਤ ਅਤੇ ਰਾਮ ਰਹੀਮ ਵਿਚਾਲੇ ਨਜਾਇਜ਼ ਸਬੰਧ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਦੋਵਾਂ ਵਿਚਾਲੇ ਪਿਓ-ਧੀ ਵਰਗਾ ਕੋਈ ਸਬੰਧ ਨਹੀਂ ਸੀ। ਉਸ ਨੇ ਕਈ ਵਾਰ ਉਨ੍ਹਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਹੈ। ਡੇਰਾ ਮੁਖੀ ਦੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇ ਬਾਰੇ ਇਤਰਾਜ ਦੀਆਂ ਗੱਲਾਂ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਕਿ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਆਪਣੇ ਪੁੱਤਰ ਅਤੇ ਧੀਆਂ ਦੇ ਮੁਕਾਬਲੇ ਜ਼ਿਆਦਾ ਤਰਜੀਹ ਦਿੱਤੀ ਹੈ।
ਵਿਪਾਸਨਾ ਕੇਵਲ ਨੌਕਰ, ਅਸਲੀ ਰਾਣੀ ਹਨੀਪ੍ਰੀਤ
ਉਨ੍ਹਾਂ ਦੱਸਿਆ ਕਿ ਵਿਪਾਸਨਾ ਤਾਂ ਕੇਵਲ ਡੇਰੇ ਦੀ ਨੌਕਰ ਹੈ। ਅਸਲੀ ਰਾਣੀ ਤਾਂ ਹਨੀਪ੍ਰੀਤ ਸੀ ਅਤੇ ਸਭ ਉਸਦੇ ਹੁਕਮ ਨਾਲ ਚੱਲਦਾ ਸੀ। ਵਿਪਾਸਨਾ ਤਾਂ ਸਿਰਫ ਹਨੀਪ੍ਰੀਤ ਦੇ ਹੁਕਮ ਨੂੰ ਅੱਗੇ ਸਰਕਾਉਂਦੀ ਸੀ। ਉਨ੍ਹਾਂ ਦੱਸਿਆ ਕਿ 2009 ਤੋਂ ਪਹਿਲਾਂ ਕੋਈ ਵੀ ਔਰਤ ਜਾਂ ਲੜਕੀ ਡੇਰੇ ਵਿਚ ਸੰਚਾਲਕ ਦੀ ਭੂਮਿਕਾ ਵਿਚ ਨਹੀਂ ਸੀ। ਸਾਰੇ ਅਧਿਕਾਰ ਮਰਦਾਂ ਕੋਲ ਸਨ।

Check Also

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਖਿਲਾਫ ਨਵੀਂ ਦਿੱਲੀ ‘ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਭਾਜਪਾ ਹੈੱਡਕੁਆਰਟਰ ਨੇੜੇ ਪੈਟਰੋਲ, …