ਸਵਰਾਜਬੀਰ
ਅਸੀਂ ਲੰਘੇ ਐਤਵਾਰ ਇਕ-ਦੂਸਰੇ ਨੂੰ ਨਵਾਂ ਸਾਲ ਮੁਬਾਰਕ ਕਿਹਾ ਹੈ; 2023 ਨੂੰ ਖੁਸ਼ਆਮਦੀਦ ਕਹਿੰਦਿਆਂ ਪੰਜਾਬ ਦੇ ਨਿਰਭਉ ਤੇ ਨਿਰਵੈਰ ਭਵਿੱਖ ਦੀ ਕਾਮਨਾ ਕੀਤੀ ਹੈ; ਸਰਬੱਤ ਦੇ ਭਲੇ ਦੀ ਅਰਦਾਸ ਨੂੰ ਮੁੜ ਦੁਹਰਾਇਆ ਹੈ।
2020-21 ਦੇ ਵਰ੍ਹੇ ਕਿਸਾਨ ਅੰਦੋਲਨ ਦੇ ਰੂਪ ਵਿਚ ਸਾਡੇ ਕੋਲ ਉਹ ਲੈ ਕੇ ਆਏ ਸਨ ਜਿਨ੍ਹਾਂ ਲਈ ਪੰਜਾਬ ਕਈ ਦਹਾਕਿਆਂ ਤੋਂ ਸਹਿਕ ਰਿਹਾ ਸੀ : ਆਪਣੇ ਰੋਹ ਨੂੰ ਪ੍ਰਗਟਾਉਣ ਦਾ ਸਲੀਕਾ, ਸਿਰੜ ਤੇ ਸਿਦਕ। ਇਹ ਪੰਜਾਬੀਆਂ ਦੇ ਆਪਣੇ ਆਪ ‘ਤੇ ਵਿਸ਼ਵਾਸ ਕਰਨ ਦੇ ਪਲ ਸਨ, ਉਨ੍ਹਾਂ ਦੀ ਹੋਂਦ ਦੀ ਸਿਦਕ ਭਰੀ ਗਵਾਹੀ ਕਿ ਅਸੀਂ ਪੰਜਾਬੀ ਇਕੱਠੇ ਹੋ ਕੇ ਜਬਰ ਦਾ ਸਾਹਮਣਾ ਕਰ ਸਕਦੇ ਹਾਂ।
ਸਾਨੂੰ 2022 ‘ਤੇ ਝਾਤੀ ਮਾਰਨੀ ਚਾਹੀਦੀ ਹੈ; 2022 ਵਿਚ ਪੰਜਾਬੀਆਂ ਨੇ ਦਹਾਕਿਆਂ ਤੋਂ ਸੱਤਾ ਨਾਲ ਚਿੰਬੜੇ ਉਨ੍ਹਾਂ ਸੱਤਾਧਾਰੀਆਂ ਨੂੰ ਨਕਾਰਿਆ ਜਿਨ੍ਹਾਂ ਨੇ ਪੰਜਾਬ ਨੂੰ ਵੇਚ ਖਾਣ ਦਾ ਤਹੱਈਆ ਕਰ ਲਿਆ ਸੀ। ਇਸ ਤਰ੍ਹਾਂ ਕਰ ਕੇ ਪੰਜਾਬੀਆਂ ਨੇ ਕੁਝ ਚਿਰ ਇਹ ਸੋਚਿਆ ਕਿ ਅਸੀਂ ਪੰਜਾਬ ਨੂੰ ਬਦਲ ਦਿੱਤਾ ਹੈ; ਪਰ ਅੰਦਰੋਂ-ਅੰਦਰੀਂ ਪੰਜਾਬੀ ਜਾਣਦੇ ਹਨ ਕਿ ਉਹ ਅਜਿਹੀ ਸਥਿਤੀ ਵਿਚ ਹਨ, ਜਿਸ ਨੂੰ ਬਦਲਣਾ ਬਹੁਤ ਮੁਸ਼ਕਲ ਹੈ।
ਉਹ ਸਥਿਤੀ ਪੰਜਾਬੀਆਂ ਨੂੰ ਉਵੇਂ ਹੀ ਉਪਰਾਮ ਕਰਨ ਵਾਲੀ ਹੈ ਜਿਵੇਂ 2020 ਤੋਂ ਪਹਿਲਾਂ ਦੀ ਸੀ। 2022 ਵਿਚ ਉਨ੍ਹਾਂ ਨੇ ਕੀ ਦੇਖਿਆ? ਅੰਮ੍ਰਿਤਸਰ ਨੇੜਲਾ ਇਕ ਪਿੰਡ ਪ੍ਰਤੀਕ ਵਜੋਂ ਉੱਭਰਦਾ ਹੈ ਜਿੱਥੇ ਪਿਛਲੇ ਸਾਲ 25 ਤੋਂ ਜ਼ਿਆਦਾ ਨੌਜਵਾਨਾਂ ਦੀਆਂ ਮੌਤਾਂ ਉਨ੍ਹਾਂ ਕਾਰਨਾਂ ਕਰਕੇ ਹੋਈਆਂ ਜਿਹੜੀਆਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਸ਼ਿਆਂ ਦੇ ਫੈਲਾਅ ਨਾਲ ਜੁੜੀਆਂ ਹੋਈਆਂ ਸਨ : ਨਸ਼ਿਆਂ ਦੀ ਓਵਰਡੋਜ਼, ਨਸ਼ੇ ਨਾੜਾਂ ਵਿਚ ਧੱਕਣ ਲਈ ਕਈ ਵਿਅਕਤੀਆਂ ਦੁਆਰਾ ਇਕੋ ਸਰਿੰਜ ਕਾਰਨ ਫੈਲੇ ਹੈਪੇਟਾਈਟਸ ਤੇ ਹੋਰ ਰੋਗ। ਉਸ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਹਰ ਤੀਜੇ ਘਰ ਵਿਚ ਇਕ ਨਸ਼ੇੜੀ ਹੈ। ਦਸੰਬਰ ਮਹੀਨੇ ਵਿਚ ਮੇਰੇ ਇਕ ਦੋਸਤ ਨੇ ਦੱਸਿਆ ਕਿ ਉਹ ਸਰਹਾਲੀ ਲਾਗੇ ਇਕ ਪਿੰਡ ਵਿਚ ਗਿਆ ਸੀ। ਉਸ ਪਿੰਡ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮਹੀਨੇ ਦੇ ਅੰਦਰ ਅੰਦਰ ਦੋ ਮੌਤਾਂ ਹੋਈਆਂ ਸਨ। ਦੋ, ਵੀਹ, ਤੀਹ, ਇਹ ਸਮਾਜ ਸ਼ਾਸਤਰੀਆਂ, ਪ੍ਰਸ਼ਾਸਕਾਂ, ਪੁਲਿਸ ਅਧਿਕਾਰੀਆਂ, ਪੱਤਰਕਾਰਾਂ ਤੇ ਸਿਆਸਤਦਾਨਾਂ ਲਈ ਅੰਕੜੇ ਹਨ; ਅਸਲ ਵਿਚ ਇਹ ਉਹ ਪਰਿਵਾਰ ਹਨ ਜਿਹੜੇ ਉੱਜੜ ਗਏ ਤੇ ਉੱਜੜ ਰਹੇ ਹਨ; ਜਿਨ੍ਹਾਂ ਨੇ ਭਵਿੱਖ ਵਿਚ ਖ਼ੁਸ਼ੀ ਦਾ ਮੂੰਹ ਨਹੀਂ ਤੱਕਣਾ। ਪੰਜਾਬ ਪੁਲਿਸ ਦੇ ਆਪਣੇ ਅੰਕੜਿਆਂ ਅਨੁਸਾਰ ਉਨ੍ਹਾਂ ਨੇ ਬੀਤੇ ਸਾਲ 729.5 ਕਿੱਲੋ ਹੈਰੋਇਨ ਫੜੀ ਅਤੇ 16,798 ਮੁਲਜ਼ਮਾਂ ਨੂੰ ਨਸ਼ਿਆਂ ਦੀ ਤਸਕਰੀ ਕਰਨ ਜਾਂ ਨਸ਼ੇ ਸਪਲਾਈ ਕਰਨ ਦੇ ਕੇਸਾਂ ਵਿਚ ਗ੍ਰਿਫ਼ਤਾਰ ਕੀਤਾ। ਇਕ ਸਾਲ ਵਿਚ ਇੰਨੀ ਵੱਡੀ ਗਿਣਤੀ ਵਿਚ ਵਿਅਕਤੀਆਂ ਦੀ ਗ੍ਰਿਫਤਾਰੀ ਦੱਸਦੀ ਹੈ ਕਿ ਨਸ਼ਿਆਂ ਕਾਰਨ ਕਿਸ ਪੱਧਰ ਦਾ ਉਜਾੜਾ ਹੋ ਰਿਹਾ ਹੈ।
ਪੰਜਾਬ ਦੀ ਦੂਸਰੀ ਸਮੱਸਿਆ ਪਰਵਾਸ ਦੀ ਹੈ; ਵੱਡੀ ਪੱਧਰ ‘ਤੇ ਹੋ ਰਿਹਾ ਪਰਵਾਸ। ਪ੍ਰਮੁੱਖ ਸਮੱਸਿਆ ਪਰਵਾਸ ਦੀ ਨਹੀਂ ਸਗੋਂ ਇਸ ਤੱਥ ਦੀ ਹੈ ਕਿ ਪੰਜਾਬੀਆਂ ਨੂੰ ਇਹ ਵਿਸ਼ਵਾਸ ਹੁੰਦਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਪੰਜਾਬ ਵਿਚ ਨਹੀਂ, ਕੈਨੇਡਾ ਵਿਚ ਹੈ। ਪਰਵਾਸ ਕਰਨਾ ਮਨੁੱਖੀ ਇਤਿਹਾਸ ਦਾ ਹਿੱਸਾ ਹੈ। ਲੋਕਾਂ ਨੇ ਵੱਖ-ਵੱਖ ਖੇਤਰਾਂ ‘ਚੋਂ ਵੱਡੀ ਪੱਧਰ ‘ਤੇ ਉਦੋਂ ਪਰਵਾਸ ਕੀਤਾ ਜਦੋਂ ਉਨ੍ਹਾਂ ਨੂੰ ਉਨ੍ਹਾਂ ਖੇਤਰਾਂ ਵਿਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਵਾਰ 1845-1855 ਵਿਚ ਆਇਰਲੈਂਡ ਤੋਂ ਅਮਰੀਕਾ ਨੂੰ ਹੋਏ ਪਰਵਾਸ ਦੀ ਉਦਾਹਰਨ ਦਿੱਤੀ ਜਾਂਦੀ ਹੈ ਜਦੋਂ 15 ਲੱਖ ਲੋਕ ਆਇਰਲੈਂਡ ਛੱਡ ਕੇ ਅਮਰੀਕਾ ਪਹੁੰਚੇ; ਉਹ ਇਸ ਲਈ ਕਿ ਆਇਰਲੈਂਡ ਵਿਚ ਕਾਲ ਪਿਆ ਸੀ, ਲੋਕ ਭੁੱਖੇ ਮਰ ਰਹੇ ਸਨ। ਪੰਜਾਬ ਵਿਚ ਅਜਿਹੀ ਸਮੱਸਿਆ ਨਹੀਂ ਹੈ। ਪੰਜਾਬ ਵਿਚ ਨਾ ਤਾਂ ਕੋਈ ਕਾਲ ਪਿਆ ਹੈ ਅਤੇ ਨਾ ਹੀ ਕੋਈ ਸੋਕਾ; ਕਿਸੇ ਦੁਸ਼ਮਣ ਨੇ ਪੰਜਾਬ ‘ਤੇ ਹਮਲਾ ਨਹੀਂ ਕੀਤਾ। ਪੰਜਾਬ ਦੀ ਸਮੱਸਿਆ ਇਹ ਹੈ ਕਿ ਪੰਜਾਬੀ ਆਪਣੇ ਆਪ ਤੋਂ ਡਰ ਕੇ ਇੱਥੋਂ ਭੱਜ ਰਹੇ ਹਨ; ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਨਸ਼ਿਆਂ ਦਾ ਸ਼ਿਕਾਰ ਹੋ ਜਾਣਾ ਹੈ, ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਣਾ, ਪੰਜਾਬ ਵਿਚ ਉਨ੍ਹਾਂ ਨੂੰ ਇੱਜ਼ਤ ਭਰੀ ਜ਼ਿੰਦਗੀ ਨਸੀਬ ਨਹੀਂ ਹੋਣੀ। ਬੇਰੁਜ਼ਗਾਰੀ, ਨਸ਼ਿਆਂ ਦਾ ਫੈਲਾਅ ਤੇ ਪਰਵਾਸ ਤਿੰਨੇ ਸਮੱਸਿਆਵਾਂ ਇਕ-ਦੂਸਰੇ ਨਾਲ ਜੁੜੀਆਂ ਹੋਈਆਂ ਹਨ।
ਪੰਜਾਬੀ ਨੌਜਵਾਨਾਂ ਦੇ ਪਰਵਾਸ ਬਾਰੇ ਸਹੀ ਅੰਕੜੇ ਨਹੀਂ ਮਿਲਦੇ। ਸਰਕਾਰਾਂ ਇਹ ਅੰਕੜੇ ਇਕੱਠੇ ਵੀ ਨਹੀਂ ਕਰਨਾ ਚਾਹੁੰਦੀਆਂ। ਪਿਛਲੇ ਸਾਲ ਸੰਸਦ ਵਿਚ ਦੱਸਿਆ ਗਿਆ ਸੀ ਕਿ 2016 ਤੋਂ ਫਰਵਰੀ 2021 ਤਕ 9.84 ਲੱਖ ਲੋਕਾਂ ਨੇ ਪੰਜਾਬ ਤੇ ਚੰਡੀਗੜ੍ਹ ਤੋਂ ਪਰਵਾਸ ਕੀਤਾ, ਉਨ੍ਹਾਂ ਵਿਚੋਂ 3.79 ਲੱਖ ਵਿਦਿਆਰਥੀ ਵੀਜ਼ੇ ‘ਤੇ ਗਏ। ਇਸੇ ਤਰ੍ਹਾਂ ਸਰਕਾਰੀ ਅੰਕੜਿਆਂ ਅਨੁਸਾਰ 2016 ਵਿਚ ਲਗਭਗ 36,000 ਵਿਦਿਆਰਥੀ ਪੰਜਾਬ ਤੋਂ ਵਿਦੇਸ਼ਾਂ ਵਿਚ ਗਏ ਸਨ ਅਤੇ 2019 ਵਿਚ 73,000 ਵਿਦਿਆਰਥੀ। 2022 ਵਿਚ ਇਹ ਗਿਣਤੀ ਨਿਸ਼ਚੇ ਹੀ 73,000 ਤੋਂ ਵੱਧ ਹੋਵੇਗੀ। ਜੇ 2022 ਦੀ ਗਿਣਤੀ ਨੂੰ ਲਗਭਗ ਇਕ ਲੱਖ ਮੰਨ ਲਿਆ ਜਾਵੇ ਤਾਂ ਇਸ ਦਾ ਮਤਲਬ ਇਹ ਨਿਕਲੇਗਾ ਕਿ ਪੰਜਾਬ ਦੇ ਹਰ ਛੇਵੇਂ ਪਰਿਵਾਰ (ਪੰਜਾਬ ਵਿਚ ਲਗਭਗ 60 ਲੱਖ ਪਰਿਵਾਰ ਹਨ) ਦਾ ਇਕ ਬੱਚਾ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਨ ਜਾ ਰਿਹਾ ਹੈ।
ਇਸ ਤਰ੍ਹਾਂ ਪੰਜਾਬ ਵਿਚ ਇਕ ਨਵੀਂ ਜੀਵਨ-ਜਾਚ ਹੋਂਦ ਵਿਚ ਆ ਰਹੀ ਹੈ; ਪਰਵਾਸ ਉਸ ਦਾ ਜ਼ਰੂਰੀ ਹਿੱਸਾ ਹੈ। ਉਹ ਪਰਿਵਾਰ, ਜਿਸ ਦਾ ਬੱਚਾ ਵਿਦੇਸ਼ ਚਲਾ ਜਾਂਦਾ ਹੈ, ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਜਿਵੇਂ ਕਿਸੇ ਆਫ਼ਤ ਤੋਂ ਬਚ ਗਿਆ ਹੋਵੇ। ਪੰਜਾਬ ਦਾ ਸੰਕਟ ਪੰਜਾਬੀਆਂ ਦੀ ਸੋਚ ਅਤੇ ਅਮਲ ਵਿਚ ਪੈਦਾ ਹੋ ਰਹੀ ਇਸ ਜੀਵਨ-ਜਾਚ ਅਤੇ ਪੰਜਾਬੀਆਂ ਦੁਆਰਾ ਇਸ ਨਵੀਂ ਜੀਵਨ-ਜਾਚ ਦੀ ਸ੍ਰੇਸ਼ਟਤਾ ਨੂੰ ਸਵੀਕਾਰ ਕਰਨ ਦਾ ਹੈ।
ਪਰ ਕੀ ਸਾਰਾ ਕਸੂਰ ਪੰਜਾਬੀਆਂ ਦਾ ਹੈ? ਨਹੀਂ। ਉਹ ਉਸ ਦੁਖਾਂਤ ਦਾ ਸਾਹਮਣਾ ਕਰ ਰਹੇ ਹਨ ਜਿਹੜਾ ਸਾਰੀ ਮਨੁੱਖਤਾ ਦੀ ਹੋਣੀ ਬਣ ਗਿਆ ਹੈ। ਕਾਰਪੋਰੇਟੀ ਵਿਕਾਸ ਮਾਡਲ ਅਤੇ ਸੋਚ ਨੇ ਦੁਨੀਆ ਦੀ ਮਾਨਸਿਕਤਾ ਅਤੇ ਆਰਥਿਕਤਾ ‘ਤੇ ਕਬਜ਼ਾ ਕਰ ਲਿਆ ਹੈ।
ਪੰਜਾਬ ਤੇ ਪੰਜਾਬੀ ਉਸ ਦੁਨੀਆ ਦਾ ਹਿੱਸਾ ਹਨ ਜਿਸ ਵਿਚ ਸਭ ਕੁਝ ਮੰਡੀ ਜਾਂ ਬਾਜ਼ਾਰ ਦੇ ਹੱਥਾਂ ਵਿਚ ਦੇ ਦਿੱਤਾ ਗਿਆ ਹੈ; ਜਿਸ ਵਿਚ ਗਿਣਤੀ ਦੇ ਕਾਰਪੋਰੇਟ ਅਦਾਰਿਆਂ ਤੇ ਵਪਾਰਕ ਘਰਾਣਿਆਂ ਦੀ ਦੌਲਤ ਵਧਦੀ ਹੈ, ਕੁਝ ਲੱਖ ਲੋਕਾਂ ਨੂੰ ਵਧੀਆ ਨੌਕਰੀਆਂ ਮਿਲਦੀਆਂ ਹਨ ਜਦੋਂਕਿ ਵੱਡੀ ਪੱਧਰ ‘ਤੇ ਲੋਕਾਈ ਨੂੰ ਘੱਟ ਉਜਰਤ ਵਾਲੀਆਂ ਨੌਕਰੀਆਂ ‘ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਤੀਸਰੀ ਦੁਨੀਆ ਦੇ ਦੇਸ਼ਾਂ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਵਿਚ ਇਹ ਉਜਰਤ ਬਹੁਤ ਘੱਟ ਹੈ; ਇਹ ਬੰਦੇ ਨੂੰ ਹੀਣਾ ਬਣਾਉਂਦੀ ਹੈ; ਇਸ ਹੀਣ ਭਾਵਨਾ ਤੋਂ ਮੁਕਤ ਹੋਣ ਲਈ ਲੋਕ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਵੱਲ ਭੱਜਦੇ ਹਨ; ਇਹ ਉਨ੍ਹਾਂ ਦੀ ਮਜਬੂਰੀ ਹੈ। ਪੰਜਾਬੀ ਵੀ ਇਨ੍ਹਾਂ ਮਜਬੂਰੀਆਂ ਕਾਰਨ ਪਰਵਾਸ ਕਰ ਰਹੇ ਹਨ। ਉੱਥੇ ਵੀ ਪਰਵਾਸੀਆਂ ਨੂੰ ਘੱਟ ਉਜਰਤ ਵਾਲੀਆਂ ਨੌਕਰੀਆਂ ਮਿਲਦੀਆਂ ਹਨ; ਪਰ ਉਹ ਉਜਰਤ ਆਪਣੇ ਦੇਸ਼ ਵਿਚ ਮਿਲਦੀ ਉਜਰਤ ਤੋਂ ਕਿਤੇ ਵੱਧ ਹੁੰਦੀ ਹੈ। ਮੰਡੀ ਦੇ ਨਾਲ ਨਾਲ ਪੰਜਾਬ ਨੂੰ ਸਿਆਸੀ ਜਮਾਤ ਨੇ ਉਜਾੜਿਆ ਹੈ। ਕਈ ਦਹਾਕਿਆਂ ਤੋਂ ਕੁਝ ਚੁਣੀਂਦਾ ਘਰਾਣਿਆਂ ਨੇ ਦੌਲਤ ਦੇ ਅੰਬਾਰ ਇਕੱਠੇ ਕੀਤੇ ਹਨ; ਲੋਕਾਂ ਦਾ ਸਰਕਾਰੀ ਨਿਜ਼ਾਮ ‘ਚੋਂ ਵਿਸ਼ਵਾਸ ਖ਼ਤਮ ਕੀਤਾ ਹੈ; ਸੂਬੇ ਦੇ ਵਿੱਦਿਅਕ ਅਤੇ ਸਿਹਤ-ਸੰਭਾਲ ਦੇ ਢਾਂਚਿਆਂ ਨੂੰ ਕਮਜ਼ੋਰ ਤੇ ਜਰਜਰਾ ਬਣਾਇਆ ਹੈ। ਲੋਕ ਇਸ ਧਰੋਹ ਸਾਹਮਣੇ ਬੇਵੱਸ ਹੋ ਗਏ ਲੱਗਦੇ ਹਨ। ਸਿਆਸੀ ਜਮਾਤ ਲੋਕਾਂ ਤੋਂ ਲਗਾਤਾਰ ਦੂਰ ਹੁੰਦੀ ਗਈ ਹੈ।
ਇਕ ਪੱਧਰ ‘ਤੇ ਹਰ ਪੰਜਾਬੀ ਪੰਜਾਬ ਵਿਚ ਰਹਿਣਾ ਚਾਹੁੰਦਾ ਹੈ। ਪਰਵਾਸ ਕਰਦਾ ਹੋਇਆ ਪੰਜਾਬੀ ਵੀ ਪੰਜਾਬੀ ਰਹਿਣਾ ਚਾਹੁੰਦਾ ਹੈ। ਉਹ ਹਮੇਸ਼ਾਂ ਆਪਣੇ ਆਪ ਨੂੰ ਪੰਜਾਬੀ ਅਖਵਾਉਂਦਾ ਤੇ ਪੰਜਾਬੀ ਹੋਣ ‘ਤੇ ਮਾਣ ਮਹਿਸੂਸ ਕਰਦਾ ਹੈ ਪਰ ਹਕੀਕੀ ਰੂਪ ਵਿਚ ਇਸ ਸਮੇਂ ਪਰਵਾਸ ਕਰ ਰਹੇ ਪੰਜਾਬੀ ਹੁਣ ਪੰਜਾਬ ਨੂੰ ਹਮੇਸ਼ਾਂ ਲਈ ਛੱਡ ਰਹੇ ਹਨ। ਉਨ੍ਹਾਂ ਦੀ ਸਥਿਤੀ ਕੁਝ ਏਦਾਂ ਦੀ ਹੈ :
ਅਸੀਂ ਹਵਾਈ ਅੱਡਿਆਂ ‘ਤੇ ਖੜ੍ਹੇ ਹਾਂ
ਅਸੀਂ ਵਾਪਸ ਨਹੀਂ ਆਉਣਾ
ਇਹ ਨਾੜੂ ਅਸੀਂ ਵੱਢ ਦਿੱਤਾ ਏ
ਅਸੀਂ ਪਰਦੇਸ ਜਾਵਾਂਗੇ
ਪਿੰਡ ਆਪਣਾ, ਉੱਥੇ ਵਸਾਵਾਂਗੇ
ਗੁਰਦੁਆਰਾ ਬਣਾ, ਅਰਦਾਸ ਕਰਾਂਗੇ
ਪਿੰਡ ਪਿਛਲਾ, ਵੱਸਦਾ ਰਹੇ
ਗੁਆਂਢੀਆਂ ਦਾ ਬਾਪੂ ਹੱਸਦਾ ਰਹੇ
ਸਾਡੇ ਨਾਲ ਨਾਰਾਜ਼ ਨਾ ਹੋਣਾ
ਬਿਰਖ ਤੋਂ ਟੁੱਟ ਰਹੇ ਪੱਤੇ ਹਾਂ ਅਸੀਂ
ਭੰਗੜੇ ਪਾ ਪਾ ਕੇ
ਸਭ ਦਾ ਧਿਆਨ ਖਿੱਚਦੇ
ਥਈਆ ਥਈਆ ਨੱਚਦੇ
ਅਸੀਂ ਬਹੁਤ ਕੁਝ ਭੁੱਲਣਾ ਚਾਹੁੰਦੇ ਹਾਂ
ਭੁੱਲਣਾ ਚਾਹੁੰਦੇ ਹਾਂ –
ਗ਼ਦਰੀ ਬਾਬੇ
ਜੱਲ੍ਹਿਆਂਵਾਲਾ ਬਾਗ਼
ਰਬਾਬ ‘ਚੋਂ ਉੱਠਦੇ ਰਾਗ
ਕੋਈ ਕਿੰਨਾ ਕੁਝ ਯਾਦ ਰੱਖੇ
ਦੁੱਖ ਕਿੰਨਾ ਕੁ ਵੰਡਾਏ ਕੋਈ?
ਅਸੀਂ ਜਾ ਰਹੇ ਹਾਂ
ਜ਼ਖ਼ਮਾਂ ਦੇ ਗੀਤ ਬਣਾ ਰਹੇ ਹਾਂ
ਕਿਹਾ ਜਾਂਦਾ ਹੈ ‘ਜ਼ਖ਼ਮ ਦਾ ਗੀਤ ਬਣਦਾ ਹੈ/ ਜ਼ੁਲਮ ਦੀ ਦਸਤਾਵੇਜ਼’। ਪੰਜਾਬੀ ਵਿਸ਼ਵ ਮੰਡੀ ਅਤੇ ਆਪਣੇ ਆਗੂਆਂ ਦੇ ਦਿੱਤੇ ਜ਼ਖ਼ਮਾਂ ਨੂੰ ਸਹਿੰਦੇ ਪਰਵਾਸ ਕਰ ਰਹੇ ਹਨ। ਮਜਬੂਰੀ ਵਿਚ ਕੀਤਾ ਜਾ ਰਿਹਾ ਪਰਵਾਸ ਆਪਣੇ ਆਪ ਨਾਲ ਹਿੰਸਾ ਕਰਨ ਦੇ ਬਰਾਬਰ ਹੁੰਦਾ ਹੈ। ਵਿਰੋਧਾਭਾਸ ਇਹ ਹੈ ਕਿ ਇਹ ਹਿੰਸਾ ਬਾਹਰ ਤੋਂ ਬਹੁਤ ਚਮਕ-ਦਮਕ ਵਾਲੀ ਦਿਖਾਈ ਦਿੰਦੀ ਹੈ; ਪੀੜਤਾਂ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਸੂਖ਼ਮ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਹਜ਼ਾਰਾਂ ਪਰਿਵਾਰ ਇਸ ਅਦ੍ਰਿਸ਼ ਹਿੰਸਾ ਦੇ ਜ਼ਖ਼ਮਾਂ ਨੂੰ ਸਹਿ ਰਹੇ ਹਨ।
ਇਸ ਸਭ ਕੁਝ ਦੇ ਬਾਵਜੂਦ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਪੰਜਾਬ ਵਿਚ ਹੀ ਰਹਿਣਾ ਹੈ। ਜਾਨ ਮਿਰਡਲ ਨੇ 1960-70ਵਿਆਂ ਵਿਚ ਭਾਰਤ ਵਿਚ ਉਗਮੇ ਨਕਸਲੀ ਵਿਦਰੋਹ ਬਾਰੇ ਕਿਹਾ ਸੀ ਕਿ ਇਸ ਵਿਦਰੋਹ ਵਿਚ ਹਿੱਸਾ ਲੈਣਾ ਭਾਰਤ ਵਿਚ ਰਹਿਣ ਤੋਂ ਉਪਜਦੀ ਪੀੜ ਨੂੰ ਸਵੀਕਾਰ ਕਰਨਾ ਸੀ। ਅੱਜ ਦੇ ਪੰਜਾਬ ਵਿਚ ਰਹਿਣ ਤੇ ਇਸ ਦੇ ਭਵਿੱਖ ਵਿਚ ਵਿਸ਼ਵਾਸ ਰੱਖਣ ਵਾਲੇ ਪੰਜਾਬੀਆਂ ਨੂੰ ਵੀ ਇਸ ਭੋਇੰ ਦੀ ਪੀੜ ਤੇ ਦੁੱਖ ਨੂੰ ਸਵੀਕਾਰ ਕਰਨਾ ਪੈਣਾ ਹੈ। ਪੀੜ ਤੇ ਦੁੱਖ ਨੂੰ ਸਵੀਕਾਰ ਕਰਨ ‘ਚੋਂ ਹੀ ਲੜਨ ਦੀ ਹਿੰਮਤ ਪੈਦਾ ਹੁੰਦੀ ਹੈ।
ਕਿਸਾਨ ਅੰਦੋਲਨ ਸਰਕਾਰ ਅਤੇ ਕਾਰਪੋਰੇਟ-ਸੰਸਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਦੇ ਸੰਕਟ ਨੂੰ ਸਮਝਣ ਤੇ ਸਵੀਕਾਰ ਕਰਨ ਤੋਂ ਬਾਅਦ ਹੀ ਉੱਭਰਿਆ ਸੀ।ਸੰਕਟ ਸੰਭਾਵਨਾਵਾਂ ਨੂੰ ਜਨਮ ਦਿੰਦੇ ਹਨ। ਪੰਜਾਬ ਅੱਜ ਵੀ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਇਹ ਸੰਭਾਵਨਾਵਾਂ ਪੰਜਾਬੀਆਂ ਦੇ ਸੰਘਰਸ਼ ਕਰਨ ਦੀ ਸਮਰੱਥਾ ਵਿਚ ਨਿਹਿਤ ਹਨ। ਜ਼ਰੂਰਤ ਹੈ ਕਿ ਇਨ੍ਹਾਂ ਸੰਘਰਸ਼ਾਂ ਨੂੰ ਆਪਣੇ ਟੀਚੇ ਪ੍ਰਾਪਤ ਕਰਨ ਦੇ ਨਾਲ ਨਾਲ ਸਰਕਾਰਾਂ ਤੇ ਪ੍ਰਸ਼ਾਸਨ ਦੀਆਂ ਨੀਤੀਆਂ ‘ਤੇ ਪ੍ਰਭਾਵ ਪਾਉਣ ਵਾਲੇ ਔਜ਼ਾਰ ਬਣਾਇਆ ਜਾਵੇ। ਅਜਿਹੇ ਸੰਘਰਸ਼ਾਂ ਲਈ ਵਿਆਪਕ ਲੋਕ-ਏਕੇ ਦੀ ਜ਼ਰੂਰਤ ਹੈ। ਦੁੱਖ ਤੇ ਪੀੜ ਨਾਲ ਦੋ-ਚਾਰ ਹੋ ਰਹੇ ਪੰਜਾਬ ਨੂੰ ਆਪਣੇ ਭਵਿੱਖ ਵਿਚ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਅਜਿਹੇ ਲੋਕ-ਏਕੇ ਵੱਲ ਵਧਣਾ ਹੀ ਪੈਣਾ ਹੈ।
(‘ਪੰਜਾਬੀ ਟ੍ਰਿਬਿਊਨ’ ਵਿਚੋਂ ਧੰਨਵਾਦ ਸਹਿਤ)