ਖਹਿਰਾ ਤੇ ਪਰਮਿੰਦਰ ਢੀਂਡਸਾ ਵੀ ਹੋਏ ਸ਼ਾਮਲ
‘ਆਪ’ ਤੇ ਅਕਾਲੀ ਦਲ ਰਿਹਾ ਧਰਨੇ ‘ਚੋਂ ਗੈਰਹਾਜ਼ਰ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਅੱਜ ਕੇਂਦਰ ਸਰਕਾਰ ਵਿਰੁੱਧ ਦਿੱਲੀ ਦੇ ਜੰਤਰ ਮੰਤਰ ‘ਤੇ ਧਰਨਾ ਦੇ ਕੇ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਘੇਰਿਆ। ਪੰਜਾਬ ਭਵਨ ਤੋਂ ਵਿਧਾਇਕ ਤੇ ਮੰਤਰੀ ਪੈਦਲ ਮਾਰਚ ਕਰਦੇ ਹੋਏ ਜੰਤਰ ਮੰਤਰ ਪੁੱਜੇ ਤੇ ਧਰਨੇ ‘ਤੇ ਬੈਠ ਗਏ। ਕੈਪਟਨ ਅਮਰਿੰਦਰ ਸਿੰਘ ਕੁੱਝ ਸੰਸਦ ਮੈਂਬਰਾਂ ਨਾਲ ਰਾਜਘਾਟ ਪੁੱਜੇ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਫੁੱਲ ਭੇਟ ਕੀਤੇ ਤੇ ਮਗਰੋਂ ਆ ਕੇ ਧਰਨੇ ‘ਤੇ ਬੈਠੇ। ਜ਼ਿਕਰਯੋਗ ਹੈ ਕਿ ‘ਆਪ’ ਤੇ ਅਕਾਲੀ ਵਿਧਾਇਕਾਂ ਨੂੰ ਛੱਡ ਕੇ ਵਿਰੋਧੀ ਧਿਰ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾ ਵੀ ਦਿੱਲੀ ਪਹੁੰਚੇ ਹੋਏ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਤੇ ਇਥੇ ਹਾਲਾਤ ਛੇਤੀ ਬਦਲ ਜਾਂਦੇ ਹਨ ਤੇ ਸਰਕਾਰ 1980 ਤੋਂ 1995 ਵਾਲੇ ਕਾਲੇ ਦੌਰ ਦੇ ਹਾਲਾਤ ਬਣਾਉਣ ਵਲ ਪੰਜਾਬ ਨੂੰ ਨਾ ਧੱਕੇ। ਸੁਖਪਾਲ ਖਹਿਰਾ ਨੇ ਕੇਂਦਰ ਸਰਕਾਰ ‘ਤੇ ਤਾਨਾਸ਼ਾਹੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜਘਾਟ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਜਾਪਦਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਾ ਹੋ ਕੇ ਕਿਸੇ ਬਾਹਰਲੇ ਮੁਲਕ ਦਾ ਹਿੱਸਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ। ਬੁਲਾਰਿਆਂ ਨੇ ਇਸ ਮੌਕੇ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ ਤੇ ਮਾਲ ਗੱਡੀਆਂ ਚਲਾਉਣ ਦੀ ਮੰਗ ਵੀ ਕੀਤੀ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …