4.5 C
Toronto
Saturday, February 28, 2026
spot_img
Homeਭਾਰਤਦਸ ਬੈਂਕ ਰਲੇਵੇਂ ਬਾਅਦ ਹੋਣਗੇ ਚਾਰ

ਦਸ ਬੈਂਕ ਰਲੇਵੇਂ ਬਾਅਦ ਹੋਣਗੇ ਚਾਰ

ਨਵੀਂ ਦਿੱਲੀ/ਬਿਊਰੋ ਨਿਊਜ਼
ਪਿਛਲੇ ਸੱਤ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਆਈ ਅਰਥਚਾਰੇ ਦੀ ਵਿਕਾਸ ਦਰ ਨੂੰ ਹੁਲਾਰਾ ਦੇਣ ਤੇ ਭਾਰਤੀ ਅਰਥਚਾਰੇ ਨੂੰ ਭਵਿੱਖ ਵਿੱਚ ਪੰਜ ਖਰਬ ਡਾਲਰ ਦੇ ਮੇਚ ਦਾ ਬਣਾਉਣ ਦੇ ਇਰਾਦੇ ਨਾਲ ਕੇਂਦਰ ਸਰਕਾਰ ਨੇ ਦਸ ਸਰਕਾਰੀ ਬੈਂਕਾਂ ਦਾ ਰਲੇਵਾਂ ਕਰਕੇ ਚਾਰ ਸਰਕਾਰੀ ਬੈਂਕ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਵਿੱਤ ਮੰਤਰਾਲੇ ਨੇ ਬੈਂਕਿੰਗ ਸੈਕਟਰ ਵਿੱਚ ਅਹਿਮ ਸੁਧਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਮੁੱਖ ਮਕਸਦ ਸਰਕਾਰੀ ਮਾਲਕੀ ਵਾਲੇ ਬੈਂਕਾਂ ਦੀ ਗਿਣਤੀ ਨੂੰ ਘਟਾਉਣਾ ਤੇ ਇਨ੍ਹਾਂ ਨੂੰ ਆਲਮੀ ਪੱਧਰ ‘ਤੇ ਮਜ਼ਬੂਤ ਕਰਨਾ ਹੈ। ਉਂਜ ਸਰਕਾਰ ਨੇ ਦਾਅਵਾ ਕੀਤਾ ਕਿ ਬੈਂਕਾਂ ਦੇ ਰਲੇਵੇਂ ਮਗਰੋਂ ਕਿਸੇ ਵੀ ਮੁਲਾਜ਼ਮ ਦੀ ਛਾਂਟੀ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਬੈਂਕਾਂ ਦੀਆਂ ਬੋਰਡ ਕਮੇਟੀਆਂ ਨੂੰ ਵਧੇਰੇ ਖ਼ੁਦਮੁਖ਼ਤਾਰੀ ਦੇਣ ਦੀ ਵੀ ਪੈਰਵੀ ਕੀਤੀ ਹੈ। ਪਿਛਲੇ ਹਫ਼ਤੇ ਆਟੋ ਤੇ ਹਾਊਸਿੰਗ ਸਮੇਤ ਵੱਖ ਵੱਖ ਸੈਕਟਰਾਂ ਵਿੱਚ ਟੈਕਸ ਰਾਹਤਾਂ ਤੇ ਹੋਰ ਉਪਾਆਂ ਦਾ ਐਲਾਨ ਕਰਨ ਵਾਲੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਿਨ੍ਹਾਂ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ, ਉਨ੍ਹਾਂ ਵਿੱਚ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੂੰ ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਨਾਲ ਜੋੜ ਦਿੱਤਾ ਗਿਆ ਹੈ। ਰਲੇਵੇਂ ਮਗਰੋਂ ਤਿੰਨ ਬੈਂਕਾਂ ਦਾ ਇਹ ਸਮੂਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਏਗਾ। ਹੋਰਨਾਂ ਬੈਂਕਾਂ ਵਿੱਚ ਕੇਨਰਾ ਬੈਂਕ ਦਾ ਸਿੰਡੀਕੇਟ ਬੈਂਕ ਨਾਲ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਦਾ ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਨਾਲ ਰਲੇਵਾਂ ਹੋਵੇਗਾ ਜਦੋਂਕਿ ਇੰਡੀਆ ਬੈਂਕ ਤੇ ਅਲਾਹਾਬਾਦ ਬੈਂਕ ਇਕ ਹੋਣਗੇ। ਰਲੇਵੇਂ ਦੇ ਇਸ ਅਮਲ ਦੇ ਹੋਂਦ ਵਿੱਚ ਆਉਣ ਮਗਰੋਂ ਕੌਮੀਕ੍ਰਿਤ ਸਰਕਾਰੀ ਬੈਂਕਾਂ ਦੀ ਗਿਣਤੀ ਘੱਟ ਕੇ 12 ਰਹਿ ਜਾਵੇਗੀ। ਦੋ ਸਾਲ (2017) ਪਹਿਲਾਂ ਇਹ ਗਿਣਤੀ 27 ਸੀ। ਸਰਕਾਰ ਮੁਤਾਬਕ ਇਸ ਫੈਸਲੇ ਨਾਲ ਬੈਂਕਾਂ ਦੀ ਬੈਲੈਂਸ ਸ਼ੀਟ ਮਜ਼ਬੂਤ ਹੋਵੇਗੀ ਤੇ ਬੈਂਕ ਕਰਜ਼ੇ ਦੇ ਰੂਪ ਵਿੱਚ ਮੋਟਾ ਪੈਸ ਦੇਣ ਦੇ ਸਮਰੱਥ ਹੋ ਜਾਣਗੇ।
ਵਿੱਤ ਮੰਤਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਬੀਸੀ ਤੇ ਯੂਨਾਈਟਿਡ ਬੈਂਕ ਦਾ ਪੰਜਾਬ ਨੈਸ਼ਨਲ ਬੈਂਕ ਨਾਲ ਰਲੇਵੇਂ ਮਗਰੋਂ ਜਿਹੜਾ ਬੈਂਕ ਦਾ ਕੁੱਲ ਕਾਰੋਬਾਰ 17.95 ਲੱਖ ਕਰੋੜ ਨੂੰ ਪੁੱਜ ਜਾਵੇਗਾ ਤੇ ਬੈਂਕ ਦੀਆਂ 11,437 ਸ਼ਾਖਾਵਾਂ ਹੋਣਗੀਆਂ। ਇਸੇ ਤਰ੍ਹਾਂ ਸਿੰਡੀਕੇਟ ਬੈਂਕ ਤੇ ਕੇਨਰਾ ਬੈਂਕ ਦੇ ਇਕ ਹੋਣ ਮਗਰੋਂ 15.20 ਲੱਖ ਕਰੋੜ ਦੇ ਕਾਰੋਬਾਰ ਤੇ 10,324 ਸ਼ਾਖਾਵਾਂ ਦੇ ਨੈੱਟਵਰਕ ਨਾਲ ਉਹ ਦੇਸ਼ ਦਾ ਚੌਥਾ ਸਭ ਤੋਂ ਵੱਡਾ ਸਰਕਾਰੀ ਬੈਂਕ ਬਣ ਜਾਵੇਗਾ। ਉਧਰ ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਦੇ ਯੂਨੀਅਨ ਬੈਂਕ ਨਾਲ ਰਲੇਵੇਂ ਮਗਰੋਂ ਉਹ ਇਸ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਕਾਬਜ਼ ਹੋਣਗੇ। ਬੈਂਕ ਦਾ 9609 ਬਰਾਂਚਾਂ ਨਾਲ ਕੁੱਲ ਕਾਰੋਬਾਰ 14.59 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪੁੱਜ ਜਾਵੇਗਾ। ਅਲਾਹਾਬਾਦ ਬੈਂਕ ਦੇ ਇੰਡੀਅਨ ਬੈਂਕ ਵਿੱਚ ਸ਼ਾਮਲ ਹੋਣ ਨਾਲ ਉਹ 8.08 ਲੱਖ ਕਰੋੜ ਦੇ ਕਾਰੋਬਾਰ ਨਾਲ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਰਹਿਣਗੇ। ਰਲੇਵੇਂ ਇਨ੍ਹਾਂ ਬੈਂਕਾਂ ਦਾ ਮੁਲਕ ਦੇ ਦੱਖਣੀ, ਉੱਤਰੀ ਤੇ ਪੂਰਬੀ ਹਿੱਸੇ ਵਿੱਚ ਸ਼ਾਖਾਵਾਂ ਪੱਖੋਂ ਮਜ਼ਬੂਤ ਤਾਣਾ ਬਾਣਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕ ਆਫ਼ ਇੰਡੀਆ ਤੇ ਸੈਂਟਰਲ ਬੈਂਕ ਆਫ਼ ਇੰਡੀਆ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ। ਸਰਕਾਰ ਨੇ ਪਿਛਲੇ ਸਾਲ ਦੇਨਾ ਬੈਂਕ ਤੇ ਵਿਜਯਾ ਬੈਂਕ ਦਾ ਬੈਂਕ ਆਫ਼ ਬੜੌਦਾ ਨਾਲ ਰਲੇਵਾਂ ਕਰ ਦਿੱਤਾ ਸੀ। ਵਿੱਤ ਮੰਤਰੀ ਨੇ ਇਸ ਮੌਕੇ ਸਰਕਾਰੀ ਖੇਤਰ ਦੇ ਬੈਂਕਾਂ ਵਿੱਚ ਕਈ ਪ੍ਰਬੰਧਕੀ ਸੁਧਾਰਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਬੋਰਡਾਂ ਨੂੰ ਖੁਦ ਮੁਖ਼ਤਾਰ ਬਣਾਉਂਦਿਆਂ ਪੂਰੇ ਅਧਿਕਾਰ ਦਿੱਤੇ ਜਾਣਗੇ ਤਾਂ ਕਿ ਉਹ ਆਪਣੇ ਰਲੇਵੇਂ ਸਬੰਧੀ ਵਿਉਂਤਬੰਦੀ ਕਰ ਸਕਣ। ਵਿੱਤ ਮੰਤਰੀ ਨੇ ਕਿਹਾ, ‘ਬੋਰਡ ਪ੍ਰਬੰਧਨ ਦੀ ਜਵਾਬਦੇਹੀ ਤੈਅ ਕਰਨ ਲਈ ਕੌਮੀਕ੍ਰਿਤ ਬੈਂਕਾਂ ਦੀ ਬੋਰਡ ਕਮੇਟੀ ਜਨਰਲ ਮੈਨੇਜਰ ਤੇ ਪ੍ਰਬੰਧਕੀ ਨਿਰਦੇਸ਼ਕ ਸਮੇਤ ਇਸ ਤੋਂ ਉਪਰਲੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰੇਗੀ।’ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰੀ ਬੈਂਕਾਂ ਦੇ ਮੁਨਾਫ਼ੇ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ ਤੇ ਵੱਟੇ ਖਾਤੇ ਪਏ (ਕਰਜ਼ੇ ਜਿਹੜੇ ਨਹੀਂ ਮੁੜੇ) ਅਸਾਸਿਆਂ ਕਰਕੇ ਪਏ ਘਾਟੇ ਵਿੱਚ ਮਾਰਚ 2019 ਤਕ ਕੁੱਲ ਮਿਲਾ ਕੇ 7.9 ਲੱਖ ਕਰੋੜ ਰੁਪਏ ਦਾ ਨਿਘਾਰ ਆਇਆ ਹੈ। ਦਸੰਬਰ 2018 ਵਿੱਚ ਇਹ ਅੰਕੜਾ 8.65 ਲੱਖ ਕਰੋੜ ਸੀ। ਉਨ੍ਹਾਂ ਕਿਹਾ ਕਿ ਆਰਜ਼ੀ ਕਰੈਡਿਟ ਗਾਰੰਟੀ ਸਕੀਮ ਦੇ ਅਮਲ ਵਿੱਚ ਆਉਣ ਨਾਲ ਐੱਨਬੀਐੱਫਸੀ ਤੇ ਹਾਊਸਿੰਗ ਫਾਇਨਾਂਸ ਕੰਪਨੀਆਂ ਨੂੰ ਪੈਸੇ ਦੇ ਵਹਾਅ ਦੇ ਰੂਪ ਵਿੱਚ ਦਿੱਤੀ ਜਾਦੀ ਮਦਦ ‘ਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ।
ਵਣਜ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਆਰਬੀਆਈ ਵੱਲੋਂ ਅਜੇ ਵੀ ਵਾਧੂ ਪੈਸਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਆਰਬੀਆਈ ਵੱਲੋਂ ਆਪਣੇ ਰਾਖਵੇਂ ਵਾਧੂ ਫੰਡਾਂ ‘ਚੋਂ ਸਰਕਾਰ ਨੂੰ ਮਹਿਜ਼ 52,637 ਕਰੋੜ ਰੁਪਏ ਤਬਦੀਲ ਕਰਨ ਦਾ ਫ਼ੈਸਲਾ ‘ਕੁੱਲ ਮਿਲਾ ਕੇ ਨਾਕਾਫੀ’ ਹੈ। ਵਿਕਾਸ ਦਰ ਨੂੰ ਹੁਲਾਰੇ ਲਈ ਅਜੇ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ।
ਸਰਕਾਰ ਦਾ ਫ਼ੈਸਲਾ ਤਰਕਹੀਣ: ਬੈਂਕ ਯੂਨੀਅਨਾਂ
ਮੁੰਬਈ: ਬੈਂਕ ਯੂਨੀਅਨਾਂ ਨੇ ਬੈਂਕਾਂ ਦੇ ਰਲੇਵੇਂ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਤਰਕਹੀਣ ਤੇ ਬੇਦਲੀਲਾ ਹੈ। ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ ਵੱਲੋਂ ਇਕ ਬਿਆਨ ਵਿੱਚ ਰਲੇਵੇਂ ਦੇ ਫ਼ੈਸਲੇ ਨੂੰ ਤਰਕਹੀਣ ਕਰਾਰ ਦਿੱਤਾ ਹੈ। ਯੂਨੀਅਨਾਂ ਨੇ ਕਿਹਾ ਕਿ ਯੂਨਾਈਟਿਡ ਬੈਂਕ, ਜਿਸ ਦਾ ਹੈੱਡਕੁਆਰਟਰ ਕੋਲਕਾਤਾ ‘ਚ ਹੈ, ਨੂੰ ਦਿੱਲੀ ਅਧਾਰਿਤ ਪੰਜਾਬ ਨੈਸ਼ਨਕ ਬੈਂਕ ਨਾਲ ਜੋੜ ਦਿੱਤਾ ਗਿਆ ਹੈ।
ਦੇਸ਼ ਵਿੱਚ ਵਿੱਤੀ ਐਮਰਜੈਂਸੀ ਐਲਾਨੀ ਜਾਵੇ: ਕਾਂਗਰਸ
ਸਰਕਾਰ ਵੱਲੋਂ ਦਸ ਸਰਕਾਰੀ ਬੈਂਕਾਂ ਦੇ ਰਲੇਵੇਂ ਦੇ ਐਲਾਨ ਤੋਂ ਮਗਰੋਂ ਕਾਂਗਰਸ ਨੇ ਕਿਹਾ ਕਿ ਮੁਲਕ ‘ਚ ਵਿੱਤੀ ਐਮਰਜੈਂਸੀ ਐਲਾਨੀ ਜਾਵੇ। ਕਾਂਗਰਸ ਨੇ ਮੰਗ ਕੀਤੀ ਕਿ ‘ਅਰਥਚਾਰੇ ਦੇ ਸੁੰਗੜਨ ਤੇ ਧੋਖਾਧੜੀ ਵਧਣ’ ਨੂੰ ਲੈ ਕੇ ਸਰਕਾਰ ਸ਼ਵੇਤ ਪੱਤਰ ਜਾਰੀ ਕਰੇ। ਪਾਰਟੀ ਤਰਜਮਾਨਾਂ ਜੈਵੀਰ ਸ਼ੇਰਗਿੱਲ ਤੇ ਗੌਰਵ ਵੱਲਭ ਨੇ ਭਾਜਪਾ ਸਰਕਾਰ ‘ਤੇ ਦੇਸ਼ ਦੇ ਅਰਥਚਾਰੇ ਤੇ ਬੈਂਕਿੰਗ ਪ੍ਰਬੰਧ ਦੀ ਸਾਖ਼ ਨੂੰ ਤਬਾਹ ਕਰਨ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਸਰਕਾਰ, ਜਾਣ ਬੁਝ ਕੇ ਕਰਜ਼ੇ ਮੋੜਨ ਤੋਂ ਇਨਕਾਰੀ ਲੋਕਾਂ ਦੇ ਨਾਂ ਤੇ ਵੱਟੇ ਖਾਤੇ ਪਏ ਅਸਾਸਿਆਂ/ਡੁੱਬੇ ਕਰਜ (ਐੱਨਪੀਏ’ਜ਼) ਬਾਰੇ ਤਫ਼ਸੀਲ ਜਨਤਕ ਕਰੇ।
ਪ੍ਰਿਯੰਕਾ ਨੇ ਕੇਂਦਰ ਨੂੰ ਘੇਰਿਆ
ਨਵੀਂ ਦਿੱਲੀ: ਵਿੱਤੀ ਸਾਲ 2018-19 ਦੀ ਭਾਰਤੀਆ ਰਿਜ਼ਰਵ ਬੈਂਕ ਦੀ ਆਈ ਰਿਪੋਰਟ ਵਿੱਚ ਬੈਂਕ ਘੁਟਾਲੇ 15 ਫੀਸਦੀ ਤੱਕ ਵਧ ਜਾਣ ਦਾ ਪ੍ਰਗਟਾਵਾ ਹੋਣ ਬਾਅਦ ਕਾਂਗਰਸ ਦੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਸਰਕਾਰ ਉੱਤੇ ਹੱਲਾ ਬੋਲਦਿਆਂ ਕਿਹਾ ਹੈ ਕਿ ਅਜਿਹੇ ਵੱਡੇ ਬੈਂਕ ਘੁਟਾਲੇ ਕਰਨ ਦੀ ਆਗਿਆ ਦੇਣ ਪਿੱਛੇ ਗਾਰੰਟਰ ਕੌਣ ਹੈ।

RELATED ARTICLES
POPULAR POSTS