
ਨਵੀਂ ਦਿੱਲੀ/ਬਿਊਰੋ ਨਿਊਜ਼
ਗੰਭੀਰ ਚੱਕਰਵਾਤੀ ਤੂਫਾਨ ‘ਅਰਨਬ’ ਦੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਪ੍ਰਕਿਰਿਆ ਦੇ ਅੰਤਿਮ ਪੜਾਅ ਵਿਚ ਪਹੁੰਚਣ ਨਾਲ ਸੂਬੇ ਦੇ ਤੱਟਵਰਤੀ ਖੇਤਰਾਂ ਵਿਚ ਭਾਰੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰ ਵਿਚ ਉਠਦੀਆਂ ਉਚੀਆਂ ਲਹਿਰਾਂ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੌਸਮ ਵਿਭਾਗ ਦੇ ਮੁਤਾਬਕ ਤੂਫਾਨ ਦਾ ਕੇਂਦਰ ਆਂਧਰਾ ਪ੍ਰਦੇਸ਼ ਅਤੇ ਯਾਨਮ ਦੇ ਤੱਟਾਂ ਨੇੜੇ ਸਥਿਤ ਹੈ। ਅਮਰਾਵਤੀ ਮੌਸਮ ਵਿਭਾਗ ਦੀ ਡਾਇਰੈਕਟਰ ਡਾ. ਕੇ. ਨਾਗਰਤਨਾ ਨੇ ਦੱਸਿਆ ਕਿ ਤੱਟਵਰਤੀ ਇਲਾਕਿਆਂ ਵਿਚ 125 ਤੋਂ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚਲੀਆਂ ਹਨ। ਕਾਕੀਨਾਡਾ ਅਤੇ ਯਾਨਮ ਤੱਟਾਂ ’ਤੇ ਸਮੁੰਦਰ ਵਿਚ 2.5 ਮੀਟਰ ਤੱਕ ਉਚੀਆਂ ਲਹਿਰਾਂ ਉਠ ਰਹੀਆਂ ਹਨ, ਜਿਸ ਨਾਲ ਹੇਠਲੇ ਇਲਾਕਿਆਂ ਵਿਚ ਸਮੁੰਦਰੀ ਪਾਣੀ ਭਰਨ ਦਾ ਖਤਰਾ ਬਣ ਗਿਆ ਹੈ। ਤੂਫਾਨ ਦੇ ਚੱਲਦਿਆਂ ਵਿਸ਼ਾਖਾਪਟਨਮ, ਵਿਜੇਵਾੜਾ ਅਤੇ ਰਾਜਮੁੰਦਰੀ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਮੌਸਮ ਵਿਭਾਗ ਨੇ ਲੋਕਾਂ ਨੂੰ ਆਪਣੇ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ ਅਤੇ ਬਿਜਲੀ ਦੇ ਖੰਭਿਆਂ ਜਾਂ ਵੱਡੇ ਦਰੱਖਤਾਂ ਹੇਠਾਂ ਖੜ੍ਹੇ ਹੋਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।

