ਖੇਤੀ ਕਾਨੂੰਨਾਂ ਖਿਲਾਫ ਰਾਜ ਸਭਾ ਤੇ ਲੋਕ ਸਭਾ ’ਚ ਉਠੀ ਆਵਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਮਾਨਸੂਨ ਸੈਸ਼ਨ ਅੱਜ 19 ਜੁਲਾਈ ਤੋਂ ਸ਼ੁਰੂ ਹੋ ਗਿਆ ਅਤੇ ਪਹਿਲੇ ਹੀ ਦਿਨ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਰਾਜ ਸਭਾ ਤੇ ਲੋਕ ਸਭਾ ਵਿਚ ਆਵਾਜ਼ ਉਠੀ। ਇਸੇ ਦੌਰਾਨ ਕਿਸਾਨਾਂ ਦੇ ਮਾਮਲੇ ’ਤੇ ਰਾਜ ਸਭਾ ਪਹਿਲੇ ਦਿਨ ਹੀ ਮੁਲਤਵੀ ਹੋ ਗਈ ਹੈ। ਧਿਆਨ ਰਹੇ ਕਿ ਖੇਤੀ ਕਾਨੂੰਨਾਂ ਖਿਲਾਫ ਉਠ ਰਹੀ ਆਵਾਜ਼ ਕਾਰਨ ਸਦਨ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਲੈ ਕੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਮੰਤਰੀਆਂ ਦੇ ਬਾਰੇ ਦੱਸਣਾ ਜਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਵਿਚ ਨਵੇਂ ਮੰਤਰੀਆਂ ਦੀ ਜਾਣ-ਪਛਾਣ ਕਰਵਾਏ ਜਾਣ ਦੌਰਾਨ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ।
ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਕਾਂਗਰਸ ਸਣੇ ਕੁਝ ਹੋਰ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾਂ ਸੇਧਦਿਆਂ ਕਿਹਾ ਕਿ ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਦਲਿਤ, ਕਬਾਇਲੀ, ਹੋਰ ਪੱਛੜੀਆਂ ਸ਼੍ਰੇਣੀਆਂ ਤੇ ਮਹਿਲਾ ਮੰਤਰੀਆਂ ਦੀ ਜਾਣ-ਪਛਾਣ ਇੱਥੇ ਕਰਵਾਈ ਜਾਵੇ। ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਨਵੇਂ ਮੰਤਰੀਆਂ ਦੀ ਜਾਣ-ਪਛਾਣ ਕਰਵਾਉਣ ਲਈ ਪ੍ਰਧਾਨ ਮੰਤਰੀ ਜਿਵੇਂ ਹੀ ਖੜ੍ਹੇ ਹੋਏ, ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਸ਼ਾਂਤ ਹੋਣ ਦੀਆਂ ਵਾਰ-ਵਾਰ ਅਪੀਲਾਂ ਕਰਦੇ ਰਹੇ।
ਇਸੇ ਦੌਰਾਨ ਲੋਕ ਸਭਾ ਸੰਸਦ ਮੈਂਬਰ ਡਾ. ਅਮਰ ਸਿੰਘ ਦਾ ਕਹਿਣਾ ਹੈ ਕਿ ਪੰਜਾਬੀਆਂ ਦੀ ਕੁਰਬਾਨੀ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਵਿਰੋਧੀ, ਮਜਦੂਰ ਵਿਰੋਧੀ ਅਤੇ ਆੜ੍ਹਤੀਆ ਵਿਰੋਧੀ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਸਦਨ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ।