-13.4 C
Toronto
Saturday, January 24, 2026
spot_img
Homeਭਾਰਤਬਹੁਜਨ ਸਮਾਜ ਪਾਰਟੀ ਇਕੱਲਿਆਂ ਲੜੇਗੀ ਲੋਕ ਸਭਾ ਚੋਣਾਂ

ਬਹੁਜਨ ਸਮਾਜ ਪਾਰਟੀ ਇਕੱਲਿਆਂ ਲੜੇਗੀ ਲੋਕ ਸਭਾ ਚੋਣਾਂ

ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ‘ਚ ਸ਼ਾਮਲ ਨਹੀਂ ਹੋਵਾਂਗੇ: ਮਾਇਆਵਤੀ
‘ਇੰਡੀਆ’ ਗੱਠਜੋੜ ਦੀਆਂ ਉਮੀਦਾਂ ਟੁੱਟੀਆਂ
ਨਵੀਂ ਦਿੱਲੀ: ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਨਾਲ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਅਤੇ ਕਾਂਗਰਸ ਨੂੰ ਝਟਕਾ ਲੱਗਾ ਹੈ ਜੋ ਉਸ ਨੂੰ ਆਪਣੇ ਨਾਲ ਰਲਾਉਣਾ ਚਾਹੁੰਦੇ ਸਨ। ਹੁਣ ਸਾਰੀਆਂ ਗ਼ੈਰ-ਭਾਜਪਾਈ ਤਾਕਤਾਂ ਦੀਆਂ ਉਮੀਦਾਂ ‘ਤੇ ਪਾਣੀ ਪੈ ਗਿਆ ਹੈ ਜੋ ਭਾਜਪਾ ਖਿਲਾਫ ਮਜ਼ਬੂਤ ਵਿਰੋਧੀ ਧਿਰ ਖੜ੍ਹਾ ਕਰਨਾ ਚਾਹੁੰਦੀਆਂ ਸਨ। ਬਸਪਾ ਦੇ ਗੱਠਜੋੜ ‘ਚ ਬਾਹਰ ਰਹਿਣ ਨਾਲ ਅਹਿਮ ਸੂਬੇ ਉੱਤਰ ਪ੍ਰਦੇਸ਼ ‘ਚ ਤੀਜੀ ਤਾਕਤ ਦੇ ਉਭਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਵੀ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਉੱਤਰ ਪ੍ਰਦੇਸ਼ ‘ਚ ਸਾਰੀਆਂ ਧਰਮਨਿਰਪੱਖ ਹਮਖਿਆਲੀ ਪਾਰਟੀਆਂ ਨੂੰ ਇਕੱਠਾ ਕਰਨ ‘ਚ ਨਾਕਾਮ ਰਹੀ ਹੈ। ਆਂਧਰਾ ਪ੍ਰਦੇਸ਼ ‘ਚ ਵਾਈਐੱਸਆਰ ਕਾਂਗਰਸ ਪਾਰਟੀ, ਤਿਲੰਗਾਨਾ ‘ਚ ਭਾਰਤ ਰਾਸ਼ਟਰ ਸਮਿਤੀ ਅਤੇ ਉੜੀਸਾ ‘ਚ ਬੀਜੂ ਜਨਤਾ ਦਲ ਨੇ ਪਹਿਲਾਂ ਹੀ ਵੱਖਰੇ ਤੌਰ ‘ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਹੈ ਜਦਕਿ ਕਰਨਾਟਕ ‘ਚ ਜੇਡੀਐੱਸ ਨੇ ਭਾਜਪਾ ਨਾਲ ਰਲ ਕੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਲਿਆ ਹੈ।
ਅਕਾਲੀਆਂ ਨੂੰ ਸਾਂਝ ਟੁੱਟਣ ਦਾ ਡਰ ਸਤਾਉਣ ਲੱਗਿਆ
ਅਕਾਲੀ ਆਗੂਆਂ ਨੂੰ ਇਹ ਵੀ ਡਰ ਸਤਾਉਣ ਲੱਗਾ ਹੈ ਕਿ ਭਾਜਪਾ ਨਾਲ ਜੇਕਰ ਮੁੜ ਸਾਂਝ ਨਾ ਪਈ ਤੇ ਕਿਤੇ ਬਸਪਾ ਨਾਲ ਵੀ ਸਾਂਝ ਨਾ ਟੁੱਟ ਜਾਵੇ। ਜ਼ਿਕਰਯੋਗ ਹੈ ਕਿ 1996 ਦੀਆਂ ਸੰਸਦੀ ਚੋਣਾਂ ਵੀ ਅਕਾਲੀ ਦਲ ਅਤੇ ਬਸਪਾ ਨੇ ਗੱਠਜੋੜ ਤਹਿਤ ਲੜੀਆਂ ਸਨ। ਚੋਣਾਂ ਜਿੱਤਣ ਤੋਂ ਤੁਰੰਤ ਬਾਅਦ ਅਕਾਲੀਆਂ ਨੇ ਭਾਜਪਾ ਨਾਲ ਸਿਆਸੀ ਸਾਂਝ ਪਾ ਲਈ ਸੀ। ਅਕਾਲੀਆਂ ਦੀ ਸਿਆਸੀ ਸਾਂਝ ਭਾਜਪਾ ਨਾਲ ਸਾਲ 2021 ਤੱਕ ਚੱਲੀ ਅਤੇ ਖੇਤੀ ਕਾਨੂੰਨਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਟੁੱਟ ਗਿਆ ਸੀ।
ਅਕਾਲੀਆਂ ਨੂੰ ਅਕਾਲੀ-ਬਸਪਾ ਗੱਠਜੋੜ ਕਾਇਮ ਰਹਿਣ ਦੀ ਉਮੀਦ
ਬਸਪਾ ਸੁਪਰੀਮੋ ਵੱਲੋਂ ਸੰਸਦੀ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਨੇ ਗੱਠਜੋੜ ‘ਤੇ ਲਾਇਆ ਪ੍ਰਸ਼ਨ ਚਿੰਨ੍ਹ
ਚੰਡੀਗੜ੍ਹ/ਬਿਊਰੋ ਨਿਊਜ਼ : ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਵੱਲੋਂ ਸੰਸਦੀ ਚੋਣਾਂ ਦੌਰਾਨ ਦੇਸ਼ ਵਿੱਚ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਾ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਵਿਚਲੇ ਅਕਾਲੀ-ਬਸਪਾ ਗੱਠਜੋੜ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਮਾਇਆਵਤੀ ਦੇ ਐਲਾਨ ਤੋਂ ਬਾਅਦ ਬਸਪਾ ਦੀ ਸੂਬਾਈ ਲੀਡਰਸ਼ਿਪ ਕੋਈ ਵੀ ਟਿੱਪਣੀ ਨਹੀਂ ਕਰ ਰਹੀ ਜਦੋਂ ਕਿ ਅਕਾਲੀਆਂ ਦਾ ਕਹਿਣਾ ਹੈ ਕਿ ਅਕਾਲੀ-ਬਸਪਾ ਗੱਠਜੋੜ ਕਾਇਮ ਰਹੇਗਾ। ਇਸ ਦੇ ਨਾਲ ਹੀ ਅਹਿਮ ਤੱਥ ਇਹ ਵੀ ਹੈ ਕਿ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ ਦਾ ਹਿੱਸਾ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਕੁਮਾਰੀ ਮਾਇਆਵਤੀ ਦਾ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਆਗਾਮੀ ਸੰਸਦੀ ਚੋਣਾਂ ਦੌਰਾਨ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਜਾਂ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਨਾਲ ਸਾਂਝ ਪਾਉਣ ਦੀ ਥਾਂ ਇਕੱਲਿਆਂ ਹੀ ਚੋਣਾਂ ਲੜੇਗੀ।
ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਬਸਪਾ ਪ੍ਰਧਾਨ ਦੇ ਇਸ ਐਲਾਨ ਨਾਲ ਅਕਾਲੀ-ਬਸਪਾ ਗੱਠਜੋੜ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਜਾਂ ਭਾਜਪਾ ਦੀ ਅਗਵਾਈ ਵਾਲੇ ਕਿਸੇ ਵੀ ਗੱਠਜੋੜ ਦਾ ਹਿੱਸਾ ਨਹੀਂ ਹੈ। ਇਸ ਲਈ ਪੰਜਾਬ ਵਿੱਚ ਦੋਹਾਂ ਪਾਰਟੀਆਂ ਵੱਲੋਂ ਸਾਂਝੇ ਤੌਰ ‘ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਇਸ ਦੇ ਨਾਲ ਹੀ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸਮੇਤ ਹੋਰਨਾਂ ਆਗੂਆਂ ਵੱਲੋਂ ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਨਜ਼ਰਅੰਦਾਜ਼ ਕਰਨ ਦੇ ਆਰੋਪ ਲਾਏ ਜਾ ਰਹੇ ਹਨ। ਅਕਾਲੀਆਂ ਵੱਲੋਂ ਗੱਠਜੋੜ ਬਚਾਉਣ ਲਈ ਬਸਪਾ ਲੀਡਰਸ਼ਿਪ ਨਾਲ ਤਾਲਮੇਲ ਵੀ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਸਾਂਝ ਪਾਈ ਸੀ। ਦੋਹਾਂ ਪਾਰਟੀਆਂ ਨੇ ਵਿਧਾਨ ਸਭਾ ਦੀਆਂ ਆਮ ਚੋਣਾਂ ਇਕੱਠਿਆਂ ਲੜੀਆਂ ਸੀ। ਉਸ ਤੋਂ ਬਾਅਦ ਸੰਗਰੂਰ ਅਤੇ ਜਲੰਧਰ ਸੰਸਦੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਵੀ ਬਸਪਾ ਨੇ ਅਕਾਲੀਆਂ ਦਾ ਸਾਥ ਦਿੱਤਾ ਸੀ। ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਮੁੜ ਤੋਂ ਸੁਰਜੀਤ ਹੋਣ ਦੀਆਂ ਅਫ਼ਵਾਹਾਂ ਦਾ ਦੌਰ ਚੱਲ ਰਿਹਾ ਹੈ। ਇਸ ਮਾਹੌਲ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਗੂ ਨਜ਼ਰਅੰਦਾਜ਼ ਮਹਿਸੂਸ ਕਰਨ ਲੱਗੇ ਹਨ। ਸੰਸਦੀ ਚੋਣਾਂ ਸਿਰ ‘ਤੇ ਹਨ ਪਰ ਅਕਾਲੀ ਦਲ ਨੇ ਹੁਣ ਤੱਕ ਬਸਪਾ ਨਾਲ ਸੀਟਾਂ ਦੀ ਵੰਡ ਵੀ ਨਹੀਂ ਕੀਤੀ।

RELATED ARTICLES
POPULAR POSTS