ਮਨੀਪੁਰ ਹਿੰਸਾ ਮਾਮਲੇ ਦੀ ਜਾਂਚ ਰਿਟਾਇਰਡ ਜੱਜ ਤੋਂ ਕਰਵਾਉਣ ਦੀ ਕੀਤੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਅੱਠ ਮੈਂਬਰੀ ਵਫ਼ਦ ਨੇ ਅੱਜ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਅਗਵਾਈ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਰਾਸ਼ਟਰਪਤੀ ਮੁਰਮੂ ਨੂੰ ਮਨੀਪੁਰ ਹਿੰਸਾ ਸਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਸੌਂਪੇ ਇਸ ਸਾਰੇ ਮਾਮਲੇ ਦੀ ਜਾਂਚ ਕਿਸੇ ਰਿਟਾਇਰਡ ਜੱਜ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਅਤੇ ਮੰਗ ਪੱਤਰ ਸੌਂਪਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੀਡੀਆ ਨੂੰ ਦੱਸਿਆ ਕਿ ਸਾਡਾ ਵਫਦ ਮਨੀਪੁਰ ਹਿੰਸਾ ਦੇ ਮਾਮਲੇ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਿਆ ਹੈ ਅਤੇ ਅਸੀਂ ਉਨ੍ਹਾਂ ਕੋਲੋਂ ਮਨੀਪੁਰ ਹਿੰਸਾ ਮਾਮਲੇ ਤੋਂ ਜਾਂਚ ਗੰਭੀਰਤਾ ਨਾਲ ਕਰਵਾਉਣ ਦੀ ਮੰਗ ਕੀਤੀ ਹੈ। ਜੈਰਾਮ ਨੇ ਕਿਹਾ ਕਿ 22 ਸਾਲ ਪਹਿਲਾਂ ਵੀ ਮਨੀਪੁਰ ’ਚ ਹਿੰਸਕ ਘਟਨਾਵਾਂ ਵਾਪਰੀਆਂ ਸਨ, ਉਸ ਸਮੇਂ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਅਤੇ ਅੱਜ ਫਿਰ ਤੋਂ ਮਨੀਪੁਰ ਹਿੰਸਕ ਅੱਗ ਵਿਚ ਸੜ ਰਿਹਾ ਅਤੇ ਅੱਜ ਭਾਜਪਾ ਦੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਇਸ ਦਾ ਕਾਰਨ ਭਾਜਪਾ ਦੀ ਵੰਡਪਾਊ ਨੀਤੀ ਨੂੰ ਦੱਸਿਆ। ਧਿਆਨ ਰਹੇ ਕਿ ਮਨੀਪੁਰ ਵਿਚ ਲੰਘੀ 3 ਮਈ ਤੋਂ ਅਗਜ਼ਨੀ ਅਤੇ ਹਿੰਸਕ ਘਟਨਾਵਾਂ ਵਾਪਰੀਆਂ ਸਨ ਅਤੇ ਇਨ੍ਹਾਂ ਘਟਨਾਵਾਂ ਦੌਰਾਨ ਸੂਬੇ ਦੇ 80 ਵਿਅਕਤੀਆਂ ਦੀ ਜਾਨ ਵੀ ਚਲੀ ਗਈ ਸੀ।