Breaking News
Home / ਭਾਰਤ / ਲੋਕ ਸਭਾ ਦੇ ਚੁਣੇ ਮੈਂਬਰਾਂ ਨੂੰ ਦਿੱਲੀ ‘ਚ ਮਿਲਣਗੇ ਨਵੇਂ ਤਿਆਰ ਡੁਪਲੈਕਸ ਘਰ

ਲੋਕ ਸਭਾ ਦੇ ਚੁਣੇ ਮੈਂਬਰਾਂ ਨੂੰ ਦਿੱਲੀ ‘ਚ ਮਿਲਣਗੇ ਨਵੇਂ ਤਿਆਰ ਡੁਪਲੈਕਸ ਘਰ

ਅਤਿਅੰਤ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਇਹ ਘਰ
ਨਵੀਂ ਦਿੱਲੀ/ਬਿਊਰੋ ਨਿਊਜ਼ : 17ਵੀਂ ਲੋਕ ਸਭਾ ਲਈ ਨਵੇਂ ਚੁਣੇ ਗਏ ਲਗਭਗ 200 ਸੰਸਦ ਮੈਂਬਰਾਂ ਨੂੰ ਦਿੱਲੀ ਵਿਚ ਰਿਹਾਇਸ਼ ਲਈ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ। ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਪਹਿਲੀ ਵਾਰ ਚੁਣ ਕੇ ਆਏ ਲੋਕ ਸਭਾ ਮੈਂਬਰਾਂ ਲਈ ਲੁਟੀਅਨਜ਼ ਸਥਿਤ ਨਾਰਥ ਅਤੇ ਸਾਊਥ ਐਵੇਨਿਊ ਵਿਖੇ ਨਵੇਂ ਘਰਾਂ ਦਾ ਪ੍ਰਬੰਧ ਕਰ ਦਿੱਤਾ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਯੋਜਨਾ ਦੇ ਪਹਿਲੇ ਪੜਾਅ ਨਾਰਥ ਐਵੇਨਿਊ ‘ਚ ਮਕਾਨ ਬਣਾ ਕੇ ਮੈਂਬਰਾਂ ਨੂੰ ਵੰਡਣ ਲਈ ਅਸਟੇਟ ਵਿਭਾਗ ਨੂੰ ਸੌਂਪ ਦਿੱਤਾ ਹੈ। ਅਗਲੇ ਪੜਾਅ ਵਿਚ ਸਾਊਥ ਐਵੇਨਿਊ ਵਿਚ ਹੋਰ ਘਰ ਬਣਾਏ ਜਾਣਗੇ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਾਰਥ ਐਵੇਨਿਊ ਵਿਚ ਬਣਾਏ ਗਏ 36 ਨਵੇਂ ਡੁਪਲੈਕਸ ਘਰ ਅਤਿਅੰਤ ਆਧੁਨਿਕ ਸਹੂਲਤਾਂ ਨਾਲ ਲੈਸ ਹਨ। 7 ਕਮਰਿਆਂ ਵਾਲੇ ਹਰ ਘਰ ਵਿਚ ਸੰਸਦ ਮੈਂਬਰ ਨੂੰ ਆਪਣਾ ਦਫਤਰ ਚਲਾਉਣ ਲਈ ਵੀ ਥਾਂ ਦਿੱਤੀ ਗਈ ਹੈ। ਹਰਿਤ ਭਵਨ ਤਕਨੀਕ ‘ਤੇ ਅਧਾਰਿਤ ਇਨ੍ਹਾਂ ਘਰਾਂ ਵਿਚ ਸੂਰਜੀ ਊਰਜਾ ਨਾਲ ਬਿਜਲੀ ਪਹੁੰਚਾਉਣ ਦਾ ਵੀ ਪ੍ਰਬੰਧ ਹੈ।
450 ਵਰਗ ਮੀਟਰ ਖੇਤਰ ‘ਚ ਬਣੇ ਹਨ ਇਹ ਮਕਾਨ
ਲਗਭਗ 450 ਵਰਗ ਮੀਟਰ ਖੇਤਰ ਵਿਚ ਬਣੇ ਮਕਾਨਾਂ ‘ਚ 4-4 ਬੈਡ ਰੂਮ, 2-2 ਆਫਸ ਰੂਮ ਅਤੇ 1-1 ਡਰਾਇੰਗ ਸਮੇਤ 7 ਕਮਰੇ ਹਨ। ਘਰ ਦੇ ਅੱਗੇ ਤੇ ਪਿੱਛੇ ਬਾਗ ਲਈ ਥਾਂ ਛੱਡੀ ਗਈ ਹੈ। ਐਮਪੀ ਦੇ ਡਰਾਈਵਰ ਲਈ ਵੀ ਵੱਖਰਾ ਕਮਰਾ ਬਣਾਇਆ ਗਿਆ ਹੈ। ਹਰ ਘਰ ਵਿਚ ਇੰਟਰਨੈਟ ਅਤੇ ਗੈਸ ਕੂਨੈਕਸ਼ਨ ਦੀ ਸਹੂਲਤ ਵੀ ਹੈ। ਇਨ੍ਹਾਂ ਮਕਾਨਾਂ ਨੂੰ ਅਗਲੇ 100 ਸਾਲਾਂ ਦੀ ਲੋੜ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਅੰਡਰ ਗਰਾਊਂਡ ਪਾਰਕਿੰਗ ਰਾਹੀਂ ਇਕ ਬਲਾਕ ਤੋਂ ਦੂਜੇ ਬਲਾਕ ਵਿਚ ਜਾਇਆ ਜਾ ਸਕਦਾ ਹੈ।
ਅੰਡਰਗਰਾਊਂਡ ਪਾਰਕਿੰਗ ਦੀ ਵੀ ਸਹੂਲਤ
ਹਰ ਘਰ ਵਿਚ ਮੋਟਰ ਗੱਡੀਆਂ ਨੂੰ ਖੜ੍ਹਾ ਕਰਨ ਲਈ ਅੰਡਰ ਗਰਾਊਂਡ ਪਾਰਕਿੰਗ ਦੀ ਵੀ ਸਹੂਲਤ ਹੈ ਤਾਂ ਜੋ ਸੰਸਦ ਮੈਂਬਰਾਂ ਦੇ ਘਰ ਦੇ ਆਸ-ਪਾਸ ਪੈਦਲ ਜਾਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਟੂ ਵ੍ਹੀਲਰਾਂ ਦੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹਰ ਘਰ ਵਿਚ ਪਾਰਕਿੰਗ ਵਾਲੀ ਥਾਂ ਤੋਂ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ ਤੱਕ ਜਾਣ ਲਈ ਲਿਫਟ ਦਾ ਵੀ ਪ੍ਰਬੰਧ ਹੈ।
ਕੁੱਲ 180 ਡੁਪਲੈਕਸ ਘਰ ਬਣਾਉਣ ਦਾ ਨਿਸ਼ਾਨਾ
ਯੋਜਨਾ ਅਧੀਨ ਕੁੱਲ 180 ਘਰ ਬਣਾਉਣ ਦਾ ਨਿਸ਼ਾਨਾ ਹੈ। ਇਹ ਕੰਮ ਪੜਾਅਵਾਰ ਢੰਗ ਨਾਲ ਹੋਵੇਗਾ। ਪਹਿਲੇ ਪੜਾਅ ਅਧੀਨ ਬਣੇ 36 ਡੁਪਲੈਕਸ ਘਰਾਂ ਦੀ ਵੰਡ ਦੇ ਨਾਲ ਹੀ ਨਾਰਥ ਅਤੇ ਸਾਊਥ ਐਵੇਨਿਊ ਵਿਚ ਪਹਿਲਾਂ ਤੋਂ ਮੌਜੂਦ ਸੰਸਦ ਮੈਂਬਰਾਂ ਨੂੰ ਵੀ ਨਵੇਂ ਆਭਾਸ ਵੰਡੇ ਜਾਣਗੇ। ਜਿਵੇਂ-ਜਿਵੇਂ ਨਵੇਂ ਘਰ ਤਿਆਰ ਹੁੰਦੇ ਜਾਣਗੇ, ਪੁਰਾਣੇ ਘਰਾਂ ਵਿਚ ਰਹਿਣ ਵਾਲੇ ਸੰਸਦ ਮੈਂਬਰਾਂ ਨੂੰ ਨਵੇਂ ਮਕਾਨ ਅਲਾਟ ਕਰ ਦਿੱਤੇ ਜਾਣਗੇ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …