ਦੇਸ਼ ਭਰ ’ਚ 5 ਜੂਨ ਨੂੰ ਬਿ੍ਰਜਭੂਸ਼ਣ ਦੇ ਪੁਤਲੇ ਫੂਕਣ ਦਾ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਖੇ ਚੱਲ ਰਹੇ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਕ ਆਨਲਾਈਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪਹਿਲਵਾਨ ਐਕਸ਼ਨ ਕਮੇਟੀ ਦੇ ਨੁਮਾਇੰਦੇ ਬਜਰੰਗ ਪੂਨੀਆ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਬਜਰੰਗ ਪੂਨੀਆ ਨੇ ਕਿਹਾ ਕਿ ਪਹਿਲਵਾਨਾਂ ਦੀ ਵਰਕਿੰਗ ਕਮੇਟੀ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਵਿਚ ਨਿੱਤਰੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਦਾ ਪੂਰਨ ਤੌਰ ’ਤੇ ਸਮਰਥਨ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਮਹਿਲਾ ਪਹਿਲਵਾਨਾਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿਚ ਬਿ੍ਰਜਭੂਸ਼ਣ ਸ਼ਰਨ ਸਿੰਘ ਦੀ ਗਿ੍ਰਫਤਾਰੀ ਨਹੀਂ ਹੋ ਜਾਂਦੀ ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਚਲਦਾ ਰਹੇਗਾ। ਮੀਟਿੰਗ ਵਿੱਚ ਭਰੋਸਾ ਦਿੱਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਵਾਨਾਂ ਦੀ ਜਿੱਤ ਤੱਕ ਸੰਘਰਸ਼ ਵਿੱਚ ਸਰਗਰਮੀ ਨਾਲ ਹਿੱਸਾ ਲਵੇਗਾ। ਮੋਰਚੇ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਆਉਂਦੀ 5 ਜੂਨ 2023 ਨੂੰ ਦੇਸ਼ ਭਰ ਵਿਚ ਸਾਰੇ ਜ਼ਿਲ੍ਹਿਆਂ ਅਤੇ ਤਹਿਸੀਲ ਪੱਧਰ ’ਤੇ ਬਿ੍ਰਜਭੂਸ਼ਣ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਉਸ ਦੇ ਪੂਤਲੇ ਸਾੜੇ ਜਾਣਗੇ। ਮੋਰਚਾ ਇਸ ਐਕਸ਼ਨ ਨੂੰ ਵਿਸ਼ਾਲ ਅਤੇ ਸਫਲ ਬਣਾਉਣ ਲਈ ਟਰੇਡ ਯੂਨੀਅਨਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ,ਵਪਾਰੀਆਂ, ਬੁੱਧੀਜੀਵੀਆਂ ਸਮੇਤ ਹੋਰ ਸਾਰੇ ਵਰਗਾਂ ਨਾਲ ਤਾਲਮੇਲ ਕਰੇਗਾ।