ਅਰਵਿੰਦ ਸਾਵੰਤ ਵਲੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼ਿਵ ਸੈਨਾ ਆਗੂ ਅਰਵਿੰਦ ਸਾਵੰਤ ਨੇ ਕੇਂਦਰੀ ਕੈਬਨਿਟ ਵਿੱਚੋਂ ਅਸਤੀਫ਼ਾ ਦੇ ਦਿੱਤਾ। ਸਾਵੰਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ‘ਚ ਭਾਰੀ ਸਨਅਤਾਂ ਬਾਰੇ ਮੰਤਰੀ ਹਨ। ਸਾਵੰਤ ਨੇ ਕਿਹਾ ਕਿ ਹੁਣ ਭਾਜਪਾ ‘ਤੇ ਭਰੋਸਾ ਕਰਨ ਜਿਹੀ ਕੋਈ ਗੱਲ ਨਹੀਂ ਰਹਿ ਗਈ ਤੇ ਅਜਿਹੇ ਮੌਕੇ ਜਦੋਂ ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਬਣਨ ਲੱਗੀ ਹੈ ਤਾਂ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਚ ਮੰਤਰੀ ਬਣੇ ਰਹਿਣ ਦੀ ਕੋਈ ਤੁਕ ਨਹੀਂ। ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਾਵੰਤ ਨੇ ਭਾਜਪਾ ਉੱਤੇ, ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਿਵ ਸੈਨਾ ਤੇ ਭਾਜਪਾ ਦਰਮਿਆਨ ਸੀਟਾਂ ਤੇ ਸੱਤਾ ਦੀ ਬਰਾਬਰ ਵੰਡ ਨੂੰ ਲੈ ਕੇ ਹੋਏ ਕੌਲ-ਕਰਾਰ ਤੋਂ ਭੱਜਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ਭਾਜਪਾ ਨਾਲੋਂ ਤੋੜ ਵਿਛੋੜਾ ਕਰਨਾ ਪਿਆ। ਸਾਵੰਤ ਨੇ ਕਿਹਾ ਕਿ ਭਾਜਪਾ ਅਸੈਂਬਲੀ ਚੋਣਾਂ ਤੋਂ ਪਹਿਲਾਂ ਅਜਿਹਾ ਕੋਈ ਸਮਝੌਤਾ ਨਾ ਹੋਣ ਦੀ ਗੱਲ ਕਹਿ ਕੇ ਸਰਾਸਰ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ, ‘ਉਨ੍ਹਾਂ (ਭਾਜਪਾ) ਝੂਠ ਬੋਲ ਕੇ ਮੇਰੀ ਪਾਰਟੀ ਨੂੰ ਸੱਟ ਮਾਰੀ ਹੈ। ਹੁਣ ਜਦੋਂ ਭਰੋਸੇ ਜਿਹੀ ਕੋਈ ਗੱਲ ਨਹੀਂ ਰਹੀ, ਤਾਂ ਮੈਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ।’ ਸਾਵੰਤ ਨੇ ਭਾਜਪਾ ‘ਤੇ ਸ਼ਿਵ ਸੈਨਾ ਤੇ ਠਾਕਰੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਦੋਸ਼ ਵੀ ਲਾਇਆ। ਸ਼ਿਵ ਸੈਨਾ ਆਗੂ ਨੇ ਕਿਹਾ, ‘ਮੈਂ ਕੇਂਦਰੀ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਆਪਣਾ ਅਸਤੀਫ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਦਿੱਤਾ ਹੈ।’
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …