Breaking News
Home / ਭਾਰਤ / ਦਿੱਲੀ ‘ਚ 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਮੁਫ਼ਤ ਲੱਗੇਗੀ ਵੈਕਸੀਨ

ਦਿੱਲੀ ‘ਚ 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਮੁਫ਼ਤ ਲੱਗੇਗੀ ਵੈਕਸੀਨ

ਵੈਕਸੀਨ ਦੀ ਕੀਮਤ ਸਾਰਿਆਂ ਲਈ ਇਕ ਬਰਾਬਰ ਕਰਨ ਦੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਦੀ ਡੋਜ਼ ਮੁਫ਼ਤ ਲਗਵਾਉਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਵੈਕਸੀਨ ਦੇ 1.34 ਕਰੋੜ ਡੋਜ਼ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਲਦੀ ਤੋਂ ਜਲਦੀ ਇਹ ਟੀਕਾ ਖਰੀਦਣ ਦੀ ਯੋਜਨਾ ਬਣਾਈ ਗਈ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਵੱਡੀ ਪੱਧਰ ‘ਤੇ ਟੀਕੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਕੇਂਦਰ ਨੂੰ 150 ਰੁਪਏ ਅਤੇ ਰਾਜ ਸਰਕਾਰਾਂ ਨੂੰ 400 ਤੇ 600 ਰੁਪਏ ਵਿੱਚ ਪ੍ਰਤੀ ਡੋਜ਼ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ ਜਦੋਂਕਿ ਕੀਮਤ ਇੱਕ ਵਰਗੀ ਹੋਣੀ ਚਾਹੀਦੀ ਹੈ। ਇਹ ਸਮਾਂ ਮੁਨਾਫ਼ਾ ਕਮਾਉਣ ਦਾ ਨਹੀਂ ਬਲਕਿ ਮਨੁੱਖਤਾ ਦੀ ਸੇਵਾ ਕਰਨ ਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਟੀਕਾ ਨਿਰਮਾਤਾ ਖੁਦ ਵੈਕਸੀਨ ਦੀ ਕੀਮਤ 150 ਰੁਪਏ ਪ੍ਰਤੀ ਡੋਜ਼ ਲੈ ਕੇ ਆਉਣਗੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੋੜ ਪੈਣ ‘ਤੇ ਉਹ ਟੀਕੇ ਦੀ ਕੀਮਤ ਨੂੰ ਕੰਟਰੋਲ ਤੇ ਘੱਟ ਕਰੇ। ਇਕ ਵਰਚੁਅਲ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਜਰੀਵਾਲ ਨੇ ਦਿੱਲੀ ਵਿੱਚ ਟੀਕਾਕਰਨ, ਆਕਸੀਜਨ ਤੇ ਆਈਸੀਯੂ ਬਿਸਤਰਿਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਵੇਂ ਕਿ ਸਾਰੇ ਦੇਸ਼ ਵਿੱਚ ਕਰੋਨਾ ਨਾਲ ਜਬਰਦਸਤ ਤਬਾਹੀ ਹੋਈ ਹੈ, ਅਜਿਹੇ ਵਿਚ ਹਰ ਕੋਈ ਇਹੀ ਮਹਿਸੂਸ ਕਰਦਾ ਹੈ ਕਿ ਇਸ ਮਹਾਮਾਰੀ ਤੋਂ ਨਜਿੱਠਣ ਦਾ ਇੱਕੋ ਹੱਲ ਇਹ ਟੀਕਾ ਹੈ। ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਵੈਕਸੀਨ ਦੀ ਡੋਜ਼ ਮੁਫ਼ਤ ਲਗਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਇੰਗਲੈਂਡ ਵਿੱਚ ਕਰੋਨਾ ਕਾਰਨ ਬਹੁਤ ਤਬਾਹੀ ਹੋਈ ਸੀ ਤੇ ਉਹੀ ਹਾਲ ਹੁਣ ਭਾਰਤ ਵਿਚ ਹੋ ਰਿਹਾ ਹੈ। ਇੰਗਲੈਂਡ ਵੱਲੋਂ ਵੱਡੀ ਪੱਧਰ ‘ਤੇ ਆਪਣੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਤੇ ਮਾਹਿਰ ਮੰਨਦੇ ਹਨ ਕਿ ਇੰਗਲੈਂਡ ਵਿੱਚ ਕਰੋਨਾ ਦੀ ਲਹਿਰ ਖ਼ਤਮ ਕਰਨ ਵਿਚ ਸਭ ਤੋਂ ਅਹਿਮ ਯੋਗਦਾਨ ਵੈਕਸੀਨ ਦਾ ਰਿਹਾ ਹੈ।

 

Check Also

ਪੀਐਮ ਨਰਿੰਦਰ ਮੋਦੀ ਨੇ ਕੀਤਾ ਅਹਿਮਦਾਬਾਦ ਮੈਟਰੋ ਵਿੱਚ ਸਫਰ

  ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਫੇਜ਼ ਦਾ ਕੀਤਾ ਗਿਆ ਉਦਘਾਟਨ ਅਹਿਮਦਾਬਾਦ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …