ਲਖਨਊ: ਮਸ਼ਹੂਰ ਉਰਦੂ ਸ਼ਾਇਰ ਮੁਨੱਵਰ ਰਾਣਾ ਦਾ ਐਤਵਾਰ ਰਾਤ ਨੂੰ ਲਖਨਊ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 71 ਵਰ੍ਹਿਆਂ ਦੇ ਸਨ। ਰਾਣਾ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਰਾਣਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਮਾਰ ਹੋਣ ਕਾਰਨ ਉਹ ਪਿਛਲੇ 14-15 ਦਿਨਾਂ ਤੋਂ ਹਸਪਤਾਲ ਵਿਚ ਸਨ। ਉਨ੍ਹਾਂ ਨੂੰ ਪਹਿਲਾਂ ਲਖਨਊ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਤੇ ਮਗਰੋਂ ਐੱਸਜੀਪੀਜੀਆਈ ਲਿਜਾਇਆ ਗਿਆ। ਰਾਣਾ ਦੀ ਮੌਤ ਐਤਵਾਰ ਰਾਤ ਕਰੀਬ 11 ਵਜੇ ਹੋਈ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਚਾਰ ਧੀਆਂ ਤੇ ਇਕ ਪੁੱਤਰ ਹੈ। ਮੁਨੱਵਰ ਰਾਣਾ ਦਾ ਜਨਮ 26 ਨਵੰਬਰ 1952 ਨੂੰ ਯੂਪੀ ਦੇ ਰਾਏ ਬਰੇਲੀ ਵਿਚ ਹੋਇਆ ਸੀ। ਉਨ੍ਹਾਂ ਦਾ ਉਰਦੂ ਸਾਹਿਤ ਤੇ ਸ਼ਾਇਰੀ, ਵਿਸ਼ੇਸ਼ ਤੌਰ ‘ਤੇ ਗ਼ਜ਼ਲਾਂ ‘ਚ ਵੱਡਾ ਯੋਗਦਾਨ ਹੈ। ਰਾਣਾ ਦੀ ਸ਼ਾਇਰੀ ਦੀ ਪਹੁੰਚ ਵਿਆਪਕ ਸੀ ਕਿਉਂਕਿ ਉਨ੍ਹਾਂ ਫਾਰਸੀ ਤੇ ਅਰਬੀ ਦੀ ਥਾਂ ਜ਼ਿਆਦਾਤਰ ਹਿੰਦੀ ਤੇ ਅਵਧੀ ਸ਼ਬਦ ਵਰਤੇ। ਉਨ੍ਹਾਂ ਨੂੰ 2014 ਵਿਚ ਸਾਹਿਤ ਅਕਾਮਦੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਇਕ ਸਾਲ ਬਾਅਦ ਹੀ ਦੇਸ਼ ‘ਚ ਵਧਦੀ ਅਸਹਿਣਸ਼ੀਲਤਾ ਉਤੇ ਫਿਕਰ ਜਤਾਉਂਦਿਆਂ ਪੁਰਸਕਾਰ ਵਾਪਸ ਕਰ ਦਿੱਤਾ ਸੀ। ਉਨ੍ਹਾਂ ਦੇ ਕੰਮ ਦਾ ਕਈ ਭਾਸ਼ਾਵਾਂ ਵਿਚ ਤਰਜੁਮਾ ਹੋ ਚੁੱਕਾ ਹੈ। ਰਾਣਾ ਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਕੋਲਕਾਤਾ ਵਿਚ ਬਿਤਾਈ। ਉਹ ਭਾਰਤ ਤੇ ਵਿਦੇਸ਼ਾਂ ਵਿਚ ਕਈ ਮੁਸ਼ਾਇਰਿਆਂ ਦਾ ਸ਼ਿੰਗਾਰ ਬਣੇ।