ਕਿਹਾ : ਨਾਇਬ ਸੈਣੀ ਸਰਕਾਰ ਕੋਲ ਨਹੀਂ ਹੈ ਪੂਰਨ ਬਹੁਮਤ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਤਿੰਨ ਵਿਧਾਇਕਾਂ ਰਣਧੀਰ ਗੋਲਨ, ਧਰਮਪਾਲ ਗੋਂਦਰ ਅਤੇ ਸੋਮਵੀਰ ਸਾਂਗਵਾਨ ਨੇ ਨਾਇਬ ਸਿੰਘ ਸੈਣੀ ਸਰਕਾਰ ਤੋਂ ਆਪਣਾ ਸਮਰਥਨ ਅੱਜ ਵੀਰਵਾਰ ਨੂੰ ਵਾਪਸ ਲੈ ਲਿਆ। ਤਿੰਨੋਂ ਵਿਧਾਇਕਾਂ ਨੇ ਸਮਰਥਨ ਵਾਪਸੀ ਵਾਲਾ ਪੱਤਰ ਹਰਿਆਣਾ ਦੇ ਰਾਜਪਾਲ ਨੂੰ ਸੌਂਪ ਦਿੱਤਾ ਹੈ। ਜਿਸ ਤੋਂ ਬਾਅਦ ਹਰਿਆਣਾ ਸਰਕਾਰ ਘੱਟ ਗਿਣਤੀ ਵਿਚ ਆ ਗਈ ਹੈ। ਇਸੇ ਦੌਰਾਨ ਹਰਿਆਣਾ ਸਰਕਾਰ ’ਚ ਸਾਬਕਾ ਡਿਪਟੀ ਸੀਐਮ ਰਹੇ ਦੁਸ਼ਯੰਤ ਚੌਟਾਲਾ ਨੇ ਨਾਇਬ ਸੈਣੀ ਸਰਕਾਰ ਦੇ ਫਲੋਰ ਟੈਸਟ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧੀ ਹਰਿਆਣਾ ਦੇ ਰਾਜਪਾਲ ਨੂੰ ਪੱਤਰ ਲਿਖਿਆ ਅਤੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਕੋਲ ਪੂਰਨ ਬਹੁਮਤ ਨਹੀਂ ਹੈ ਤਾਂ ਹਰਿਆਣਾ ਵਿਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਣਾ ਚਾਹੀਦਾ ਹੈ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ ਅਤੇ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ।