Breaking News
Home / ਭਾਰਤ / ਮਹਾਰਾਸ਼ਟਰ ਦਾ ਸਿਆਸੀ ਸੰਕਟ

ਮਹਾਰਾਸ਼ਟਰ ਦਾ ਸਿਆਸੀ ਸੰਕਟ

ਊਧਵ ਠਾਕਰੇ ਵੱਲੋਂ ਅਹੁਦਾ ਛੱਡਣ ਦੀ ਪੇਸ਼ਕਸ਼
ਮੁੰਬਈ : ਸਿਆਸੀ ਸੰਕਟ ਵਿੱਚ ਘਿਰੇ ਤੇ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਨੂੰ ਬਚਾਉਣ ਲਈ ਬਾਗੀਆਂ ਨੂੰ ਪਤਿਆਉਂਦਿਆਂ ਮੁੱਖ ਮੰਤਰੀ ਊਧਵ ਠਾਕਰੇ ਨੇ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਮਨਾਉਣ ਦੀ ਕਵਾਇਦ ਵਜੋਂ ਭਾਵੁਕ ਹੋਏ ਠਾਕਰੇ ਨੇ ਇਥੋਂ ਤੱਕ ਆਖ ਦਿੱਤਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਕਿ ਜੇ ਕੋਈ ਸ਼ਿਵ ਸੈਨਿਕ ਹੀ ਉਨ੍ਹਾਂ ਦੀ ਥਾਂ ਲਏ। ਅਹੁਦਾ ਛੱਡਣ ਦੀ ਪੇਸ਼ਕਸ਼ ਤੋਂ ਕੁਝ ਘੰਟਿਆਂ ਮਗਰੋਂ ਊਧਵ ਠਾਕਰੇ ਦੱਖਣੀ ਮੁੰਬਈ ਵਿਚਲੀ ਸਰਕਾਰੀ ਰਿਹਾਇਸ਼ ਨੂੰ ਛੱਡ ਕੇ ਸਬ-ਅਰਬਨ ਬਾਂਦਰਾ ਵਿੱਚ ਆਪਣੇ ਪਰਿਵਾਰ ਦੇ ਮਾਤੋਸ੍ਰੀ ਬੰਗਲੇ ਵਿੱਚ ਚਲੇ ਗਏ। ਇਸ ਦੌਰਾਨ ਠਾਕਰੇ ਦੀ ਹਮਾਇਤ ਵਿੱਚ ਵੱਡੀ ਗਿਣਤੀ ਸ਼ਿਵ ਸੈਨਾ ਵਰਕਰ ਰਿਹਾਇਸ਼ ਦੇ ਬਾਹਰ ਇਕੱਠੇ ਹੋ ਗਏ। ਇਸ ਦੌਰਾਨ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ‘ਚ ਅਹਿਮ ਭਾਈਵਾਲ ਕਾਂਗਰਸ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਸਿਆਸੀ ਸੰਕਟ ਦੇ ਹੱਲ ਲਈ ਬਾਗ਼ੀ ਵਿਧਾਇਕਾਂ ਦੀ ਅਗਵਾਈ ਕਰ ਰਹੇ ਏਕਨਾਥ ਮੁੰਡੇ ਨੂੰ ਮੁੱਖ ਮੰਤਰੀ ਨਾਮਜ਼ਦ ਕਰਨ ਦੀ ਸਲਾਹ ਦਿੱਤੀ ਹੈ।
ਠਾਕਰੇ, ਜੋ ਕੋਵਿਡ-19 ਦੀ ਲਾਗ ਲਈ ਪਾਜ਼ੇਟਿਵ ਨਿਕਲੇ ਆਏ ਸਨ, ਨੇ ਵੈੱਬਕਾਸਟ ਰਾਹੀਂ 18 ਮਿੰਟ ਲਾਈਵ ਹੋ ਕੇ ਬਾਗ਼ੀ ਵਿਧਾਇਕਾਂ ਨੂੰ ਭਾਵੁਕ ਅਪੀਲ ਕੀਤੀ। ਮੁੱਖ ਮੰਤਰੀ ਨੇ ਮੰਨਿਆ ਕਿ ਉਨ੍ਹਾਂ ਕੋਲ ਤਜਰਬੇ ਦੀ ਘਾਟ ਹੈ ਤੇ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਕੇ ਉਹ ਲੋਕਾਂ ਤੋਂ ਦੂਰ ਹੋ ਗਏ। ਠਾਕਰੇ ਨੇ ਕਿਹਾ ਕਿ ਜੇਕਰ ਸ਼ਿਵ ਸੈਨਿਕਾਂ ਨੂੰ ਲੱਗਦਾ ਹੈ ਕਿ ਉਹ ਪਾਰਟੀ ਨੂੰ ਮੂਹਰੇ ਹੋ ਕੇ ਅਗਵਾਈ ਦੇਣ ਦੇ ਸਮਰੱਥ ਨਹੀਂ ਹਨ ਤਾਂ ਉਹ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਲਈ ਵੀ ਤਿਆਰ ਹਨ। ਠਾਕਰੇ ਨੇ ਗ਼ੈਰਤਜਰਬੇਕਾਰ ਹੋਣ ਦੇ ਬਾਵਜੂਦ ਮਿਲੇ ਸਹਿਯੋਗ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸੂਬੇ ਦੀ ਅਫ਼ਸਰਸ਼ਾਹੀ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਊਧਵ ਠਾਕਰੇ ਨੇ ਬਾਗ਼ੀ ਵਿਧਾਇਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ, ”ਤੁਸੀਂ ਸੂਰਤ ਜਾਂ ਹੋਰ ਥਾਵਾਂ ‘ਤੇ ਬੈਠ ਕੇ ਬਿਆਨ ਕਿਉਂ ਦਿੰਦੇ ਹੋ। ਆਓ ਤੇ ਮੇਰੇ ਮੂੰਹ ‘ਤੇ ਕਹੋ ਕਿ ਮੈਂ ਮੁੱਖ ਮੰਤਰੀ ਤੇ ਸ਼ਿਵ ਸੈਨਾ ਪ੍ਰਧਾਨ ਦੇ ਅਹੁਦਿਆਂ ਦੇ ਕਾਬਲ ਨਹੀਂ ਹਾਂ। ਮੈਂ ਫੌਰੀ ਅਸਤੀਫਾ ਦੇ ਦੇਵਾਂਗਾ। ਮੈਂ ਆਪਣਾ ਅਸਤੀਫਾ ਤਿਆਰ ਰੱਖਾਂਗਾ ਤੇ ਤੁਸੀਂ ਆ ਕੇ ਇਸ ਨੂੰ ਰਾਜ ਭਵਨ ਲਿਜਾ ਸਕਦੇ ਹੋ।” ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਜੇਕਰ ਕੋਈ ਸ਼ਿਵ ਸੈਨਿਕ ਹੀ ਉਨ੍ਹਾਂ ਦੀ ਥਾਂ ਇਸ ਸਿਖਰਲੇ ਸੰਵਿਧਾਨਕ ਅਹੁਦੇ ‘ਤੇ ਬੈਠੇ। ਠਾਕਰੇ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਆਪਣੇ ਲੋਕ ਉਨ੍ਹਾਂ ਨੂੰ ਨਹੀਂ ਚਾਹੁੰਦੇ ਤਾਂ ਫਿਰ ਉਹ ਸੱਤਾ ਨਾਲ ਚਿਪਕੇ ਨਹੀਂ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਜ਼ਿੰਮੇਵਾਰੀ ਤੋਂ ਨਹੀਂ ਭੱਜਦੇ ਤੇ ਉਨ੍ਹਾਂ ਹਿੰਦੂਤਵ ਬਾਰੇ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਠਾਕਰੇ ਨੇ ਕਿਹਾ, ”ਹਿੰਦੂਤਵ ਸ਼ਿਵ ਸੈਨਾ ਦਾ ਸਾਹ ਹੈ। ਮੈਂ ਪਹਿਲਾ ਮੁੱਖ ਮੰਤਰੀ ਹਾਂ ਜਿਸ ਨੇ ਵਿਧਾਨ ਸਭਾ ਵਿੱਚ ਹਿੰਦੂਤਵ ਦੀ ਗੱਲ ਕੀਤੀ ਸੀ।” ਏਕਨਾਥ ਸ਼ਿੰਦੇ ਦੇ ਅਸਿੱਧੇ ਹਵਾਲੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਮਗਰੋਂ ਜਿਹੜੇ ਸ਼ਿਵ ਸੈਨਾ ਆਗੂ ਮੰਤਰੀ ਬਣੇ ਹਨ, ਉਹ ਬਾਲ ਠਾਕਰੇ ਦੀ ਮੌਤ ਮਗਰੋਂ ਆਪਣੀ ਸਫਲਤਾ ਦਾ ਸਿਹਰਾ ਜਥੇਬੰਦੀ ਸਿਰ ਬੰਨ੍ਹਦੇ ਹਨ। ਸ਼ਿੰਦੇ ਸਾਲ 2014 ਤੋਂ 2019 ਦੌਰਾਨ ਦੇਵੇਂਦਰ ਫੜਨਵੀਸ ਕੈਬਨਿਟ ‘ਚ ਮੰਤਰੀ ਸੀ। ਠਾਕਰੇ ਨੇ ਕਿਹਾ ਕਿ ਕੁਝ ਬਾਗ਼ੀ ਵਿਧਾਇਕਾਂ ਨੇ ਪਾਰਟੀ ਨੂੰ ਦੱਸਿਆ ਹੈ ਕਿ ਉਹ ਗੁਹਾਟੀ ਤੋਂ ਵਾਪਸ ਆਉਣਾ ਚਾਹੁੰਦੇ ਹਨ, ਪਰ ਕੁਝ ਵਿਧਾਇਕ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਮਜਬੂਰ ਕਰ ਰਹੇ ਹਨ।
ਮੁੱਖ ਮੰਤਰੀ ਠਾਕਰੇ ਨੂੰ ਮਿਲੇ ਸ਼ਰਦ ਪਵਾਰ
ਮੁੰਬਈ : ਮਹਾਰਾਸ਼ਟਰ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਐੱਨਸੀਪੀ ਮੁਖੀ ਸ਼ਰਦ ਪਵਾਰ ਮੁੱਖ ਮੰਤਰੀ ਊਧਵ ਠਾਕਰੇ ਨੂੰ ਮਿਲੇ। ਪਵਾਰ ਨਾਲ ਇਸ ਮੌਕੇ ਉਨ੍ਹਾਂ ਦੀ ਧੀ ਤੇ ਪਾਰਟੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਅਤੇ ਗੱਠਜੋੜ ਸਰਕਾਰ ‘ਚ ਮੰਤਰੀ ਜੀਤੇਂਦਰ ਅਵਧ ਵੀ ਮੌਜੂਦ ਸਨ। ਦੱਖਣੀ ਮੁੰਬਈ ਵਿੱਚ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ‘ਵਰਸ਼ਾ’ ਵਿੱਚ ਹੋਈ ਇਸ ਮੁਲਾਕਾਤ ਦੌਰਾਨ ਕੀ ਗੱਲਬਾਤ ਹੋਈ, ਉਸ ਬਾਰੇ ਵੇਰਵੇ ਨਹੀਂ ਮਿਲ ਸਕੇ। ਉਂਜ ਇਹ ਮੀਟਿੰਗ ਠਾਕਰੇ ਦੇ ਲਾਈਵ ਵੈੱਬਕਾਸਟ ਮਗਰੋਂ ਹੋਈ ਹੈ। ਇਸ ਤੋਂ ਪਹਿਲਾਂ ਕਾਂਗਰਸ ਆਗੂ ਤੇ ਮਹਾਰਾਸ਼ਟਰ ਲਈ ਪਾਰਟੀ ਦੇ ਨਿਗਰਾਨ ਕਮਲ ਨਾਥ ਨੇ ਵੀ ਠਾਕਰੇ ਨਾਲ ਫੋਨ ‘ਤੇ ਗੱਲਬਾਤ ਕੀਤੀ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …