Breaking News
Home / ਭਾਰਤ / ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਵਧਿਆ ਅਤੇ ਹੋਈ ਬੱਲੇ ਬੱਲੇ

ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਵਧਿਆ ਅਤੇ ਹੋਈ ਬੱਲੇ ਬੱਲੇ

ਜਲੰਧਰ : ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਹੋਰ ਵਧ ਗਿਆ ਹੈ ਅਤੇ ਖੂਬ ਬੱਲੇ ਬੱਲੇ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਨੇ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੋਇਆ ਸੀ। ਸਿੱਧੂ ਵੱਲੋਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਕੀਤੀਆਂ ਚੋਣ ਰੈਲੀਆਂ ਨੇ ਭਾਜਪਾ ਨੂੰ ਵਖ਼ਤ ਪਾਈ ਰੱਖਿਆ। ਨਵਜੋਤ ਸਿੰਘ ਸਿੱਧੂ ਵੱਲੋਂ ਚਲਾਈ ਚੋਣ ਮੁਹਿੰਮ ਦਾ ਏਨਾ ਜ਼ਿਆਦਾ ਅਸਰ ਸੀ ਕਿ ਹਾਈ ਕਮਾਂਡ ਨੇ ਉਸ ਨੂੰ 26 ਨਵੰਬਰ ਵਾਲੇ ਦਿਨ ਡੇਰਾ ਬਾਬਾ ਨਾਨਕ ਭੇਜਣ ਲਈ ਚਾਰਟਰਡ ਜਹਾਜ਼ ਮੁਹੱਈਆ ਕਰਵਾਇਆ ਸੀ ਤਾਂ ਜੋ ਉਹ ਡੇਰਾ ਬਾਬਾ ਨਾਨਕ ਹਾਜ਼ਰੀ ਲਵਾ ਕੇ ਵਾਪਸ ਉਸੇ ਜਹਾਜ਼ ਰਾਹੀਂ ਮੱਧ ਪ੍ਰਦੇਸ਼ ਵਿਚ ਚੋਣ ਰੈਲੀਆਂ ਵਿਚ ਪਹੁੰਚ ਸਕਣ, ਕਿਉਂਕਿ ਉਸੇ ਸ਼ਾਮ ਉਥੇ ਚੋਣ ਪ੍ਰਚਾਰ ਸਮਾਪਤ ਹੋਣਾ ਸੀ। ਹੈਦਰਾਬਾਦ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਨਵਜੋਤ ਸਿੱਧੂ ਨੇ ਇਹ ਕਹਿ ਦਿੱਤਾ ਸੀ ਕਿ ਉਨ੍ਹਾਂ ਦਾ ਕੈਪਟਨ ਰਾਹੁਲ ਗਾਂਧੀ ਹੈ ਤਾਂ ਪੰਜਾਬ ਕਾਂਗਰਸ ਵਿਚ ਤਰਥੱਲੀ ਮੱਚ ਗਈ ਸੀ। ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਕਾਂਗਰਸੀ ਵਿਧਾਇਕਾਂ ਨੇ ‘ਪੰਜਾਬ ਦਾ ਕੈਪਟਨ ਸਾਡਾ ਕੈਪਟਨ’ ਵਾਲੇ ਹੋਰਡਿੰਗਜ਼ ਲਵਾ ਕੇ ਕੈਪਟਨ ਨਾਲ ਵਫ਼ਾਦਾਰੀ ਦਿਖਾਈ ਸੀ, ਜਦੋਂਕਿ ਰਾਜਸੀ ਮਾਹਿਰਾਂ ਦਾ ਕਹਿਣਾ ਸੀ ਕਿ ਇਨ੍ਹਾਂ ਬੋਰਡਾਂ ਨੇ ਹੀ ਸਿੱਧੂ ਦੇ ਪ੍ਰਭਾਵ ਨੂੰ ਸਪੱਸ਼ਟ ਰੂਪ ਵਿਚ ਦਿਖਾ ਦਿੱਤਾ ਸੀ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …