ਵਿਸ਼ਵਾਸ ਨੇ ਭਗਵੰਤ ਮਾਨ ਨੂੰ ਕੀਤਾ ਚੌਕਸ
ਕਿਹਾ : ਦਿੱਲੀ ਵਾਲਿਆਂ ਨੂੰ ਪੰਜਾਬ ਦੀ ਤਾਕਤ ਨਾਲ ਨਾ ਖੇਡਣ ਦਿਓ
ਨਵੀਂ ਦਿੱਲੀ/ਬਿਊਰੋ ਨਿਊਜ
ਆਮ ਆਦਮੀ ਪਾਰਟੀ ਦੇ ਖਿਲਾਫ਼ ਟਿੱਪਣੀਆਂ ਕਰਨ ਦੇ ਮਾਮਲੇ ’ਚ ਪੰਜਾਬ ਪੁਲਿਸ ਨੇ ਅੱਜ ‘ਆਪ’ ਦੇ ਸਾਬਕਾ ਆਗੂ ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੇ ਘਰ ਰੇਡ ਕੀਤੀ। ਇਸ ਸਬੰਧੀ ਜਾਣਕਾਰੀ ਖੁਦ ਕੁਮਾਰ ਵਿਸ਼ਵਾਸ ਨੇ ਪੁਲਿਸ ਦੀਆਂ ਤਸਵੀਰਾਂ ਟਵਿੱਟਰ ’ਤੇ ਪੋਸਟ ਕਰਕੇ ਦਿੱਤੀ ਅਤੇ ਉਨ੍ਹਾਂ ਟਵੀਟ ’ਚ ਅੱਗੇ ਲਿਖਿਆ ਕਿ ਸਵੇਰੇ ਪੰਜਾਬ ਪੁਲਿਸ ਉਨ੍ਹਾਂ ਦੇ ਘਰ ਆਈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਖਿਲਾਫ਼ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੁਮਾਰ ਵਿਸ਼ਵਾਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਦਿੱਲੀ ’ਚ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਗਈ ਤਾਕਤ ਨਾਲ ਖੇਡਣ ਦਿੱਤਾ ਜਾ ਰਿਹਾ ਹੈ, ਉਹੀ ਵਿਅਕਤੀ ਇਕ ਦਿਨ ਭਗਵੰਤ ਮਾਨ ਅਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇੇਵੇਗਾ। ਕੁਮਾਰ ਵਿਸ਼ਵਾਸ ਨੇ ਕਿਹਾ ਕਿ ਮੇਰੀ ਇਸ ਚੇਤਾਵਨੀ ਨੂੰ ਯਾਦ ਰੱਖਣਾ। ਧਿਆਨ ਰਹੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ’ਤੇ ਦੇਸ਼ ਨੂੰ ਤੋੜਨ ਦਾ ਆਰੋਪ ਲਗਾਇਆ ਸੀ ਅਤੇ ਉਨ੍ਹਾਂ ਇਸ ਸਬੰਧੀ ਕੇਜਰੀਵਾਲ ਤੋਂ ਜਵਾਬ ਮੰਗਿਆ ਸੀ। ਜਿਸ ਦੇ ਜਵਾਬ ’ਚ ਕੇਜਰੀਵਾਲ ਨੇ ਖੁਦ ਨੂੰ ਸਵੀਟ ਅੱਤਵਾਦੀ ਦੱਸਿਆ ਸੀ। ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ’ਤੇ ਤੰਜ ਕਸਦਿਆਂ ਕਿਹਾ ਸੀ ਕਿ ਮੈਂ ਉਹ ਸਵੀਟ ਅੱਤਵਾਦੀ ਹਾਂ ਜੋ ਬੱਚਿਆਂ ਲਈ ਸਕੂਲ ਅਤੇ ਮਰੀਜ਼ਾਂ ਲਈ ਹਸਪਤਾਲ ਬਣਵਾਉਂਦਾ ਹਾਂ।