45 ਵਿਅਕਤੀ ਲਾਪਤਾ, ਰਾਹਤ ਤੇ ਬਚਾਅ ਕਾਰਜ ਜਾਰੀ
ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਸਥਿਤ ਪਵਿੱਤਰ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਆਏ ਹੜ੍ਹਾਂ ਦੌਰਾਨ 16 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ 45 ਸ਼ਰਧਾਲੂ ਲਾਪਤਾ ਦੱਸੇ ਜਾ ਰਹੇ ਹਨ। ਪਾਣੀ ਦੇ ਤੇਜ ਵਹਾਅ ਨਾਲ ਆਏ ਵੱਡੇ ਪੱਥਰ ਅਤੇ ਮਿੱਟੀ ਦੇ ਤੋਦਿਆਂ ਨਾਲ ਲਗਭਗ 6 ਕੈਂਪ ਅਤੇ ਦੋ ਲੰਗਰ ਸਥਾਨ ਵੀ ਰੁੜ ਗਏ। ਜੰਮੂ-ਕਸ਼ਮੀਰ ਪ੍ਰਸ਼ਾਸਨ ਤੇ ਸ੍ਰੀਅਮਰਨਾਥ ਸ਼ਰਾਇਨ ਬੋਰਡ ਨੇ ਫ਼ਿਲਹਾਲ ਯਾਤਰਾ ਨੂੰ ਰੋਕ ਦਿੱਤਾ ਗਿਆ। ਭਾਰਤੀ ਫੌਜ, ਆਈ ਟੀ ਬੀ ਪੀ ਅਤੇ ਐਨਡੀਆਰਐਫ ਦੀ ਮਦਦ ਨਾਲ ਰਾਹਤ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਅਨੰਤਨਾਗ ਅਤੇ ਸ੍ਰੀਨਗਰ ਦੇ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਿਸ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ ਉਸ ਸਮੇਂ ਪਵਿੱਤਰ ਗੁਫ਼ਾ ਅਤੇ ਪੰਚਤਰਨੀ ਦੇ ਨੇੜਲੇ ਇਲਾਕਿਆਂ ਵਿਚ 15 ਹਜ਼ਾਰ ਸ਼ਰਧਾਲੂ ਮੌਜੂਦ ਸਨ। ਬਾਲਟਾਲ ਤੇ ਪਹਿਲਗਾਮ ਰਸਤਿਆਂ ਰਾਹੀਂ ਪਵਿੱਤਰ ਗੁਫ਼ਾ ਵੱਲ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਸੁਰੱਖਿਆ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਗੱਲਬਾਤ ਕਰਕੇ ਹਾਲਾਤ ਬਾਰੇ ਜਾਣਕਾਰੀ ਹਾਸਲ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।