ਪਿਤਾ ਨੂੰ ਲਸ਼ਕਰ ਨਾਲ ਸਬੰਧਾਂ ਦਾ ਪਤਾ ਸੀ, ਪਿਤਾ ਦੇ ਦੇਹਾਂਤ ‘ਤੇ ਪਾਕਿ ਪ੍ਰਧਾਨ ਮੰਤਰੀ ਅਫ਼ਸੋਸ ਪ੍ਰਗਟ ਕਰਨ ਘਰ ਆਏ ਸਨ
ਮੁੰਬਈ/ਬਿਊਰੋ ਨਿਊਜ਼ : ਪਾਕਿਸਤਾਨੀ-ਅਮਰੀਕੀ ਦਹਿਸ਼ਤਗਰਦ ਡੇਵਿਡ ਕੋਲਮੈਨ ਹੈਡਲੀ ਨੇ ਅੱਤਵਾਦ ਵਿਰੋਧੀ ਅਦਾਲਤ ਵਿਚ ਜਿਰ੍ਹਾ ਦੌਰਾਨ ਇੰਕਸ਼ਾਫ਼ ਕੀਤਾ ਕਿ 2008 ਵਿਚ 26/11 ਦੇ ਮੁੰਬਈ ਹਮਲਿਆਂ ਤੋਂ ਬਾਅਦ ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਉਸ ਦੇ ਪਿਤਾ ਦੀ ਮੌਤ ਦਾ ਅਫ਼ਸੋਸ ਪ੍ਰਗਟਾਉਣ ਉਨ੍ਹਾਂ ਦੇ ਘਰ ਆਏ ਸਨ। ਜਿਰ੍ਹਾ ਦੇ ਤੀਜੇ ਦਿਨ ਹੈਡਲੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ 1971 ਦੀ ਜੰਗ ਦੌਰਾਨ ਉਨ੍ਹਾਂ ਦਾ ਸਕੂਲ ਬੰਬ ਵਿਚ ਤਬਾਹ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਭਾਰਤ ਖ਼ਿਲਾਫ਼ ਨਫ਼ਰਤ ਵੱਧ ਗਈ ਸੀ।ਅਬੂ ਜੁੰਦਾਲ ਦੇ ਵਕੀਲ ਅਬਦੁੱਲ ਵਹਾਬ ਖ਼ਾਨ ਵੱਲੋਂ ਵੀਡੀਓ ਲਿੰਕ ਰਾਹੀਂ ਹੈਡਲੀ ਨਾਲ ਜਿਰ੍ਹਾ ਕੀਤੀ ਜਾ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਹੈਡਲੀ ਨੇ ਦੱਸਿਆ ਕਿ ਪਾਕਿਸਤਾਨ ਰੇਡੀਓ ਵਿਚ ਡਾਇਰੈਕਟਰ ਜਨਰਲ ਰਹੇ ਪਿਤਾ ਨੂੰ ਉਸ ਦੇ ਲਸ਼ਕਰ-ਏ-ਤੋਇਬਾ ਨਾਲ ਸਬੰਧਾਂ ਬਾਰੇ ਜਾਣਕਾਰੀ ਸੀ ਅਤੇ ਉਹ ਇਸ ਤੋਂ ਨਾਖ਼ੁਸ਼ ਸਨ।ਉਸ ਨੇ ਦੋਸਤ ਤਹੱਵੁਰ ਹੁਸੈਨ ਰਾਣਾ ਨੂੰ ਕਿਹਾ ਸੀ ਕਿ 26/11 ਹਮਲੇ ਦੇ ਸਾਰੇ 9 ਦਹਿਸ਼ਤਗਰਦਾਂ ਨੂੰ ਪਾਕਿਸਤਾਨ ਦੇ ਸਰਵਉੱਚ ਬਹਾਦਰੀ ਪੁਰਸਕਾਰ ‘ਨਿਸ਼ਾਨ-ਏ-ਹੈਦਰ’ ਨਾਲ ਸਨਮਾਨਿਆ ਜਾਣਾ ਚਾਹੀਦਾ ਹੈ। ਹੈਡਲੀ ਨੇ ਕਿਹਾ ਕਿ ਉਸ ਨੂੰ ਲਸ਼ਕਰ ਦੇ ਮਹਿਲਾ ਸੈੱਲ ਅਤੇ ਫਿਦਾਈਨ ਸੈੱਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਐਨਆਈਏ ਦੇ ਕਹਿਣ ‘ਤੇ ਉਸ ਨੇ ਇਸ਼ਰਤ ਜਹਾਂ ਦਾ ਨਾਮ ਲਿਆ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …