ਵਾਦੀ ‘ਚ ਬਣਿਆ ਤਣਾਅ ਵਾਲਾ ਮਾਹੌਲ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਹੰਦਵਾੜਾ ਵਿੱਚ ਫੌਜ ਦੀ ਫਾਇਰਿੰਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਘਟਨਾ ਮਗਰੋਂ ਵਾਦੀ ਵਿੱਚ ਇੱਕ ਵਾਰ ਫਿਰ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਮੰਗਲਵਾਰ ਨੂੰ ਹੋਈ ਘਟਨਾ ਤੋਂ ਬਾਅਦ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਕਾਫੀ ਹੁੰਗਾਰਾ ਮਿਲਿਆ। ਜਦੋਂ ਕਿ ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਇਸ ਮਾਮਲੇ ਸਬੰਧੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਰੱਖਿਆ ਮੰਤਰੀ ਮਨੋਹਰ ਪਰੀਕਰ ਨਾਲ ਮੁਲਾਕਾਤ ਕੀਤੀ। ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਏਗੀ। ਜ਼ਿਕਰਯੋਗ ਹੈ ਕਿ ਉੱਤਰੀ ਕਸ਼ਮੀਰ ਦੇ ਹੰਦਵਾੜਾ ਕਸਬੇ ਵਿੱਚ ਫ਼ੌਜ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਗੋਲੀ ਚਲਾਏ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਵਿਅਕਤੀ ਦੀ ਬਾਅਦ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਇਕ ਫ਼ੌਜੀ ਜਵਾਨ ਵੱਲੋਂ ਕਾਲਜ ਵਿਦਿਆਰਥਣ ਨਾਲ ਛੇੜਖ਼ਾਨੀ ਕੀਤੇ ਜਾਣ ਤੋਂ ਬਾਅਦ ਇਹ ਹਾਲਾਤ ਬਣੇ ਹਨ। ਜਦ ਕਿ ਪੀੜਤ ਲੜਕੀ ਦਾ ਬਿਆਨ ਆ ਰਿਹਾ ਹੈ ਕਿ ਕਿਸੇ ਵੀ ਫੌਜੀ ਜਵਾਨ ਨੇ ਛੇੜਖਾਨੀ ਨਹੀਂ ਕੀਤੀ ਹੈ। ਉਧਰ, ਫੌਜ ਦਾ ਕਹਿਣਾ ਹੈ ਅਜਿਹੀ ਕੋਈ ਗੱਲ ਨਹੀਂ ਹੋਈ। ਇਸ ਘਟਨਾ ਕਾਰਨ ਰੋਸ ਮੁਜ਼ਾਹਰੇ ਹੋਰ ਜ਼ੋਰ ਫੜ ਗਏ ਤੇ ਪ੍ਰਸ਼ਾਸਨ ਨੂੰ ਕਸਬੇ ਵਿੱਚ ਕਰਫ਼ਿਊ ਲਾਉਣਾ ਪਿਆ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …