Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਬਰੈਂਪਟਨ ਦੇ ਨਵੀਨੀਕਰਨ ਲਈ ਫੈੱਡਰਲ-ਫੰਡਿੰਗ ਦਾ ਕੀਤਾ ਐਲਾਨ

ਸੋਨੀਆ ਸਿੱਧੂ ਨੇ ਬਰੈਂਪਟਨ ਦੇ ਨਵੀਨੀਕਰਨ ਲਈ ਫੈੱਡਰਲ-ਫੰਡਿੰਗ ਦਾ ਕੀਤਾ ਐਲਾਨ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਬੁੱਧਵਾਰ 15 ਨਵੰਬਰ ਨੂੰ ਯੂਨੀਅਨ ਸਟਰੀਟ ਨੇੜੇ ਸਥਿਤ ਵਾਈ.ਐੱਮ.ਸੀ.ਏ. ਦੇ ਨਵੀਨੀਕਰਨ ਸਬੰਧੀ ਹੋਏ ਇਕ ਸਮਾਗ਼ਮ ਵਿਚ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਮਾਣਯੋਗ ਖੋਜ, ਸਾਇੰਸ ਤੇ ਇਕਨਾਮਿਕ ਡਿਵੈੱਲਪਮੈਂਟ ਮੰਤਰੀ ਨਵਦੀਪ ਬੈਂਸ ਵੱਲੋਂ 6,22,000 ਡਾਲਰ ਦੀ ਫ਼ੈੱਡਰਲ ਫ਼ੰਡਿੰਗ ਦਾ ਐਲਾਨ ਕੀਤਾ। ਇਹ ਜ਼ਿਕਰਯੋਗ ਹੈ ਕਿ ਬਰੈਂਪਟਨ ਵਿਚਲੇ ਇਸ ਵਾਈ.ਐੱਮ.ਸੀ.ਏ. ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਨ ਲਈ ਇਸ ਦੇ ਨਵੀਨੀਕਰਨ ਦੀ ਲੋੜ ਪਿਛਲੇ ਕਾਫ਼ੀ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਫ਼ੈੱਡਰਲ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੀ ਇਸ ਵੱਡੀ ਰਾਸ਼ੀ ਨਾਲ ਇਸ ਵਾਈ.ਐੱਮ.ਸੀ.ਏ. ਦੀ ਲੋੜੀਂਦੀ ਮੁਰੰਮਤ, ਇਸ ਦੀ ਛੱਤ ਦੀ ਤਬਦੀਲੀ, ਮਕੈਨੀਕਲ ਸਿਸਟਮਾਂ, ਲਾਈਟਾਂ, ਲੌਬੀ ਅਤੇ ਰੀਸੈੱਪਸ਼ਨ ਏਰੀਏ ਵਿਚ ਕੀਤੇ ਜਾਣ ਵਾਲੇ ਸੁਧਾਰਾਂ ਨਾਲ ਕਮਿਊਨਿਟੀ ਸਪੇਸ ਵਿਚ ਹੋਣ ਵਾਲੇ ਵਾਧੇ ਨਾਲ ਬਰੈਂਪਟਨ ਦੇ ਪਰਿਵਾਰਾਂ ਨੂੰ ਬੜਾ ਫ਼ਾਇਦਾ ਹੋਵੇਗਾ। ਇਹ ਪੂੰਜੀ-ਨਿਵੇਸ਼ ‘ਕੈਨੇਡਾ 150 ਕਮਿਊਨਿਟੀ ਇਨਫ਼ਰਾ-ਸਟਰੱਕਚਰ’ ਪ੍ਰੋਗਰਾਮ ਅਧੀਨ ਕੀਤਾ ਜਾ ਰਿਹਾ ਹੈ ਜਿਸ ਵਿਚ 300 ਮਿਲੀਅਨ ਡਾਲਰ ਦੀ ਰਕਮ ਕੈਨੇਡਾ ਦਾ 150ਵਾਂ ਜਨਮ-ਦਿਵਸ ਮਨਾਉਣ ਅਤੇ ਕੈਨੇਡਾ-ਵਾਸੀਆਂ ਨੂੰ ਜੋੜਨ ਦੇ ਮੰਤਵ ਲਈ ਰੱਖੀ ਗਈ ਹੈ।
ਇਸ ਰਕਮ ਵਿੱਚੋਂ ‘ਫ਼ੈੱਡ-ਡੇਵ’ (FedDev) 88.9 ਮਿਲੀਅਨ ਰਾਸ਼ੀ ਸਾਊਥ ਓਨਟਾਰੀਓ ਨੂੰ ਮੁਹੱਈਆ ਕਰਵਾ ਰਹੀ ਹੈ। ਇਸ ਮੌਕੇ ਬੋਲਦਿਆਂ ਸੋਨੀਆ ਸਿੱਧੂ ਨੇ ਕਿਹਾ, ”ਮੈਨੂੰ ਮਾਣ ਹੈ ਕਿ ਸਾਡੀ ਸਰਕਾਰ ਵੱਲੋਂ ਬਰੈਂਪਟਨ ਵਿਚ ਅਤੀ ਜ਼ਰੂਰੀ ਕਮਿਊਨਿਟੀ ਇਨਫ਼ਰਾ-ਸਟਰੱਕਚਰ ਪ੍ਰੋਜੈਕਟਾਂ ਲਈ ਵੱਡਾ ਪੂੰਜੀ ਨਿਵੇਸ਼ ਕੀਤਾ ਜਾ ਰਿਹਾ ਹੈ।
ਇਨ੍ਹਾਂ ਪੂੰਜੀ ਨਿਵੇਸ਼ਾਂ ਨਾਲ ਬਰੈਂਪਟਨ-ਵਾਸੀ ਆਉਣ ਵਾਲੇ ਕਈ ਸਾਲਾਂ ਤੱਕ ਵਾਈ.ਐੱਮ.ਸੀ.ਏ. ਵਰਗੀਆਂ ਉੱਤਮ ਕਮਿਊਨਿਟੀ ਸਹੂਲਤਾਂ ਦਾ ਲਾਭ ਉਠਾ ਸਕਣਗੇ। ਕੈਨੇਡਾ ਦੀ 150ਵੀਂ ਵਰ੍ਹੇ-ਗੰਢ ਮਨਾਉਂਦਿਆਂ ਹੋਇਆਂ ਅਸੀ ਆਪਣੀਆਂ ਕਮਿਊਨਿਟੀਆਂ ਦਾ ਆਉਣ ਵਾਲੇ 150 ਸਾਲਾਂ ਦਾ ਭਵਿੱਖ ਵੇਖ ਰਹੇ ਹਾਂ।” ਗਰੇਟਰ ਟੋਰਾਂਟੋ ਵਾਈ.ਐੱਮ.ਸੀ.ਏ. ਦੇ ਪ੍ਰੈਜ਼ੀਡੈਂਟ ਤੇ ਸੀ.ਈ.ਓ.ਮੇਧਤ ਮੈਹਦੀ ਦਾ ਕਹਿਣਾ ਸੀ, ”ਵਾਈ.ਐੱਮ.ਸੀ.ਏ. ਕਮਿਊਨਿਟੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਲੋਕਾਂ ਨੂੰ ਚੁਸਤ-ਦਰੁਸਤ ਰਹਿਣ ਦੇ ਮੌਕੇ ਮਿਲ ਸਕਣ ਅਤੇ ਉਹ ਕਮਿਊਨਿਟੀ ਪ੍ਰੋਗਰਾਮਾਂ ਵਿਚ ਭਾਗ ਲੈ ਸਕਣ। ਅਸੀਂ ਫ਼ੈੱਡਰਲ ਸਰਕਾਰ ਦੇ ‘ਕੈਨੇਡਾ 150 ਕਮਿਊਨਿਟੀ ਇਨਫ਼ਰਾ-ਸਟਰੱਕਚਰ ਪ੍ਰੋਗਰਾਮ’ ਦੇ ਧੰਨਵਾਦੀ ਹਾਂ ਜਿਸ ਨੇ ਬਰੈਂਪਟਨ ਵਾਈ.ਐੱਮ.ਸੀ.ਏ. ਵਿਚ ਉਪਲੱਬਧ ਸਹੂਲਤਾਂ ਦੇ ਨਵੀਨੀਕਰਨ ਲਈ ਸਾਡੀ ਸਹਾਇਤਾ ਕੀਤੀ ਹੈ।”
ਇਸ ਮੌਕੇ ਮਾਣਯੋਗ ਖੋਜ, ਸਾਇੰਸ ਤੇ ਇਕਨਾਮਿਕ ਡਿਵੈੱਲਪਮੈਂਟ ਮੰਤਰੀ ਨਵਦੀਪ ਬੈਂਸ ਵੱਲੋਂ ਭੇਜੇ ਗਏ ਸੁਨੇਹੇ ਅਨੁਸਾਰ,”ਇਹ ਪੂੰਜੀ ਨਿਵੇਸ਼ ਕੈਨੇਡਾ ਦੀ 150ਵੀ ਵਰ੍ਹੇ-ਗੰਢ ਮੌਕੇ ਅਤਿ-ਲੋੜੀਂਦੇ ਕਮਿਊਨਿਟੀ-ਉਸਾਰੀ ਪ੍ਰੋਜੈਕਟ ਲਈ ਕੀਤਾ ਜਾ ਰਿਹਾ ਹੈ ਅਤੇ ਕਮਿਊਨਿਟੀ ਨੂੰ ਇਕੱਠੇ ਕਰਨ ਲਈ ਇਸ ਤੋਂ ਬੇਹਤਰ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ। ਵਾਈ.ਐੱਮ.ਸੀ.ਏ. ਵਿਚ ਉਪਲਬਧ ਇਹ ਸਹੂਲਤਾਂ ਸਾਨੂੰ ਫਿੱਟ ਰਹਿਣ ਅਤੇ ਦੋਸਤਾਂ-ਮਿੱਤਰ ਤੇ ਗਵਾਂਢੀਆਂ ਨਾਲ ਮਿਲਣ ਦੇ ਮੌਕੇ ਦਿੰਦੀਆਂ ਹਨ। ਇਸ ਦੇ ਨਾਲ ਅਸੀਂ ਦੇਸ਼-ਭਰ ਅਤੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਸਾਂਝੀ ਜਾਣ-ਪਛਾਣ ਅਤੇ ਮਿੱਤਰਤਾ ਦਾ ਸਬੰਧ ਪੈਦਾ ਕਰ ਸਕਦੇ ਹਾਂ। ਅਜਿਹੀਆਂ ਸਹੂਲਤਾਂ ਸਾਡੇ ਸੁਭਾਆਂ ਵਿਚ ਖੁੱਲ੍ਹੇਪਨ, ਅਨੇਕਤਾ ਵਿਚ ਏਕਤਾ ਅਤੇ ਇਕ ਦੂਸਰੇ ਨਾਲ ਮਿਲ ਬੈਠਣ ਵਰਗੀਆਂ ਮਨੁੱਖੀ ਕਦਰਾਂ-ਕੀਮਤਾਂ ਵਿਚ ਵਾਧਾ ਕਰਦੀਆਂ ਹਨ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …