Breaking News
Home / ਕੈਨੇਡਾ / ਕਮਿਊਨਿਸਟ ਪਾਰਟੀ ਆਫ ਕੈਨੇਡਾ ਵਲੋਂ ਡੱਗ ਫੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਬਰੈਂਪਟਨ ‘ਚ ਮੁਜ਼ਾਹਰਾ

ਕਮਿਊਨਿਸਟ ਪਾਰਟੀ ਆਫ ਕੈਨੇਡਾ ਵਲੋਂ ਡੱਗ ਫੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਬਰੈਂਪਟਨ ‘ਚ ਮੁਜ਼ਾਹਰਾ

ਬਰੈਂਪਟਨ/ਬਿਊਰੋ ਨਿਊਜ਼ : ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਡੱਗ ਫ਼ੋਰਡ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ਼ ਲੰਘੇ ਐਤਵਾਰ ਪੀ.ਸੀ.ਪਾਰਟੀ ਦੇ ਐਮ.ਪੀ.ਪੀ. ਅਮਰਜੋਤ ਸੰਧੂ ਦੇ ਬਰੈਂਪਟਨ ਸਥਿਤ ਹਲਕਾ ਦਫ਼ਤਰ ਦੇ ਸਾਹਮਣੇ ਮੁਜ਼ਾਹਰਾ ਕੀਤਾ ਗਿਆ। ਡੱਗ ਫ਼ੋਰਡ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕਮਿਊਨਿਸਟ ਪਾਰਟੀ ਵੱਲੋਂ ਇਹ ਦੂਸਰੀ ਵਾਰ ਮੁਜ਼ਾਹਰਾ ਕੀਤਾ ਗਿਆ ਹੈ। ਫ਼ੋਰਡ ਸਰਕਾਰ ਲਗਾਤਾਰ ਮਜਦੂਰ ਅਤੇ ਲੋਕ-ਵਿਰੋਧੀ ਫੈਸਲੇ ਲੈ ਰਹੀ ਹੈ ਜਿਨ੍ਹਾਂ ਵਿੱਚ ਬਿੱਲ-148 ਨੂੰ ਰੱਦ ਕਰਨਾ ਅਤੇ ਉਸ ਦੀ ਥਾਂ ਬੇਹੱਦ ਮਜ਼ਦੂਰ ਵਿਰੋਧੀ ਬਿੱਲ 47 ਨੂੰ ਪੇਸ਼ ਕਰਨਾ, ਵਿੱਦਿਆ ਦੇ ਖ਼ੇਤਰ ਵਿੱਚ ਕਟੌਤੀਆਂ ਨੂੰ ਜਾਰੀ ਰੱਖਦਿਆਂ ਬਰੈਂਪਟਨ ਸਮੇਤ ਸੂਬੇ ਵਿੱਚ ਤਿੰਨ ਯੂਨੀਵਰਸਿਟੀਆਂ ਬਣਾਉਣ ਦੀ ਯੋਜਨਾ ਨੂੰ ਰੱਦ ਕਰਨਾ, ਸਿਹਤ ਅਤੇ ਹੋਰ ਸੇਵਾਵਾਂ ਵਿੱਚ ਕਟੌਤੀਆਂ ਨੂੰ ਲਗਾਤਾਰ ਜਾਰੀ ਰੱਖਣਾ ਮੁੱਖ ਹਨ।
ਮੁਜ਼ਾਹਰੇ ਨੂੰ ਓਨਟਾਰੀਓ ਦੀ ਕਮਿਊਨਿਸਟ ਪਾਰਟੀ ਦੇ ਸੂਬਾ ਆਗੂ ਕਾਮਰੇਡ ਡੇਵ ਮਕੀਅ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੱਗ ਫੋਰਡ ਨੇ ਜਿੱਤਣ ‘ਤੇ ਇਹ ਐਲਾਨ ਕੀਤਾ ਸੀ ਕਿ ਪਹਿਲੀ ਵਾਰ ਲੋਕਾਂ ਦੀ ਸਰਕਾਰ ਚੁਣੀ ਗਈ ਹੈ ਪਰ ਅਜੇ ਸਰਕਾਰ ਬਣੀ ਨੂੰ ਕੁਝ ਮਹੀਨੇ ਹੀ ਹੋਏ ਹਨ ਅਤੇ ਇਸ ਸਰਕਾਰ ਦਾ ਲੋਕ-ਵਿਰੋਧੀ ਚਿਹਰਾ ਪੂਰੀ ਤਰਾਂ ਨੰਗਾ ਹੋ ਗਿਆ ਹੈ। ਇਸ ਸਰਕਾਰ ਨੇ ਸਭ ਤੋਂ ਪਹਿਲਾ ਹਮਲਾ ਪਬਲਿਕ ਸੈਕਟਰ ਦੇ ਕਾਮਿਆਂ ‘ਤੇ ਕੀਤਾ ਜਿਸ ਤਹਿਤ ਯੌਰਕ ਯੂਨੀਵਰਸਿਟੀ ਦੇ ਮੁਲਾਜਮਾਂ ਨੂੰ ਕੰਮ ‘ਤੇ ਵਾਪਸ ਆਉਣ ਦਾ ਬਿੱਲ ਪਾਸ ਕਰਕੇ ਉਨ੍ਹਾਂ ਨੂੰ ਹੜਤਾਲ ਕਰਨ ਤੋਂ ਵਾਝਿਆਂ ਕੀਤਾ ਗਿਆ ਅਤੇ ਪਬਲਿਕ ਸੈਕਟਰ ਵਿੱਚ ਨਵੀਆਂ ਨੌਕਰੀਆਂ ਦੀ ਭਰਤੀ ‘ਤੇ ਰੋਕ ਲਾਈ ਗਈ ਹੈ।
ਏਸੇ ਤਰ੍ਹਾਂ ਮਜ਼ਦੂਰਾਂ ਦੇ ਵੇਤਨ ਵਾਧੇ ਨੂੰ ਰੋਕਣ, ਬਿੱਲ 148 ਨੂੰ ਖਾਰਜ ਕਰਨ ਅਤੇ ਕਾਰਪੋਰੇਟ ਪੱਖੀ ਬਿੱਲ-47 ਲਿਆਉਣ ਵਰਗੇ ਫ਼ੋਰਡ ਸਰਕਾਰ ਦੇ ਬੇਹੱਦ ਸ਼ਰਮਨਾਕ ਫੈਸਲੇ ਹਨ। ਸੋਸ਼ਲ ਸਹਾਇਤਾ ‘ਤੇ ਗੁਜ਼ਾਰਾ ਕਰ ਰਹੇ ਲੋਕਾਂ ਦੇ ਆਮਦਨ ਵਾਧੇ ਨੂੰ ਅੱਧਾ ਕਰਕੇ ਅਤੇ ਸਰਕਾਰ ਨੇ ਨਵੇਂ ਸੈਕਸ ਪਾਠਕਰਮ ਨੂੰ ਰੱਦ ਕਰਕੇ ਬੱਚਿਆਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਬੇਹੱਦ ਮਾੜਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਇਕ ਅਜਿਹੀ ਫ਼ੋਨ-ਲਾਈਨ ਸਥਾਪਿਤ ਕੀਤੀ ਗਈ ਹੈ ਜਿਸ ਤਹਿਤ ਅਧਿਆਪਕਾਂ ਖਿਲਾਫ਼ ਸ਼ਿਕਾਇਤਾਂ ਕੀਤੀਆਂ ਜਾ ਸਕਣ। ਕਾਮਰੇਡ ਡੇਵ ਨੇ ਕਿਹਾ ਕਿ ਫ਼ੋਰਡ ਦੀ ਸਰਕਾਰ ਨੇ ਆਉਦਿਆਂ ਹੀ ਵਾਤਾਵਰਣ ਦੀ ਸੰਭਾਲ ਸਬੰਧੀ ਸਾਰੇ ਪ੍ਰੋਗਰਾਮ ਰੱਦ ਕਰਕੇ ਬੇਹੱਦ ਮਾੜਾ ਫੈਸਲਾ ਲਿਆ ਹੈ।
ਕੈਨੇਡਾ ਦੇ ਮੂਲ-ਵਾਸੀਆਂ ਸਬੰਧੀ ਵਿੱਦਿਆ ਦੇ ਪਾਠ-ਕਰਮ ਨੂੰ ਰੱਦ ਕਰਕੇ ਅਤੇ ਉੱਤਰੀ ਓਨਟਾਰੀਓ ਵਿੱਚ ਮੂਲ-ਵਾਸੀਆਂ ਦੀਆਂ ਜ਼ਮੀਨਾਂ ਵਿੱਚੋਂ ਕੀਮਤੀ ਖਣਿਜ ਕੱਢਣ ਸਬੰਧੀ ਕਾਰਪੋਰੇਟਾਂ ਨੂੰ ਅਧਿਕਾਰ ਦਿੱਤੇ ਹਨ ਜੋ ਮੂਲ-ਵਾਸੀਆਂ ਦੇ ਹਿੱਤਾਂ ਦੇ ਵਿਰੁੱਧ ਫ਼ੈਸਲੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਬਹੁ-ਗਿਣਤੀ ਲੋਕ-ਵਿਰੋਧੀ ਹੈ ਜਦ ਕਿ ਇਹ ਮੁੱਠੀ-ਭਰ ਕਾਰਪੋਰੇਟਾਂ ਦੇ ਹਿੱਤਾਂ ਨੂੰ ਪਾਲ ਰਹੀ ਹੈ। ਇਹ ਲੋਕਾਂ ਦੀ ਸਰਕਾਰ ਨਹੀਂ ਹੈ, ਬਲਕਿ ਇਹ ਲੋਕ-ਵਿਰੋਧੀ ਸਰਕਾਰ ਹੈ। ਸਰਕਾਰ ਦੇ ਲੋਕ-ਵਿਰੋਧੀ ਚਰਿੱਤਰ ਨੂੰ ਲੋਕਾਂ ਵਿੱਚ ਲਗਾਤਾਰ ਨੰਗਿਆਂ ਕੀਤਾ ਜਾਣਾ ਚਾਹੀਦਾ ਹੈ। ਕਾਮਰੇਡ ਡੇਵ ਨੇ ਕਿਹਾ ਅਜਿਹਾ ਸੂਬੇ ਵਿੱਚ ਮੌਜੂਦਾ ਸਰਕਾਰ ਵਿਰੁੱਧ ਲਗਾਤਾਰ ਮੁਜ਼ਾਹਰੇ ਕਰਕੇ ਹੀ ਕੀਤਾ ਜਾ ਸਕਦਾ ਹੈ। ਸੂਬੇ ਵਿੱਚ ਅਜਿਹੇ ਅਗਾਂਹ-ਵਧੂ ਬਹੁਤ ਸਾਰੇ ਮੁਜ਼ਾਹਰੇ ਹੋ ਰਹੇ ਹਨ ਅਤੇ ਸਰਕਾਰ ਦੇ ਖਿਲਾਫ ਲੋਕ ਪ੍ਰਤੀਰੋਧ ਤਿੱਖਾ ਹੋ ਰਿਹਾ ਹੈ। ਵੱਧ ਤੋਂ ਵੱਧ ਲੋਕਾਂ ਨੂੰ ਮੁਜ਼ਾਹਰਿਆਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮੌਜੂਦਾ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਮਜ਼ਦੂਰ ਜਮਾਤ ਦੇ ਸਾਰੇ ਹਲਕਿਆਂ ਨੂੰ ਸਾਂਝੀ, ਜੁਝਾਰੂ ਅਤੇ ਬੱਝਵੀਂ ਲਹਿਰ ਉਸਾਰ ਕੇ ਹਰ ਪੱਖ ਤੋਂ ਮੌਜੂਦਾ ਸਰਕਾਰ ਨੂੰ ਹਰਾਇਆ ਜਾ ਸਕਦਾ ਹੈ। ਲੋਕਾਂ ਦੀਆਂ ਹੱਕੀ ਅਤੇ ਜਮਹੂਰੀ ਮੰਗਾਂ ਨੂ ਨੂੰਧਿਆਨਡੱਚ ਰੱਖ ਕੇ ਅਜਿਹੀ ਲਹਿਰ ਉਸਾਰਨੀ ਸਮੇਂ ਦੀ ਬੇਹੱਦ ਜ਼ਰੂਰੀ ਲੋੜ ਹੈ। ਉਨ੍ਹਾਂ ਕਿਹਾ ਕਿ ਕਮਿਊਨਿਸਟ ਪਾਰਟੀ ਸਾਰੀਆਂ ਮਜ਼ਦੂਰ ਅਤੇ ਲੋਕ-ਪੱਖੀ ਧਿਰਾਂ ਨਾਲ ਰਲ ਕੇ ਇਸ ਦਿਸ਼ਾ ਵੱਲ ਕੰਮ ਕਰ ਰਹੀ ਹੈ। ਕਾਮਰੇਡ ਡੇਵ ਨੇ ਕਿਹਾ ਕਿ ਸਾਡਾ ਨਿਸ਼ਾਨਾ ਸਿਰਫ਼ ਵਿਰੋਧ ਕਰਨ ਤੱਕ ਹੀ ਸੀਮਤ ਨਹੀ ਹੈ ਅਸੀ ਲੋਕ ਪੱਖੀ ਬਦਲ ਵੀ ਪੇਸ਼ ਕਰ ਰਹੇ ਹਾਂ ਜਿਸ ਤਹਿਤ ਨੈਸ਼ਨਲ ਫਾਰਮਾ ਕੇਅਰ, ਮੁਫ਼ਤ ਪੋਸਟ ਸੈਕੰਡਰੀ ਵਿਦਿਆ, ਦੰਦਾਂ ਤੇ ਅੱਖਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਵਿੱਚ ਸ਼ਾਮਲ ਕਰਨਾ, ਘੱਟੋ ਘੱਟ ਉਜਰਤ ਨੂੰ ਵਧਾਉਣਾ, ਮਿਆਰੀ ਪਬਲਿਕ ਸਿਹਤ ਅਤੇ ਵਿਦਿਅਕ ਸੇਵਾਵਾਂ ਮੁਹੱਇਆ ਕਰਵਾਉਣਾ ਆਦਿ ਮੁੱਖ ਹਨ।
ਇਸ ਮੁਜ਼ਾਹਰੇ ਨੂੰ ਘੱਟੋ ਘੱਟ ਉਜਰਤ $15 ਕਰਨ ਲਈ ਚੱਲ ਰਹੀ ਮੁਹਿੰਮ ਦੀ ਨੌਜੁਆਨ ਕਾਰਜ ਕਰਤਾ ਸਿਮਰਨ ਨੇ ਵੀ ਸੰਬੋਧਨ ਕੀਤਾ। ਸਿਮਰਨ ਨੇ ਕਿਹਾ ਕਿ ਡੱਗ ਫੋਰਡ ਨੇ ਬਿੱਲ 148 ਬਾਰੇ ਕਿਹਾ ਸੀ ਕਿ ਇਹ ਬੇਹੱਦ ਭਿਆਨਕ ਬਿੱਲ ਹੈ ਜਿਸ ਨਾਲ ਵੱਡੀ ਪੱਧਰ ਤੇ ਰੋਜ਼ਗਾਰ ਘਟਿਆ ਹੈ ਜੋ ਕਿ ਸਰਾਸਰ ਝੂਠ ਹੈ। ਪਿਛਲੇ ਸਮੇਂ ਦੌਰਾਨ ਰੁਜ਼ਗਾਰ ਵਧਿਆ ਹੈ ਅਤੇ 66% ਓਨਟਾਰੀਓ ਵਾਸੀ $15 ਵੇਤਨ ਦਾ ਸਮਰਥਨ ਕਰਦੇ ਹਨ। ਪਿਛਲੀ ਪੀ.ਸੀ. ਸਰਕਾਰ ਨੇ ਉਜ਼ਰਤ $8 ਤੇ ਜਾਮ ਕਰ ਦਿੱਤੀ ਸੀ ਅਤੇ ਬਿੱਲ-148 ਸਦਕਾ ਹੀ ਵੇਤਨ $14 ਹੋਈ ਸੀ ਅਤੇ ਜਨਵਰੀ ਵਿੱਚ ਇਹ $15 ਹੋਣੀ ਜੋ ਮੌਜ਼ੂਦਾ ਮਜ਼ਦੂਰ ਵਿਰੋਧੀ ਸਰਕਾਰ ਨੇ ਹੋਣ ਨਹੀ ਦਿੱਤੀ। ਬਿੱਲ-148 ਤਹਿਤ ਬੀਮਾਰ ਹੋਣ ਦੀ ਹਾਲਤ ਵਿਚ 10 ਛੁੱਟੀਆਂ ਸਨ ਜਿੰਨਾਂ ਵਿੱਚੋਂ ਦੋ ਭੁਗਤਾਨ-ਤਹਿਤ ਮਿਲ ਸਕਦੀਆਂ ਸਨ ਅਤੇ ਬਰਾਬਰ ਕੰਮ ਬਰਾਬਰ ਵੇਤਨ ਤਹਿਤ ਲੱਖਾਂ ਕੱਚੇ ਅਤੇ ਏਜੰਸੀਆਂ ਦੇ ਕਾਮਿਆਂ ਨੂੰ ਭਾਰੀ ਆਰਥਿਕ ਫ਼ਾਇਦਾ ਹੋਇਆ ਸੀ ਪਰ ਮੌਜੁਦਾ ਸਰਕਾਰ ਨੇ ਇਹ ਸਭ ਕੁਝ ਖ਼ਤਮ ਕਰ ਦਿੱਦਾ ਹੈ ਅਤੇ ਬੇਹੱਦ ਮਜ਼ਦੂਰ ਵਿਰੋਧੀ ਬਿੱਲ-47 ਪੇਸ਼ ਕੀਤਾ ਹੈ ਅਤੇ ਜੋ ਕਿ ਬਹੁਤ ਹੀ ਸ਼ਰਮਨਾਕ ਕੰਮ ਹੈ। ਪਰ ਅਸੀ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨ ਦੇਵਾਂਗੇ ਅਤੇ ਆਪਣੇ ਲੱਖਾਂ ਮਜ਼ੂਦਰ ਭੈਣ ਭਰਾਵਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਾਂਗੇ।
ਇਸ ਮੌਕੇ ਨੇੜਿਉਂ ਲੰਘ ਰਹੇ ਰਾਹਗੀਰਾਂ ਨੇ ਮੁਜ਼ਾਹਰਾ-ਕਾਰੀਆਂ ਦਾ ਲਗਾਤਾਰ ਹਾਰਨ ਮਾਰ ਕੇ ਸਮੱਰਥਨ ਕੀਤਾ। ਕਾਮਰੇਡ ਵਿੱਲਫਰੈੱਡ ਨੇ ਕਿਹਾ ਪਾਰਟੀ ਜਲਦੀ ਹੀ ਅਗਲੇ ਐਕਸ਼ਨ ਦਾ ਐਲਾਨ ਕਰੇਗੀ। ਇਸ ਸਬੰਧੀ ਹੋਰ ਜਾਣਕਾਰੀ ਲਈ ਹਰਿੰਦਰ ਹੁੰਦਲ ਨਾਲ 647-818-6880 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …