Breaking News
Home / ਕੈਨੇਡਾ / ਗੋਰ ਸੀਨੀਅਰਜ਼ ਕਲੱਬ ਨੇ ਕ੍ਰਿਸਮਸ ਦਾ ਜਸ਼ਨ ਮਨਾਇਆ

ਗੋਰ ਸੀਨੀਅਰਜ਼ ਕਲੱਬ ਨੇ ਕ੍ਰਿਸਮਸ ਦਾ ਜਸ਼ਨ ਮਨਾਇਆ

gore-club-seniors-celebrating-christmas-copy-copyਬਰੈਂਪਟਨ/ਡਾ.ਝੰਡ : ਕ੍ਰਿਸਮਸ ਦਾ ਤਿਉਹਾਰ ਨੇੜੇ ਆ ਰਿਹਾ ਹੈ। ਕੁਝ ਦਿਨ ਹੀ ਬਾਕੀ ਰਹਿੰਦੇ ਹਨ। ਲੋਕਾਂ ਵੱਲੋਂ ਕ੍ਰਿਸਮਸ ਦੇ ਜਸ਼ਨ ਇਸ ਤੋਂ ਮਹੀਨਾ ਕੁ ਪਹਿਲਾਂ ਹੀ ਮਨਾਉਣੇ ਸ਼ੁਰੂ ਹੋ ਜਾਂਦੇ ਹਨ। ਦਰਅਸਲ, ਇਨ੍ਹਾਂ ਦੇਸ਼ਾਂ ਵਿੱਚ ਦਸੰਬਰ ਦਾ ਪੂਰਾ ਮਹੀਨਾ ਹੀ ‘ਕ੍ਰਿਸਮਸ ਦਾ ਮਹੀਨਾ’ ਮੰਨਿਆ ਜਾਂਦਾ ਹੈ। ਲੋਕ ਕ੍ਰਿਸਮਸ ਦੀਆਂ ਛੁੱਟੀਆਂ ਨੂੰ ‘ਹੌਲੀਡੇਅ ਸੀਜ਼ਨ’ ਮੰਨਦੇ ਹਨ। ਵੱਖ-ਵੱਖ ਸਮਾਜਿਕ ਅਤੇ ਵਿਉਪਾਰਕ ਅਦਾਰਿਆਂ ਵੱਲੋਂ ਕ੍ਰਿਸਮਸ ਪਾਰਟੀਆਂ ਦਸੰਬਰ ਦਾ ਸਾਰਾ ਮਹੀਨਾ ਹੀ ਚੱਲਦੀਆਂ ਰਹਿੰਦੀਆਂ ਹਨ। ਏਸੇ ਸਿਲਸਿਲੇ ਵਿੱਚ ਗੋਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲੰਘੇ ਸੋਮਵਾਰ 19 ਦਸੰਬਰ ਨੂੰ ਗੋਰ ਰੋਡ ਤੇ ਐਬਨੇਜ਼ਰ ਰੋਡ ਸਥਿਤ ਕਮਿਊਨਿਟੀ ਹਾਲ ਵਿੱਚ ਕਰਿੱਸਮਸ ਦਾ ਤਿਉਹਾਰ ਮਨਾਇਆ।
ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ‘ਤੇ ਇਸ ਵਿੱਚ ਸ਼ਿਰਕਤ ਕਰਨ ਲਈ ਬਰੈਂਪਟਨ ਸਿਟੀ ਕੌਂਸਲ ਦੇ ਵਾਰਡ ਨੰਬਰ 9 ਅਤੇ 10 ਦੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਰਿਜਨਲ ਕੌਂਸਲਰ ਜੌਹਨ ਸਪਰੌਵਰੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਵੱਲੋਂ ਉਨ੍ਹਾਂ ਅਤੇ ਆਏ ਹੋਰ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਗਿਆ ਅਤੇ ਨਾਲ ਹੀ ਕਲੱਬ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਪਰੰਤ, ਮੰਚ-ਸੰਚਾਲਕ ਅਮਰੀਕ ਸਿੰਘ ਕੁਮਰੀਆ ਵੱਲੋਂ ਪ੍ਰੋ. ਜਗੀਰ ਸਿੰਘ ਕਾਹਲੋਂ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਪੰਜਾਬੀ (ਭਾਰਤੀ) ਅਤੇ ਕੈਨੇਡੀਅਨ ਸੱਭਿਆਚਾਰਾਂ ਦੇ ਵਖਰੇਵੇਂ ਦੇ ਬਾਵਜੂਦ ਇੱਕ ਦੂਜੇ ਵਿੱਚ ਚੰਗੀ ਤਰ੍ਹਾਂ ਇੱਕਮਿੱਕ ਹੋਣ ‘ਤੇ ਜ਼ੋਰ ਦਿੱਤਾ। ਇੱਥੇ ਕੈਨੇਡਾ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੀੜ੍ਹੀ ਵਿਚਕਾਰ ਵੱਧ ਰਹੇ ਪਾੜੇ ਬਾਰੇ
ਜ਼ਿਕਰ ਕਰਦਿਆਂ ਉਨ੍ਹਾਂ ਪਹਿਲੀ ਪੀੜ੍ਹੀ ਨੂੰ ਇਸ ਵਾਤਾਵਰਨ ਵਿੱਚ ਆਪਣੇ ਆਪ ਨੂੰ ਐਡਜੈਸਟ ਕਰਕੇ ਇਸ ਨੂੰ ਘਟਾਉਣ ਦੀ ਵੀ ਗੱਲ ਕੀਤੀ। ਡਾ. ਸੁਖਦੇਵ ਸਿੰਘ ਝੰਡ ਨੇ ਸੀਨੀਅਰਜ਼ ਕਲੱਬਾਂ ਵੱਲੋਂ ਇਸ ਤਰ੍ਹਾਂ ਕ੍ਰਿਸਮਸ, ਦੀਵਾਲੀ, ਵਿਸਾਖੀ, ਈਦ ਅਤੇ ਹੋਰ ਸਾਰੇ ਤਿਉਹਾਰ ਸਾਂਝੇ ਤੌਰ ‘ਤੇ ਮਨਾ ਕੇ ਕੈਨੇਡਾ ਵਿੱਚ ਵੱਖ-ਵੱਖ ਕਮਿਊਨਿਟੀਆਂ ਵਿਚਕਾਰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸੀਨੀਅਰਜ਼ ਕਲੱਬਾਂ ਵੱਲੋਂ ਪਾਏ ਜਾ ਰਹੇ ਅਹਿਮ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਤਿੰਨ- ਚਾਰ ਸਾਲ ਪਹਿਲਾਂ ਬਰੈਂਪਟਨ ਵਿੱਚ ਯੂਨੀਵਰਸਿਟੀ ਬਨਾਉਣ ਦੀ ਗੱਲ ਸੀਨੀਅਰਜ਼ ਕਲੱਬਾਂ ਦੇ ਮੈਂਬਰਾਂ ਵੱਲੋਂ ਹੀ ਸ਼ੁਰੂ ਕਰਨ ਦੀ ਯਾਦ ਤਾਜ਼ਾ ਕੀਤੀ। ਇਸ ਮੌਕੇ ਬੋਲਦਿਆਂ ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਗੋਰ ਕਲੱਬ ਦੇ ਮੈਂਬਰਾਂ ਨੂੰ ਇਹ ਕ੍ਰਿਸਮਸ ਸਮਾਗ਼ਮ ਮਨਾਉਣ ਦੀ ਵਧਾਈ ਦਿੱਤੀ ਅਤੇ ਬਰੈਂਪਟਨ ਸਿਟੀ ਕੌਂਸਲ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕਰਦਿਆਂ ਕਿਹਾ ਕਿ ਨਵੇਂ ਸਾਲ ਵਿੱਚ ਇੱਥੇ ਯੂਨੀਵਰਸਿਟੀ ਦੀ ਸਥਾਪਨਾ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਜਨਵਰੀ ਮਹੀਨੇ ਵਿੱਚ ਮੈਂਬਰਾਂ ਹੋਰ ਵੀ ਅੱਪਡੇਟਸ ਸਾਂਝੇ ਕਰਨ ਦਾ ਯਕੀਨ ਦਿਵਾਇਆ। ਏਸੇ ਤਰ੍ਹਾਂ ਰਿਜਨਲ ਕੌਂਸਲਰ ਜੌਹਨ ਸਪਰੌਵਰੀ ਨੇ ਵੀ ਹਾਜ਼ਰੀਨ ਨਾਲ ਕ੍ਰਿਸਮਸ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਹੋਇਆਂ ਸਿਟੀ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬੀਆਂ ਨਾਲ ਗੱਲਾਂਬਾਤਾਂ ਕਰਕੇ ਬਹੁਤ ਵਧੀਆ ਲੱਗਦਾ ਹੈ ਅਤੇ ਉਹ ਭਾਵੇਂ ਪੰਜਾਬੀ ਬੋਲ ਨਹੀਂ ਸਕਦੇ ਪਰ ਪੰਜਾਬੀਆਂ ਵਿੱਚ ਵਿਚਰ ਕੇ ਹੁਣ ਅੱਧੀ-ਪਚੱਧੀ ਪੰਜਾਬੀ ਸਮਝਣ ਲੱਗ ਪਏ ਹਨ।
ਸਮਾਗ਼ਮ ਦੇ ਅਖ਼ੀਰ ਵਿੱਚ ਵਿਸ਼ੇਸ਼ ਮਹਿਮਾਨਾਂ ਗੁਰਪ੍ਰੀਤ ਸਿੰਘ ਢਿੱਲੋਂ, ਜੌਹਨ ਸਪਰੌਵਰੀ, ਗੋਰ ਕਮਿਊਨਿਟੀ ਸੈਂਟਰ ਦੀ ਸੁਪਵਾਈਜ਼ਰ ਲਿੱਜ਼, ਗੋਰ ਏਰੀਏ ਦੇ ਬਿਲਡਿੰਗ ਕੰਸਟ੍ਰਕਸ਼ਨ ਸੁਪਰਵਾਈਜ਼ ਮਿਸਟਰ ਬੌਬ, ਐਸੋਸੀਏਸ਼ਨ ਆਫ਼ ਬਰੈਂਪਟਨ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਤੇ ਸਕੱਤਰ ਜਗੀਰ ਸਿੰਘ ਸੈਂਹਬੀ ਅਤੇ ਬੁਲਾਰਿਆਂ ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਡਾ.ਸੁਖਦੇਵ ਸਿੰਘ ਝੰਡ ਨੂੰ ਕਰਿੱਸਮਸ ਤੋਹਫ਼ੇ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਹਾਜ਼ਰੀਨ ਵਿੱਚ ਵਿਸ਼ੇਸ਼ ਤੌਰ ‘ਤੇ ਗੁਰਦੇਵ ਸਿੰਘ ਜੌਹਲ, ਪ੍ਰੋ. ਕੁਲਦੀਪ ਸਿੰਘ ਢੀਂਡਸਾ, ਹਰਭਜਨ ਸਿੰਘ ਜੱਸਲ, ਭਗਵਾਨ ਦਾਸ, ਅਜੀਤ ਸੰਧੂ ਅਤੇ ਕਈ ਹੋਰ ਹਾਜ਼ਰ ਸਨ। ਇਸ ਸ਼ੁਭ ਮੌਕੇ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …