ਬਰੈਂਪਟਨ/ਡਾ.ਝੰਡ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਦਸੰਬਰ ਮਹੀਨੇ ਹੋਣ ਵਾਲਾ ਸਲਾਨਾ ਫੈਮਿਲੀ ਡਿਨਰ ਸਮਾਗ਼ਮ ਲੰਘੇ ਐਤਵਾਰ 18 ਤਰੀਕ ਨੂੰ 2250 ਬੋਵੇਰਡ ਡਰਾਈਵ ਸਥਿਤ ਹੋਮਲਾਈਫ਼ ਰਿਅਲਟੀ ਦੇ ਮੀਟਿੰਗ ਹਾਲ ਵਿੱਚ ਸ਼ਾਮੀ 5.30 ਵਜੇ ਸ਼ੁਰੂ ਹੋਇਆ ਅਤੇ ਇਹ ਰਾਤ 9.00 ਵਜੇ ਤੀਕ ਚੱਲਦਾ ਰਿਹਾ।
ਇਸ ਸਮਾਗ਼ਮ ਦੀ ਵਿਲੱਖਣਤਾ ਇਹ ਸੀ ਕਿ ਇਸ ਵਿੱਚ ਪ੍ਰੰਪਰਾਗ਼ਤ ‘ਪ੍ਰਧਾਨਗੀ-ਮੰਡਲ’ ਅਤੇ ‘ਸਟੇਜ ਸਕੱਤਰ’ ਨਹੀਂ ਸੀ। ਸਭਾ ਦੇ ਆਮ ਸਮਾਗ਼ਮਾਂ ਦੀਆਂ ਰਵਾਇਤਾਂ ਨੂੰ ਛੱਡ ਕੇ ਇਸ ਸਲਾਨਾ ਸਮਾਗ਼ਮ ਨੂੰ ਖੁੱਲ੍ਹਾ-ਡੁੱਲ੍ਹਾ ਅਤੇ ਗ਼ੈਰ-ਰਵਾਇਤੀ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਸਭਾ ਨੂੰ ਭਾਰੀ ਸਫ਼ਲਤਾ ਮਿਲੀ ਕਿਉਂਕਿ ਹਾਜ਼ਰੀਨ ਵਿੱਚ ਸ਼ਾਮਲ ਲੱਗਭੱਗ ਹਰੇਕ ਨੇ ਇਸ ਵਿੱਚ ਕੁਝ ਨਾ ਕੁਝ ਸੁਣਾ ਕੇ ਆਪਣਾ ਪੂਰਾ ਯੋਗਦਾਨ ਪਾਇਆ। ਸਭਾ ਦੇ ਚੇਅਰਮੈਨ ਬਲਰਾਜ ਚੀਮਾ ਵੱਲੋਂ ਆਏ ਮਹਿਮਾਨਾਂ ਦੇ ਸਵਾਗ਼ਤ ਤੋਂ ਬਾਅਦ ਸੀਨੀਅਰ ਮੈਂਬਰ ਸੁਰਜੀਤ ਕੌਰ ਵੱਲੋਂ ਹਾਜ਼ਰੀਨ ਨੂੰ ਇਹ ਸੂਚਨਾ ਦਿੱਤੀ ਗਈ ਕਿ ਅੱਜ ਇਸ ਪ੍ਰੋਗਰਾਮ ਵਿੱਚ ਕੋਈ ਸਟੇਜ-ਸਕੱਤਰ ਨਹੀਂ ਹੈ। ਇਸ ਲਈ ਕੋਈ ਵੀ ਵਿਅੱਕਤੀ ਹੱਥ ਖੜ੍ਹਾ ਕਰਕੇ ਬੋਲਣ ਲਈ ਆਪਣੀ ਵਾਰੀ ਲੈ ਸਕਦਾ ਹੈ ਜਿਸ ਦੀ ਪਾਲਣਾ ਕਰਦਿਆਂ ਹੋਇਆਂ ਮੈਂਬਰਾਂ ਅਤੇ ਮਹਿਮਾਨਾਂ ਨੇ ਵਾਰੀ-ਵਾਰੀ ਆਪਣੀਆਂ ਰਚਨਾਵਾਂ ਪੇਸ਼ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੱਭ ਤੋਂ ਪਹਿਲਾਂ ਪਰਮਜੀਤ ਢਿੱਲੋਂ ਨੇ ਇੱਕ ਹਾਸਰਸ-ਗੀਤ ਰਾਹੀਂ ਕੈਨੇਡਾ ਵਿੱਚ ਪੈਣ ਵਾਲੀ ਭਾਰੀ ਬਰਫ਼ ਨੂੰ ਹਟਾਉਣ ਬਾਰੇ ਇੱਥੇ ਆਪਣਾ ਪਹਿਲਾ ਤਜਰਬਾ ਸਾਂਝਾ ਕੀਤਾ ਜਿਸ ਨੂੰ ਹਾਜ਼ਰੀਨ ਵੱਲੋਂ ਬੇਹੱਦ ਸਲਾਹਿਆ ਗਿਆ। ਉਪਰੰਤ, ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਦਾ ਪ੍ਰਵਾਹ ਸ਼ੁਰੂ ਹੋ ਗਿਆ। ਜਿੱਥੇ ਪਿਆਰਾ ਸਿੰਘ ਕੁਦੋਵਾਲ, ਪਰਮਜੀਤ ਸਿੰਘ ਗਿੱਲ, ਤਲਵਿੰਦਰ ਸਿੰਘ ਮੰਡ, ਜਗਮੋਹਨ ਸਿੰਘ ਸੰਘਾ, ਜਗੀਰ ਸਿੰਘ ਕਾਹਲੋਂ, ਬਲਬੀਰ ਕੌਰ ਦਿਲਗੀਰ, ਸੁੰਦਰਪਾਲ ਰਾਜਾਸਾਂਸੀ, ਸੁਰਜੀਤ ਕੌਰ, ਪਰਮਜੀਤ ਦਿਓਲ ਤੇ ਕਈ ਹੋਰਨਾਂ ਵੱਲੋਂ ਪੰਜਾਬੀ ਵਿੱਚ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ, ਉੱਥੇ ਜਨਾਬ ਮਕਸੂਦ ਚੌਧਰੀ, ਸੁਖਦੇਵ ਸਿੰਘ ਝੰਡ ਤੇ ਰਿੰਟੂ ਭਾਟੀਆ ਨੇ ਉਰਦੂ ਵਿੱਚ ਗਜ਼ਲਾਂ ਪੇਸ਼ ਕੀਤੀਆਂ ਅਤੇ ਪੰਕਜ ਸ਼ਰਮਾ ਨੇ ਹਿੰਦੀ ਵਿੱਚ ਕਵਿਤਾ ਸੁਣਾਈ। ਇਸ ਤਰ੍ਹਾਂ ਇਹ ਇੱਕ ਤਰ੍ਹਾਂ ਤਿੰਨ-ਭਾਸ਼ਾਈ ਕਵੀ-ਦਰਬਾਰ ਵੀ ਹੋ ਨਿਬੜਿਆ। ਇਸ ਸਮਾਗ਼ਮ ਦੀ ਵਿਲੱਣਤਾ ਇਸ ਵਿੱਚ ਵੀ ਸੀ ਕਿ ਜਿੱਥੇ ਸਭਾ ਦੇ ਸੱਭ ਤੋਂ ਬਜ਼ੁਰਗ ਮੈਂਬਰ ਬਲਰਾਜ ਚੀਮਾ ਵੱਲੋਂ ਪੇਸ਼ ਕੀਤੀ ਗਈ ਸਵ. ਚਰਨ ਸਿੰਘ ਸਫ਼ਰੀ ਦੀ ਮਾਂ ਸਬੰਧੀ ਕਵਿਤਾ ਸਾਰਿਆਂ ਨੂੰ ਭਾਵੁਕ ਕਰ ਗਈ, ਉੱਥੇ ਕੁਲਜੀਤ ਮਾਨ ਦੀਆਂ ਦੋ-ਤਿੰਨ ‘ਯੱਬਲੀਆਂ’, ਕਲਦੀਪ ਕੌਰ ਅਤੇ ਕਈਆਂ ਹੋਰਨਾਂ ਵੱਲੋਂ ਸੁਣਾਏ ਗਏ ਚੁਟਕਲੇ ਅਤੇ ਇਨ੍ਹਾਂ ਵਿੱਚੋਂ ਵੀ ਖ਼ਾਸ ਤੌਰ ‘ਤੇ ਪਤੀ-ਪਤਨੀ ਨਾਲ ਸਬੰਧਿਤ ਹਾਜ਼ਰੀਨ ਦੇ ਖੁੱਲ੍ਹ ਕੇ ਹੱਸਣ ਦਾ ਵਧੀਆ ਸਬੱਬ ਬਣੇ।
ਇਸ ਦੌਰਾਨ ਮਕਸੂਨ ਚੌਧਰੀ ਦੇ ਨਾਲ ਆਏ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਆਏ ਮਹਿਮਾਨ ਅਬਦੁਲ ਬਾਸਤ ਕਮਰ ਨੇ ਪ੍ਰੋਗਰਾਮ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਮਾਗ਼ਮ ਵਿੱਚ ਆ ਕੇ ਦੋਹਾਂ ਪੰਜਾਬਾਂ ਦੇ ਸਾਂਝੇ ਸੱਭਿਆਚਾਰ ਦੇ ਦਰਸ਼ਨ ਹੋਏ ਹਨ। ਉਨ੍ਹਾਂ ਅਹਿਮਦੀਆ ਮੁਸਲਿਮ ਜਮਾਤ ਵੱਲੋਂ ਸਿੱਖ ਗੁਰੂ ਸਾਹਿਬਾਨ, ਖ਼ਾਸ ਤੌਰ ‘ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੇ ਜਾਂਦੇ ਮਾਣ-ਸਨਮਾਨ ਬਾਰੇ ਦੱਸਦਿਆਂ 1947 ਦੀ ਭਾਰਤ-ਪਾਕਿ ਵੰਡ ਦੌਰਾਨ ਪੂਰਬੀ ਪੰਜਾਬ ਦੇ ਸ਼ਹਿਰਾਂ ਮਲੇਰ ਕੋਟਲਾ ਅਤੇ ਕਾਦੀਆਂ ਦੇ ਮੁਸਲਿਮ-ਭਰਾਵਾਂ ਵੱਲੋਂ ਉੱਥੇ ਹੀ ਵੱਸੇ ਰਹਿਣ ਨੂੰ ਤਰਜੀਹ ਦੇਣ ਦਾ ਖ਼ਾਸ ਜ਼ਿਕਰ ਕੀਤਾ।
ਪ੍ਰੋਗਰਾਮ ਦਾ ਸਿਖ਼ਰ ਇਕਬਾਲ ਬਰਾੜ ਵੱਲੋਂ ਖ਼ੂਬਸੂਰਤ ਆਵਾਜ਼ ਵਿੱਚ ਪੇਸ਼ ਕੀਤੇ ਗਏ ‘ਟੱਪੇ’ ਸਨ ਜਿਨ੍ਹਾਂ ਨੇ ਬਾਦ ਵਿੱਚ ਕਈ ਹੋਰਨਾਂ ਨੂੰ ਇਨ੍ਹਾਂ ਵਿੱਚ ਆਪਣਾ ‘ਯੋਗਦਾਨ’ ਪਾਉਣ ਲਈ ਮਜਬੂਰ ਕਰ ਦਿੱਤਾ ਅਤੇ ਇਹ ਸਿਲਸਿਲਾ ਵਾਹਵਾ ਚਿਰ ਚੱਲਦਾ ਰਿਹਾ। ਇਸ ਦੀ ਸਮਾਪਤੀ ਓਦੋਂ ਹੀ ਹੋ ਸਕੀ ਜਦੋਂ ਇੱਕ ਰੈਸਟੋਰੈਂਟ ਵਿੱਚ ਪਹਿਲਾਂ ਤੋਂ ਆਰਡਰ ਕੀਤਾ ਗਿਆ ਗਰਮਾ-ਗਰਮ ਸੁਆਦਲਾ ਸ਼ਾਕਾਹਾਰੀ ਭੋਜਨ ਆ ਪਹੁੰਚਾ ਜਿਸ ਨੂੰ ਸਾਰਿਆਂ ਨੇ ਬੜੇ ਸ਼ੌਕ ਨਾਲ ਰਲ-ਮਿਲ ਕੇ ਛਕਿਆ।
ਸਮਾਗ਼ਮ ਦੇ ਅਖ਼ੀਰ ਵਿੱਚ ਸਭਾ ਦੇ ਸੀਨੀਅਰ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ਇਸ ਸਲਾਨਾ ਸਮਾਗ਼ਮ ਵਿੱਚ ਸਵਾਦਲੇ ਡਿਨਰ ਨੂੰ ਸਪਾਂਸਰ ਕਰਨ ਵਾਲੇ ਹਰਜਿੰਦਰ ਸਿੰਘ ਸਿਰਸਾ ਦਾ ਸਾਰਿਆਂ ਵੱਲੋਂ ਧੰਨਵਾਦ ਕੀਤਾ। ਹਰਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਆਪਣੀ ਖ਼ੁਸ਼ਕਿਸਮਤੀ ਸਮਝਦੇ ਹਨ ਕਿ ਉਨ੍ਹਾਂ ਨੂੰ ਸਾਹਿਤ ਦੀ ਸੇਵਾ ਕਰਨ ਵਾਲਿਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਉਹ ਅਗਲੇ ਸਾਲ ਵੀ ਇਹ ਸੇਵਾ ਕਰਨੀ ਚਾਹੁਣਗੇ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …