Breaking News
Home / ਭਾਰਤ / ਸੀਡੀਐੱਸ ਰਾਵਤ ਦਾ ਫੌਜੀ ਸਨਮਾਨਾਂ ਨਾਲ ਅੰਤਮ ਸੰਸਕਾਰ

ਸੀਡੀਐੱਸ ਰਾਵਤ ਦਾ ਫੌਜੀ ਸਨਮਾਨਾਂ ਨਾਲ ਅੰਤਮ ਸੰਸਕਾਰ

ਮਾਤਾ-ਪਿਤਾ ਦੀ ਚਿਖਾ ਨੂੰ ਧੀਆਂ ਨੇ ਦਿੱਤੀ ਅਗਨੀ-17 ਤੋਪਾਂ ਨਾਲ ਦੀ ਦਿੱਤੀ ਸਲਾਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਨੂੰ ਇਕੋ ਹੀ ਚਿਤਾ ‘ਤੇ ਬਰਾੜ ਚੌਕ ਸ਼ਮਸ਼ਾਨਘਾਟ ਵਿਖੇ ਅੰਤਿਮ ਵਿਦਾਈ ਦਿੱਤੀ ਗਈ। ਦੋਵੇਂ ਬੇਟੀਆਂ ਕੀਰਤਿਕਾ ਅਤੇ ਤਾਰਿਣੀ ਨੇ ਇੱਕਠਿਆਂ ਹੀ ਉਨ੍ਹਾਂ ਦੀ ਚਿਖਾ ਨੂੰ ਮੁੱਖ ਅਗਨੀ ਦਿੱਤੀ। ਜੀਵਨ ਯਾਤਰਾ ਦੀ ਤਰ੍ਹਾਂ ਜਨਰਲ ਰਾਵਤ ਦੀ ਅੰਤਿਮ ਯਾਤਰਾ ਵੀ ਯਾਦਗਾਰੀ ਬਣੇ ਇਸ ਦੇ ਲਈ ਜਿਵੇਂ ਪਤਨੀ ਦੇ ਨਾਲ ਅਗਨੀ ਦੇ ਸਾਹਮਣੇ ਸੱਤ ਫੇਰੇ ਲਏ ਸਨ, ਮੁਖ ਅਗਨੀ ਤੱਕ ਵੀ ਇਕੱਠੇ ਹੀ ਰਹੇ। ਜਨਰਲ ਰਾਵਤ ਦੀ ਅੰਤਿਮ ਯਾਤਰਾ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਸੀ। ਫੌਜ ਦੇ ਕਿਸੇ ਵੱਡੇ ਅਫ਼ਸਰ ਦੀ ਅੰਤਿਮ ਯਾਤਰਾ ਸਮੇਂ ਸ਼ਾਇਦ ਹੀ ਕਦੇ ਇੰਨੀ ਵੱਡੀ ਭੀੜ ਇਕੱਠੀ ਹੋਈ ਹੋਵੇਗੀ। ਪੂਰੇ ਰਸਤੇ ‘ਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਮ੍ਰਿਤਕ ਦੇਹ ਨੂੰ ਲੈ ਕੇ ਚੱਲਣ ਵਾਲੇ ਵਾਹਨ ਨਾਲ ਹੀ ਕਈ ਵਿਅਕਤੀ ਤਿਰੰਗਾ ਲੈ ਕੇ ਦੌੜਦੇ ਰਹੇ। ਅੰਤਿਮ ਯਾਤਰਾ ਸਮੇਂ ਬਿਪਿਨ ਰਾਵਤ ਅਮਰ ਰਹੇ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਅਕਾਸ਼ ਗੂੰਜਦਾ ਰਿਹਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਉਤਰਾਖੰਡ ਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ, ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਪਹਿਲਾਂ ਬ੍ਰਿਗੇਡੀਅਰ ਐਲ ਐਸ ਲਿੱਧੜ ਦਾ ਦਿੱਲੀ ਕੈਂਟ ਦੇ ਬਰਾੜ ਸਮਸ਼ਾਨ ਘਾਟ ਵਿਖੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਸਮੇਂ ਲਿੱਧੜ ਦੀ ਪਤਨੀ ਤਾਬੂਤ ਨੂੰ ਚੁੰਮ ਕੇ ਰੋਂਦੀ ਰਹੀ ਅਤੇ ਲਿੱਧੜ ਦੀ ਬੇਟੀ ਨੇ ਆਪਣੇ ਬਹਾਦਰ ਪਿਤਾ ਦੀ ਚਿਖਾ ਨੂੰ ਮੁੱਖ ਅਗਨੀ ਦਿੱਤੀ। ਦੂਜੇ ਪਾਸੇ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋਣ ਵਾਲੇ ਤਰਨ ਤਾਰਨ ਦੇ ਗੁਰਸੇਵਕ ਸਿੰਘ ਦਾ ਅੰਤਿਮ ਸਸਕਾਰ ਫਿਲਹਾਲ ਨਹੀਂ ਕੀਤਾ ਗਿਆ।

 

Check Also

ਦਿੱਲੀ ਹਾਈ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਨੋਟਿਸ ਕੀਤਾ ਜਾਰੀ

ਕਿਹਾ : ਸ਼ੋਸ਼ਲ ਮੀਡੀਆ ਤੋਂ ਕੇਜਰੀਵਾਲ ਦਾ ਆਪਣੀ ਪੈਰਵੀ ਕਰਨ ਵਾਲਾ ਵੀਡੀਓ ਹਟਾਓ ਨਵੀਂ ਦਿੱਲੀ/ਬਿਊਰੋ …