ਨੌਜਵਾਨਾਂ ਨੂੰ ਕੈਨੇਡਾ ‘ਚ ਪੜ੍ਹਨ ਦਾ ਸੁਫਨਾ ਅਧੂਰਾ ਰਹਿਣ ਦਾ ਡਰ
ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ ਦੇ ਮਾਪੇ ਵੀ ਫਿਕਰਮੰਦ
ਟੋਰਾਂਟੋ, ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ-ਭਾਰਤ ਵਿੱਚ ਵਧ ਰਹੇ ਤਣਾਅ ਨੇ ਪੰਜਾਬ ਦੇ ਕਈ ਨੌਜਵਾਨਾਂ ਅਤੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਕੈਨੇਡਾ ਪੰਜਾਬੀਆਂ ਲਈ ਸਭ ਤੋਂ ਪਸੰਦੀਦਾ ਦੇਸ਼ਾਂ ‘ਚੋਂ ਇੱਕ ਹੈ। ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਜ਼ਿਲ੍ਹਿਆਂ ਵਾਲੇ ਦੋਆਬਾ ਖੇਤਰ ਦੇ ਵੱਡੀ ਗਿਣਤੀ ਵਿਅਕਤੀ ਵਿਦੇਸ਼ਾਂ ‘ਚ ਵਸੇ ਹੋਏ ਹਨ। ਇਨ੍ਹਾਂ ‘ਚੋਂ ਬਹੁਤੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਰਹਿ ਰਹੇ ਹਨ। ਹੁਣ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਸੁਫਨਾ ਪੂਰਾ ਹੁੰਦਾ ਨਹੀਂ ਨਜ਼ਰ ਆ ਰਿਹਾ। ਮੌਜੂਦਾ ਸਥਿਤੀ ਨੂੰ ਦੇਖਦਿਆਂ ਕਈ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਆਪਣੀ ਯੋਜਨਾ ਬਦਲਣ ਦਾ ਫ਼ੈਸਲਾ ਕੀਤਾ ਹੈ ਅਤੇ ਉਹ ਹੁਣ ਉੱਚ ਸਿੱਖਿਆ ਲਈ ਹੋਰ ਬਦਲ ਲੱਭ ਰਹੇ ਹਨ। ਜਾਣਕਾਰੀ ਅਨੁਸਾਰ ਕੈਨੇਡਾ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ‘ਚੋਂ 70 ਫੀਸਦ ਪੰਜਾਬੀ ਹਨ।
ਭਾਰਤ ਅਤੇ ਕੈਨੇਡਾ ਵਿਚਾਲੇ ਵਧ ਰਹੇ ਤਣਾਅ ਦਾ ਅਸਰ ਦੋਵਾਂ ਦੇਸ਼ਾਂ ਦੇ ਵਪਾਰੀਆਂ ‘ਤੇ ਵੀ ਪੈ ਰਿਹਾ ਹੈ। ਵਪਾਰਕ ਅੰਕੜਿਆਂ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਿੱਚ ਹਰ ਸਾਲ ਤਿੰਨ ਤੋਂ ਪੰਜ ਫੀਸਦ ਦਾ ਵਾਧਾ ਹੁੰਦਾ ਹੈ ਪਰ ਪਿਛਲੇ ਸਾਲ ਇਸ ਵਿੱਚ ਡੇਢ ਫੀਸਦ ਦਾ ਖੋਰਾ ਲੱਗਾ ਹੈ। ਭਾਰਤ ਕੈਨੇਡਾ ਤੋਂ ਕੋਲਾ, ਦਾਲਾਂ, ਤਾਰਾਮੀਰਾ ਤੇਲ ਮੰਗਵਾਉਂਦਾ ਹੈ ਤੇ ਇਸ ਬਦਲੇ ਮਸਾਲੇ, ਗਹਿਣੇ, ਕੱਪੜੇ, ਪੋਟਾਸ਼ ਖਾਦ ਤੇ ਆਟੋ ਮੋਬਾਈਲ ਪੁਰਜੇ ਕੈਨੇਡਾ ਭੇਜਦਾ ਹੈ। ਹਰ ਸਾਲ ਸਰਦੀਆਂ ਵਿੱਚ ਕੈਨੇਡਾ ਵਸੇ ਭਾਰਤੀਆਂ ‘ਚੋਂ ਵੱਡੀ ਗਿਣਤੀ ਲੋਕ ਵਤਨ ਫੇਰੀ ਦੌਰਾਨ ਭਾਰਤ ਤੇ ਖਾਸਕਰ ਪੰਜਾਬ ਆ ਕੇ ਮੋਟੀ ਖਰੀਦਾਰੀ ਕਰਦੇ ਹਨ, ਜਿਨ੍ਹਾਂ ਦੀ ਉਡੀਕ ਭਾਰਤੀ ਵਪਾਰੀ ਇੱਕ-ਦੋ ਮਹੀਨੇ ਪਹਿਲਾਂ ਕਰਨ ਲੱਗ ਜਾਂਦੇ ਹਨ। ਕੈਨੇਡਾ ਵਿਚਲੇ ਭਾਰਤੀ ਸਟੋਰਾਂ ਵਾਲਿਆਂ ਨੂੰ ਵੀ ਡਰ ਸਤਾ ਰਿਹਾ ਹੈ ਕਿ ਕਿਤੇ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਹੀ ਵਿਗੜ ਨਾ ਜਾਣ। ਜਗਮੀਤ ਸਿੰਘ ਵੱਲੋਂ ਆਰਐੱਸਐੱਸ ‘ਤੇ ਪਾਬੰਦੀ ਦੀ ਮੰਗ : ਕੈਨੇਡੀਅਨ ਸਿੱਖ ਆਗੂ ਜਗਮੀਤ ਸਿੰਘ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਅਤੇ ਭਾਰਤੀ ਡਿਪਲੋਮੈਟਾਂ ਖਿਲਾਫ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਆਗੂ ਜਗਮੀਤ ਸਿੰਘ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸੱਤਾਧਾਰੀ ਸਰਕਾਰ ਦੀ ਹਮਾਇਤ ਕੀਤੀ ਸੀ।
ਐਡਵੋਕੇਟ ਧਾਮੀ ਨੇ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ‘ਚ ਵਧੀ ਦੂਰੀ ‘ਤੇ ਪ੍ਰਗਟਾਈ ਚਿੰਤਾ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਅਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ ਵਿਚ ਵਧ ਰਹੀਆਂ ਦੂਰੀਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਇਕ ਸੁਹਿਰਦ ਪਹੁੰਚ ਅਪਣਾ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅੰਦਰ ਵੱਡੀ ਗਿਣਤੀ ਵਿਚ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਵੱਸਦੇ ਹਨ, ਜਿਨ੍ਹਾਂ ‘ਤੇ ਦੋਵਾਂ ਦੇਸ਼ਾਂ ਦੇ ਵਿਗੜਦੇ ਰਿਸ਼ਤਿਆਂ ਦਾ ਅਸਰ ਪੈਣਾ ਕੁਦਰਤੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਗੰਭੀਰ ਮਸਲਿਆਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ।