Breaking News
Home / ਹਫ਼ਤਾਵਾਰੀ ਫੇਰੀ / 1144 ਕਰੋੜ ਦੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਮਿਲਦਿਆਂ ਹੀ ਛਿੜੀ ਚਰਚਾ

1144 ਕਰੋੜ ਦੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਮਿਲਦਿਆਂ ਹੀ ਛਿੜੀ ਚਰਚਾ

‘ਸੱਚ ਹਾਰਿਆ ਸਿਆਸਤ ਜਿੱਤੀ’
ਵੱਡਾ ਸਵਾਲ : ਕੈਪਟਨ ਅਮਰਿੰਦਰ, ਪੁੱਤਰ ਰਣਇੰਦਰ ਤੇ ਜਵਾਈ ਰਮਿੰਦਰ ਸਣੇ 36 ਆਰੋਪੀ ਜੇ ਬਰੀ ਹੋਏ ਹਨ ਤਾਂ 1144 ਕਰੋੜ ਦਾ ਘਪਲਾ ਕਿਸ ਨੇ ਕੀਤਾ?
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਬਹੁ-ਚਰਚਿਤ 1,144 ਕਰੋੜ ਰੁਪਏ ਦੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਵਿਜੀਲੈਂਸ ਵੱਲੋਂ ਦਾਖਲ ਕੈਂਸਲੇਸ਼ਨ ਰਿਪੋਰਟ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਜ਼ਿਲ੍ਹਾ ਸੈਸ਼ਨ ਜੱਜ ਗੁਰਵੀਰ ਸਿੰਘ ਦੀ ਅਦਾਲਤ ‘ਚ ਸੁਣਵਾਈ ਮੌਕੇ ਕੈਪਟਨ ਅਮਰਿੰਦਰ ਸਿੰਘ ਖ਼ੁਦ ਪੇਸ਼ ਹੋਏ, ਜਿੱਥੇ ਅਦਾਲਤ ਨੇ ਵਿਜੀਲੈਂਸ ਦੀ ਰਿਪੋਰਟ ਨੂੰ ਸਵੀਕਾਰ ਕਰ ਲੈਣ ਦਾ ਫ਼ੈਸਲਾ ਸੁਣਾਇਆ। ਇਸ ਫ਼ੈਸਲੇ ਤੋਂ ਬਾਅਦ ਸਿਟੀ ਸੈਂਟਰ ਘੁਟਾਲੇ ਨਾਲ ਸਬੰਧਤ 31 ਮੁਲਜ਼ਮਾਂ ਨੂੰ ਰਾਹਤ ਮਿਲੀ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿਚ 36 ਮੁਲਜ਼ਮਾਂ ਖਿਲਾਫ਼ ਇਹ ਕੇਸ ਦਰਜ ਕੀਤਾ ਸੀ, ਜਿਨ੍ਹਾਂ ‘ਚੋਂ ਪੰਜ ਜਣਿਆਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਸਾਲ 2006 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਕਾਰਜਕਾਲ ਦੌਰਾਨ ਹੀ ਸਿਟੀ ਸੈਂਟਰ ਘੁਟਾਲੇ ਦਾ ਰੌਲਾ ਪੈਣ ਲੱਗਿਆ ਸੀ। 2006 ਵਿੱਚ ਕਾਂਗਰਸ ਦੇ ਸੱਤਾ ਤੋਂ ਬਾਹਰ ਹੁੰਦਿਆਂ ਹੀ ਅਕਾਲੀ-ਭਾਜਪਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ 23 ਮਾਰਚ 2007 ਨੂੰ ਕੈਪਟਨ ਅਮਰਿੰਦਰ ਸਿੰਘ ਸਮੇਤ 36 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ। ਇਹ ਮਾਮਲਾ ਸਾਬਕਾ ਐੱਸ.ਐੱਸ.ਪੀ. ਵਿਜੀਲੈਂਸ ਕੰਵਲਜੀਤ ਸਿੰਘ ਨੇ ਦਰਜ ਕਰਵਾਇਆ ਸੀ। ਦਸੰਬਰ 2007 ਵਿਚ 130 ਸਫਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਸਾਲ 2017 ‘ਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਫਿਰ ਇਹ ਮਾਮਲਾ ਚਰਚਾ ‘ਚ ਆ ਗਿਆ ਸੀ। ਵਿਜੀਲੈਂਸ ਨੇ ਦੁਬਾਰਾ ਮਾਮਲੇ ਦੀ ਜਾਂਚ ਤੋਂ ਬਾਅਦ ਲੁਧਿਆਣਾ ਦੀ ਅਦਾਲਤ ਵਿਚ ਅਗਸਤ 2017 ‘ਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ। ਇਸ ਰਿਪੋਰਟ ‘ਚ ਵਿਜੀਲੈਂਸ ਦਾ ਕਹਿਣਾ ਸੀ ਕਿ ਇਸ ‘ਚ ਕੋਈ ਮਾਮਲਾ ਨਹੀਂ ਬਣਦਾ ਹੈ। ਵਿਜੀਲੈਂਸ ਦੀ ਕਲੋਜ਼ਰ ਰਿਪੋਰਟ ਖਿਲਾਫ਼ ਸਭ ਤੋਂ ਪਹਿਲਾਂ ਤਤਕਾਲੀ ਐੱਸ.ਐੱਸ.ਪੀ. ਕੰਵਲਜੀਤ ਸਿੰਘ ਨੇ ਜ਼ਿਲ੍ਹਾ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਵੀ ਪਟੀਸ਼ਨ ਦਾਇਰ ਕੀਤੀ ਸੀ। ਇਨ੍ਹਾਂ ਦੋਹਾਂ ਦੀ ਪਟੀਸ਼ਨ ਨੂੰ ਵੀ ਅਦਾਲਤ ਨੇ ਖਾਰਜ ਕਰ ਦਿੱਤਾ ਸੀ।
ਕੀ ਸੀ ਸਿਟੀ ਸੈਂਟਰ ਘੁਟਾਲਾ?
ਜ਼ਿਕਰਯੋਗ ਹੈ ਕਿ ਸਾਲ 1991 ‘ਚ ਨਗਰ ਸੁਧਾਰ ਟਰੱਸਟ ਨੇ ਸਿਟੀ ਸੈਂਟਰ ਯੋਜਨਾ ਤਿਆਰ ਕੀਤੀ ਸੀ। ਸ਼ਹੀਦ ਭਗਤ ਸਿੰਘ ਨਗਰ ਦੀ 475 ਏਕੜ ਜ਼ਮੀਨ ‘ਚੋਂ 26.44 ਏਕੜ ਥਾਂ ਸਿਟੀ ਸੈਂਟਰ ਲਈ ਰਾਖਵੀਂ ਰੱਖੀ ਗਈ ਸੀ। ਇਸ ਯੋਜਨਾ ‘ਤੇ ਕੋਈ ਕੰਮ ਨਹੀਂ ਹੋ ਰਿਹਾ ਸੀ। ਅਖ਼ੀਰ 2005 ‘ਚ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ (ਪੀਪੀਪੀ) ਤਹਿਤ ਇਸ ਨੂੰ ਤਿਆਰ ਕਰਨ ਦਾ ਖਾਕਾ ਤਿਆਰ ਕੀਤਾ। ਇਸ ‘ਚ ਮਾਡਰਨ ਸ਼ਾਪਿੰਗ ਮਾਲ, ਮਲਟੀਪਲੈਕਸ, ਸੁਪਰ ਮਾਰਕੀਟ, ਦਫ਼ਤਰ, ਟਰੇਡ ਸੈਂਟਰ, ਫੂਡ ਪਲਾਜ਼ਾ, ਸਿਟੀ ਮਿਊਜ਼ੀਅਮ, ਆਈ.ਟੀ. ਸੈਂਟਰ, ਹੈਲਥ ਸੈਂਟਰ, ਬੈਂਕ, ਐੱਸ.ਸੀ.ਓ (ਸ਼ਾਪ ਕਮ ਦਫ਼ਤਰ) ਤਿਆਰ ਕੀਤੇ ਜਾਣੇ ਸਨ। ਇਸ ਪ੍ਰਾਜੈਕਟ ਨੂੰ ਤਿਆਰ ਕਰਨ ਦਾ ਕੰਮ ਟੂਡੇ ਹੋਮਜ਼ ਨੂੰ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਵਿਜੀਲੈਂਸ ਨੇ ਆਪਣੀ ਪਹਿਲੀ ਰਿਪੋਰਟ ਵਿੱਚ ਟੈਂਡਰ ਦੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਅਤੇ ਰਿਸ਼ਵਤ ਦੇਣ ਦੀ ਗੱਲ ਕਹੀ ਸੀ।
ਸੱਤਾ ਦੀ ਦੁਰਵਰਤੋਂ ਦਾ ਨਤੀਜਾ : ਚੀਮਾ
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਦੇ ਕੇਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਦੇ ਬਰੀ ਹੋਣ ਦੇ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਸੱਤਾ ਦੀ ਦੁਰਵਰਤੋਂ ਦਾ ਸਿਖਰ ਦੱਸਿਆ ਹੈ।
ਸੱਚ ਦੀ ਜਿੱਤ ਹੋਈ : ਕੈਪਟਨ ਅਮਰਿੰਦਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਟੀ ਸੈਂਟਰ ਘੁਟਾਲੇ ਮਾਮਲੇ ‘ਚ ਅਦਾਲਤੀ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਿਆਸੀ ਰੰਜਿਸ਼ ਦੀ ਕਾਰਵਾਈ ਵਿਰੁੱਧ ਸਚਾਈ ਦੀ ਜਿੱਤ ਕਰਾਰ ਦਿੱਤਾ ਹੈ।
ਸੁਪਰੀਮ ਕੋਰਟ ਤੱਕ ਜਾਵਾਂਗੇ : ਬੈਂਸ
ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਹ ਨਾ ਸੋਚਣ ਕੀ ਉਹ ਦੁੱਧ ਧੋਤੇ ਹੋ ਗਏ ਹਨ। ਬੈਂਸ ਨੇ ਕਿਹਾ ਕਿ ਅਸੀਂ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …