Breaking News
Home / ਹਫ਼ਤਾਵਾਰੀ ਫੇਰੀ / ਕੈਪਟਨ ਖਿਲਾਫ਼ ਬਗਾਵਤ ਸ਼ੁਰੂ!

ਕੈਪਟਨ ਖਿਲਾਫ਼ ਬਗਾਵਤ ਸ਼ੁਰੂ!

ਪਰਗਟ ਸਿੰਘ ਨੇ ਚਿੱਠੀ ਲਿਖ ਕੇ ਪੁੱਛਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਬੇਅਦਬੀ ਦੇ ਦੋਸ਼ੀ ਸਲਾਖਾਂ ਪਿੱਛੇ ਕਿਉਂ ਨਹੀਂ
ਪਰਗਟ ਸਿੰਘ ਦੀ ਕੈਪਟਨ ਅਮਰਿੰਦਰ ਦੇ ਨਾਮ ਲਿਖੀ ਚਿੱਠੀ
ਜਲੰਧਰ : ਕੈਪਟਨ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਵਿਚ ਬਾਗ਼ੀ ਸੁਰਾਂ ਮੁੜ ਫਿਰ ਉੱਭਰ ਰਹੀਆਂ ਹਨ। ਹੁਣ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਪਰਗਟ ਸਿੰਘ ਨੇ ਪੰਜਾਬ ਸਰਕਾਰ ਖ਼ਾਸ ਕਰ ਮੁੱਖ ਮੰਤਰੀ ਦੀ ਭਰੋਸੇਯੋਗਤਾ ਨੂੰ ਖੋਰਾ ਲੱਗਣ ਉੱਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਉੱਪਰ ਹੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬੀ ‘ਚ ਲਿਖੇ ਚਾਰ ਸਫ਼ਿਆਂ ਦੇ ਪੱਤਰ ਵਿਚ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਪਰਗਟ ਸਿੰਘ ਨੇ ਕਿਹਾ ਹੈ ਕਿ ਕੀਤੇ ਵਾਅਦੇ ਮੁਤਾਬਕ ਰਾਜ ਅੰਦਰ ਨਸ਼ਿਆਂ ਦੇ ਚਲਨ ਨੂੰ ਠੱਲ੍ਹਣ ‘ਚ ਅਸੀਂ ਸਫ਼ਲ ਨਹੀਂ ਹੋਏ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਰੇਤ, ਟਰਾਂਸਪੋਰਟ ਤੇ ਸ਼ਰਾਬ ਮਾਫੀਏ ਉੱਪਰ ਸ਼ਿਕੰਜਾ ਕੱਸਣ ਦੀ ਗੱਲ ਤਾਂ ਸ਼ੁਰੂ ਨਹੀਂ ਹੋ ਸਕੀ। ਅਕਾਲੀ-ਭਾਜਪਾ ਸਰਕਾਰ ਵਲੋਂ ਅਨਾਜ ਖ਼ਰੀਦ ‘ਚੋਂ 31 ਹਜ਼ਾਰ ਕਰੋੜ ਰੁਪਏ ਦੇ ਕਸਾਰੇ ਨੂੰ ਕਰਜ਼ੇ ‘ਚ ਬਦਲਣ ਦੇ ਵੱਡੇ ਘੁਟਾਲੇ ਦੀ ਜਾਂਚ ਦੇ ਵਾਅਦੇ ਉੱਪਰ ਵੀ ਅਮਲ ਹੋਣਾ ਅਜੇ ਬਾਕੀ ਹੈ। ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਸਮਝੌਤਿਆਂ ਬਾਰੇ ਲਾਏ ਵੱਡੇ ਦੋਸ਼ਾਂ ਬਾਰੇ ਤਾਂ ਚੁੱਪ ਹੀ ਧਾਰੀ ਹੋਈ ਹੈ। ਉਨ੍ਹਾਂ ਲਿਖਿਆ ਹੈ ਕਿ 77 ਸੀਟਾਂ ਜਿਤਾ ਕੇ ਤੁਹਾਡੀ ਸਰਕਾਰ ਬਣਾਉਣ ਵਾਲੇ ਪੰਜਾਬੀ ਅਫ਼ਸੋਸ ਦੀ ਗੱਲ ਹੈ ਕਿ ਤੁਹਾਡੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਕਾਂਗਰਸ ਦੀ ਸਰਕਾਰ ਬਣਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਸਭ ਤੋਂ ਵੱਧ ਹਿੱਸਾ ਪਾਇਆ ਸੀ। ਉਨ੍ਹਾਂ ਸਵਾਲ ਕੀਤਾ ਹੈ ਕਿ ਬੇਅਦਬੀ ਦੇ ਮੁਜਰਮਾਂ ਨੂੰ ਕਟਹਿਰੇ ‘ਚ ਖੜ੍ਹਾ ਕਰਨ ਅਤੇ ਜ਼ੁਲਮ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜ੍ਹਾ ਕਰਨ ਲਈ ਸਾਡੀ ਸਰਕਾਰ ਦੇ ਯਤਨ ਲੋਕ ਮਨਾਂ ‘ਚ ਸ਼ੱਕ ਦੇ ਘੇਰੇ ਵਿਚ ਕਿਉਂ ਆ ਰਹੇ ਹਨ? ਸਖ਼ਤ ਲਹਿਜੇ ‘ਚ ਲਿਖੇ ਪੱਤਰ ‘ਚ ਪਰਗਟ ਸਿੰਘ ਨੇ ਕਿਹਾ ਕਿ ‘ਮੈਂ ਤੁਹਾਨੂੰ ਨਿੱਜੀ ਹੈਸੀਅਤ ‘ਚ ਪੱਤਰ ਲਿਖ ਰਿਹਾ ਹਾਂ ਕਿਉਂਕਿ ਮੈਨੂੰ ਪੰਜਾਬ ਨਾਲ ਪਿਆਰ ਹੈ ਤੇ ਤੁਹਾਡੇ ਲਈ ਸਤਿਕਾਰ ਹੈ।’ ਉਨ੍ਹਾਂ ਚੋਣਾਂ ਸਮੇਂ ਕੀਤੇ ਵਾਅਦਿਆਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਨਸ਼ਿਆਂ ਦੇ ਚਲਨ ਨੂੰ ਕੋਈ ਠੱਲ੍ਹ ਨਹੀਂ ਪੈ ਰਹੀ। ਬਾਦਲਾਂ ਦੇ ਰਾਜ ਸਮੇਂ ਖ਼ਜ਼ਾਨਾ ਲੁੱਟਣ ਲਈ ਰੱਖੀਆਂ ਚੋਰ ਮੋਰੀਆਂ ਬੰਦ ਕਰਨ ਵੱਲ ਧਿਆਨ ਕੇਂਦਰਤ ਨਹੀਂ ਕੀਤਾ ਗਿਆ। ਸ਼ਰਾਬ ਤੇ ਰੇਤੇ ਦੇ ਵਪਾਰ ‘ਚ ਸਰਕਾਰੀ ਕਾਰਪੋਰੇਸ਼ਨ ਬਣਾਉਣ ਲਈ ਸਾਨੂੰ ਮੁੜ ਸੋਚਣ ਦੀ ਲੋੜ ਹੈ। ਉਨ੍ਹਾਂ ਲਿਖਿਆ ਹੈ ਕਿ ਰੇਤੇ ਤੋਂ ਪੈਸਾ ਤਾਂ ਬਹੁਤ ਕਮਾਇਆ ਜਾ ਰਿਹਾ ਹੈ, ਪਰ ਇਹ ਸਰਕਾਰ ਦਾ ਖ਼ਜ਼ਾਨਾ ਭਰਨ ਦੀ ਬਜਾਏ ਨਿੱਜੀ ਹੱਥਾਂ ਵਿਚ ਜਾ ਰਿਹਾ ਹੈ। ਆਖ਼ਰ ਸੋਚਣ ਵਾਲੀ ਗੱਲ ਹੈ ਕਿ ਸ਼ਰਾਬ ਦੀ ਖ਼ਪਤ ਵਿਚ ਅਸੀਂ ਦੇਸ਼ ਦੇ ਮੋਹਰੀ ਸੂਬਿਆਂ ਵਿਚੋਂ ਮੰਨੇ ਜਾਂਦੇ ਹਾਂ, ਪਰ ਆਮਦਨ ਦੇ ਮਾਮਲੇ ‘ਚ ਫਾਡੀਆਂ ਦੀ ਕਤਾਰ ਵਿਚ ਕਿਉਂ ਆ ਖਲੋਤੇ ਹਾਂ। ਉਨ੍ਹਾਂ ਪੰਜਾਬ ਕਾਂਗਰਸ ਸਰਕਾਰ ਸਮੇਂ ਟਰਾਂਸਪੋਰਟ ਤੋਂ ਬਾਦਲਾਂ ਦਾ ਕਬਜ਼ਾ ਟੁੱਟਣ ਦੀ ਬਜਾਏ ਜਲੰਧਰ-ਦਿੱਲੀ ਹਵਾਈ ਅੱਡਾ ਰੂਟ ਉੱਪਰ ਏਕਾਅਧਿਕਾਰ ਹੋ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਜ਼ਰਾ ਕਦੇ ਟਰਾਂਸਪੋਰਟ ਮਹਿਕਮੇ ਦੇ ਅਫ਼ਸਰਾਂ ਨੂੰ ਬੁਲਾ ਕੇ ਪੁੱਛੋ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਚੰਡੀਗੜ੍ਹ ਨੂੰ ਮੁਨਾਫ਼ੇ ਵਾਲੇ ਰੂਟਾਂ ‘ਤੇ ਕਿਸ ਦੀਆਂ ਬੱਸਾਂ ਦਾ ਰਾਜ ਹੈ? ਪਰਗਟ ਸਿੰਘ ਨੇ ਬਾਦਲ ਸਰਕਾਰ ਸਮੇਂ ਅਨਾਜ ਖ਼ਰੀਦ ‘ਚ 31 ਹਜ਼ਾਰ ਕਰੋੜ ਰੁਪਏ ਦੇ ਹਿਸਾਬ-ਕਿਤਾਬ ‘ਚ ਆਏ ਫ਼ਰਕ ਨੂੰ ਪੰਜਾਬ ਸਿਰ ਕਰਜ਼ੇ ਦੇ ਰੂਪ ‘ਚ ਮੜ ਦੇਣ ਦੀ ਜਾਂਚ ਦੇ ਕੀਤੇ ਵਾਅਦੇ ਉੱਪਰ ਅਮਲ ਦਾ ਮਾਮਲਾ ਵੀ ਉਠਾਇਆ ਹੈ। ਬਾਦਲ ਸਮੇਂ ਨਿੱਜੀ ਬਿਜਲੀ ਕੰਪਨੀਆਂ ਨਾਲ ਸਮਝੌਤਿਆਂ ਦੇ ਵੱਡੇ ਦੋਸ਼ ਲਾਏ ਸਨ, ਪਰ ਇਸ ਮਸਲੇ ‘ਤੇ ਅਜੇ ਚੁੱਪ ਦਾ ਹੀ ਪਰਦਾ ਹੈ। ਉਨ੍ਹਾਂ ਕਾਂਗਰਸ ਰਾਜ ‘ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਤੋਂ ਹੱਥ ਪਿੱਛੇ ਖਿੱਚਣ ਤੇ ਵੱਡੇ ਦੋਸ਼ੀਆਂ ਨੂੰ ਬਚਾਉਣ ਉੱਪਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ। ਅੱਗੇ ਸਵਾਲ ਉਠਾਇਆ ਹੈ ਕਿ ‘ਪਰ ਭ੍ਰਿਸ਼ਟਾਚਾਰ ਦਾ ਮਾਮਲਾ ਆਪਣੀ ਮੌਤ ਕਿਉਂ ਮਰ ਰਿਹਾ ਹੈ?’ ਉਨ੍ਹਾਂ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪਹਿਲੇ ਕਾਰਜਕਾਲ ਵਿਚ ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਸਲਾਖਾਂ ਪਿੱਛੇ ਹੀ ਨਹੀਂ ਸੀ ਦਿੱਤਾ, ਸਗੋਂ ਵੱਡੇ ਸਿਆਸਤਦਾਨਾਂ ਨੂੰ ਜੇਲ੍ਹ ਭੇਜਣ ਦੀ ਹਿੰਮਤ ਤੇ ਦਲੇਰੀ ਵੀ ਦਿਖਾਈ ਸੀ ਪਰ ਹੁਣ ਸੱਤਾ ਸੰਭਾਲਣ ਬਾਅਦ ਹਜ਼ਾਰਾਂ ਕਰੋੜ ਦੇ ਸਿੰਚਾਈ ਵਿਭਾਗ ਤੇ ਮੰਡੀ ਬੋਰਡ ਦੇ ਘੁਟਾਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ‘ਚ ਗ੍ਰਿਫ਼ਤਾਰ ਸਿੰਚਾਈ ਵਿਭਾਗ ਦੇ ਠੇਕੇਦਾਰ ਗੁਰਿੰਦਰ ਸਿੰਘ ਤੇ ਮੰਡੀ ਬੋਰਡ ਦੇ ਨਿਗਰਾਨ ਇੰਜੀਨੀਅਰ ਵਲੋਂ ਕੀਤੇ ਗਏ ਖੁਲਾਸਿਆਂ ਉੱਪਰ ਅੱਗੇ ਕਿਉਂ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਹੈ ਕਿ ਲੋਕ ਸਵਾਲ ਕਰਦੇ ਹਨ ਕਿ ਇਕ ਠੇਕੇਦਾਰ ਤੇ ਇੰਜੀਨੀਅਰ ਹੀ ਏਨੇ ਵੱਡੇ ਘੁਟਾਲੇ ਕਰ ਗਏ ਤੇ ਉਨ੍ਹਾਂ ਪਿੱਛੇ ਵੱਡੇ ਸਿਆਸਤਦਾਨਾਂ ਤੇ ਅਫ਼ਸਰਾਂ ਦਾ ਕੋਈ ਆਸ਼ੀਰਵਾਦ ਨਹੀਂ ਸੀ। ਉਨ੍ਹਾਂ ਕਿਹਾ ਹੈ ਕਿ ਉਕਤ ਦੋਵਾਂ ਦੋਸ਼ੀਆਂ ਵਲੋਂ ਪੁੱਛਗਿੱਛ ਦੌਰਾਨ ਵੱਡੇ ਲੋਕਾਂ ਬਾਰੇ ਅਹਿਮ ਖੁਲਾਸੇ ਕੀਤੇ ਗਏ ਸਨ ਤੇ ਕਈਆਂ ਦੇ ਨਾਂਅ ਵੀ ਲਏ ਸਨ ਪਰ ਉਨ੍ਹਾਂ ਬਾਰੇ ਅੱਗੇ ਜਾਂਚ ਜਾਂ ਕਾਰਵਾਈ ਨਹੀਂ ਹੋਈ। ਉਨ੍ਹਾਂ ਸਵਾਲ ਕੀਤਾ ਹੈ ਕਿ ਉਕਤ ਖੁਲਾਸਿਆਂ ਬਾਰੇ ਵਿਜੀਲੈਂਸ ਨੇ ਠੇਕੇਦਾਰ ਤੇ ਇੰਜੀਨੀਅਰ ਦੇ ਬਿਆਨਾਂ ਦੀ ਕਦੇ ਪੁਸ਼ਟੀ ਨਹੀਂ ਕੀਤੀ ਤੇ ਨਾ ਹੀ ਜਾਂਚ ਅੱਗੇ ਤੋਰੀ ਗਈ। ਉਨ੍ਹਾਂ ਠੇਕੇਦਾਰ ਵਲੋਂ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਲਏ ਗਏ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੇ ਸਾਰੇ ਮਾਮਲੇ ਉੱਪਰ ਪਰਦਾ ਪਾਉਣ ਵਾਲੇ ਵਿਜੀਲੈਂਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਤੇ ਪਾਰਟੀ ਦੀ ਵੱਡੀ ਬਦਨਾਮੀ ਹੋਈ ਹੈ। ਉਨ੍ਹਾਂ ਸੰਗਰੂਰ ਦੇ ਤਤਕਾਲੀ ਐੱਸ.ਐੱਸ.ਪੀ. ਨੂੰ ਸੌਂਪੀ ਫਿਰੌਤੀ ਕਾਂਡ ਦੀ ਜਾਂਚ ਤੇ ਫ਼ਰੀਦਕੋਟ ਦੇ ਇਕ ਪੁਲਿਸ ਅਫ਼ਸਰ ਵਲੋਂ ਇਕ ਗੈਂਗਸਟਰ ਦੀ ਮਾਤਾ ਤੋਂ 23 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਵਿਜ਼ੀਲੈਂਸ ਕੋਲ ਗਏ ਮਾਮਲੇ ਦੇ ਠੱਪ ਹੋਣ ਦਾ ਸਵਾਲ ਵੀ ਉਠਾਇਆ ਹੈ। ਉਨ੍ਹਾਂ ਕਿਹਾ ਹੈ ਕਿ ਡਰੱਗ ਮਾਮਲੇ ‘ਚ ਫੜੇ ਇੰਸਪੈਕਟਰ ਇੰਦਰਜੀਤ ਸਿੰਘ ਵਾਲੀ ਜਾਂਚ ਵੀ ਅੱਗੇ ਨਹੀਂ ਤੋਰੀ ਗਈ ਅਤੇ ਉਸ ਨੂੰ ਸਰਪ੍ਰਸਤੀ ਦੇਣ ਵਾਲੇ ਲੋਕਾਂ ਦਾ ਪਰਦਾਫਾਸ਼ ਨਹੀਂ ਕੀਤਾ ਗਿਆ। ਉਨ੍ਹਾਂ ਵੱਖ-ਵੱਖ ਸਰਕਾਰੀ ਏਜੰਸੀਆਂ ਵਲੋਂ ਕੇਸ ਦਰਜ ਕਰਕੇ ਤਫ਼ਤੀਸ਼ ਬਾਅਦ ਚਲਾਨ ਪੇਸ਼ ਕੀਤੇ ਜਾਣ ਦੇ ਮਾਮਲੇ ‘ਚ ਉਸੇ ਏਜੰਸੀ ਵਲੋਂ ਅਦਾਲਤ ‘ਚ ਸਬੂਤ ਨਾ ਮਿਲਣ ਦਾ ਬਹਾਨਾ ਬਣਾ ਕੇ ਕਲੋਜ਼ਰ ਰਿਪੋਰਟਾਂ ਪੇਸ਼ ਕਰਨ ਉੱਪਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਲੋਕਾਂ ‘ਚ ਇਹ ਪ੍ਰਭਾਵ ਬਣ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਘੁਟਾਲਿਆਂ ਨੂੰ ਦਫ਼ਨ ਕਰਨ ਦਾ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਮੈਂ ਸਿਆਸੀ ਬਦਲਾਖੋਰੀ ਦੇ ਹੱਕ ‘ਚ ਨਹੀਂ, ਪਰ ਖ਼ਜ਼ਾਨਾ ਲੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਨਹੀਂ ਕਿਹਾ ਜਾ ਸਕਦਾ ਤੇ ਇਸ ਦਲੀਲ ਤਹਿਤ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਕਤ ਮਾਮਲਿਆਂ ਨੂੰ ਇਸ਼ਾਰਾ ਮਾਤਰ ਕਰਾਰ ਦਿੰਦਿਆਂ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਵਿਧਾਇਕ ਦਲ ਤੁਹਾਡੇ ਨਾਲ ਤੁਰਨ ਲਈ ਪਰ ਤੋਲ ਰਿਹਾ ਹੈ, ਪਰ ਉਨ੍ਹਾਂ ਦੀ ਉਮੀਦ ਪੂਰੀ ਕਰਨ ਲਈ ਸਿਆਸੀ ਇੱਛਾ ਸ਼ਕਤੀ ਰੂਪਮਾਨ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਖਰੀ ਗੱਲ ਸੁਣਾਉਂਦਿਆਂ ਕਿਹਾ ਹੈ ਕਿ ਪੰਜਾਬ ਨੂੰ ਅਫ਼ਸਰਸ਼ਾਹੀ ਨਹੀਂ, ਸਿਆਸੀ ਲੀਡਰਸ਼ਿਪ ਵਲੋਂ ਚਲਾਏ ਜਾਣ ਦਾ ਆਮ ਲੋਕਾਂ ਤੱਕ ਸੁਨੇਹਾ ਪਹੁੰਚਾਏ ਜਾਣਾ ਵੀ ਤੁਹਾਡੇ ‘ਤੇ ਹੀ ਮੁਨੱਸਰ ਕਰਦਾ ਹੈ। ਉਨ੍ਹਾਂ ਕੇਂਦਰ ਸਰਕਾਰ ਵਲੋਂ ਫੈਡਰਲ ਢਾਂਚੇ ਦੀ ਮੂਲ ਭਾਵਨਾ ਦੀ ਅਵੱਗਿਆ ਕਰਨ ਦਾ ਮਾਮਲਾ ਉਠਾਉਦਿਆਂ ਪੰਜਾਬ ਉੱਪਰ ਇਨ੍ਹਾਂ ਫ਼ੈਸਲਿਆਂ ਦੇ ਪੈ ਰਹੇ ਪ੍ਰਭਾਵਾਂ ਦਾ ਅਧਿਐਨ ਕਰਨ ਅਤੇ ਇਨ੍ਹਾਂ ਵਿਚ ਸੁਧਾਰ ਲਈ ਆਪਣਾ ਪੱਖ ਜੁਰਅਤ ਨਾਲ ਪੇਸ਼ ਕਰਨ ਦਾ ਮਸ਼ਵਰਾ ਦਿੱਤਾ ਹੈ। ਅੰਤ ਵਿਚ ਪਰਗਟ ਸਿੰਘ ਨੇ ਲਿਖਿਆ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਤੁਹਾਨੂੰ ਲੋਕਾਂ ਦੀ ਆਵਾਜ਼ ਸੁਣਨ ਅਤੇ ਪ੍ਰਵਾਨ ਕਰਨ ਵੱਲ ਤਵੱਜੋ ਦੇਣਾ ਅਤੇ ਸਿੱਖ ਭਾਵਨਾਵਾਂ ਨੂੰ ਸਮਝਣ ਵੱਲ ਧਿਆਨ ਦੇਣ ਦੀ ਲੋੜ ਹੈ। ਸਿੱਖ ਜਗਤ ਵਿਚ ਤੁਹਾਡੀ ਭਰੋਸੇਯੋਗਤਾ ਕਿਸੇ ਵੀ ਹੋਰ ਸਿਆਸੀ ਆਗੂ ਨਾਲੋਂ ਵੱਧ ਰਹੀ ਹੈ ਤੇ ਇਸ ਨੂੰ ਖੋਰਾ ਲੱਗਣਾ ਸਾਡੇ ਸਾਰਿਆਂ ਲਈ ਮੰਦਭਾਗਾ ਹੋਵੇਗਾ।
ਮੁਲਾਕਾਤ ‘ਚ ਵੀ ਪਰਗਟ ਸਿੰਘ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ ਖਰੀਆਂ
ਚੰਡੀਗੜ੍ਹ : ਹਾਕੀ ਦੇ ਸਾਬਕਾ ਕਪਤਾਨ ਤੇ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰੀਬ ਪੌਣਾ ਘੰਟਾ ਮੁਲਾਕਾਤ ਕਰਕੇ ਕੈਪਟਨ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਕਿ ਕੈਪਟਨ ਸਾਹਿਬ! ਲੋਕ ਤੁਹਾਡੇ ਕੋਲੋਂ ਉਮੀਦ ਰੱਖਦੇ ਹਨ, ਆਸ ਉਸ ‘ਤੇ ਰੱਖੀ ਜਾਂਦੀ ਹੈ, ਜੋ ਕੁੱਝ ਕਰ ਸਕਦਾ ਹੋਵੇ। ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਸਾਹਿਬ ਤਕੜੇ ਹੋਵੇ ਲੋਕ ਚਾਹੁੰਦੇ ਹਨ। ਦੋਵੇਂ ਆਗੂਆਂ ਵਿਚਕਾਰ ਹੋਈ ਮੀਟਿੰਗ ਦੀ ਅਹਿਮ ਗੱਲ ਇਹ ਰਹੀ ਕਿ ਕੈਪਟਨ ਅਤੇ ਪਰਗਟ ਸਿੰਘ ਦੀ ਮੀਟਿੰਗ ਦੌਰਾਨ ਕੋਈ ਤੀਸਰਾ ਬੰਦਾ ਨੇੜੇ ਨਹੀਂ ਆਇਆ ਅਤੇ ਪਰਗਟ ਨੇ ਕੈਪਟਨ ‘ਤੇ ਗੋਲ ਤੇ ਗੋਲ ਦਾਗਿਆ। ਪਰਗਟ ਸਿੰਘ ਦੀਆਂ ਗੱਲਾਂ ਨਾਲ ਮੁੱਖ ਮੰਤਰੀ ਨੇ ਸਹਿਮਤੀ ਤਾਂ ਪ੍ਰਗਟ ਕੀਤੀ ਪਰ ਸਵਾਲਾਂ ਦਾ ਹੱਲ ਕਦੋਂ ਹੋਵੇਗਾ, ਇਹ ਸਵਾਲ ਜਿਉਂ ਦਾ ਤਿਉਂ ਬਰਕਰਾਰ ਹੈ।
ਯਾਦ ਰਹੇ ਕਿ ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਸਨ, ਜਿਸਦੇ ਸੰਦਰਭ ਵਿਚ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਪਰਗਟ ਸਿੰਘ ਨਾਲ ਮੁਲਾਕਾਤ ਲਈ ਸਮਾਂ ਦਿੱਤਾ ਸੀ।
ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕਿਹਾ ਕਿ ਸਰਕਾਰ ਪ੍ਰਤੀ ਲੋਕਾਂ ਦੀ ਧਾਰਨਾ, ਮਿੱਥ ਬਹੁਤੀ ਚੰਗੀ ਨਹੀਂ ਹੈ। ਲੋਕੀ 1984 ਅਤੇ 2002 ਵਾਲਾ ਕੈਪਟਨ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸਿੰਚਾਈ ਵਿਭਾਗ ਵਿਚ ਗੁਰਿੰਦਰ ਭਾਪਾ 1200 ਕਰੋੜ ਰੁਪਏ ਦਾ ਘਪਲਾ ਕਰ ਗਿਆ, ਸੋਸ਼ਲ ਮੀਡੀਆਂ ‘ਤੇ ਅਫ਼ਸਰਾਂ ਦੇ ਨਾਮ ਵਾਲੀ ਵਿਜੀਲੈਂਸ ਦੀ ਚਿੱਠੀ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਥਰਮਲ ਪਲਾਂਟ ਲਗਾਉਣ ਸਬੰਧੀ ਨਿੱਜੀ ਕੰਪਨੀਆਂ ਨਾਲ ਸਮਝੌਤੇ ਕੀਤੇ ਉਹ ਸੀ.ਬੀ.ਆਈ ਦੀ ਜਾਂਚ ਮੰਗ ਰਹੇ ਹਨ।
ਅਫ਼ਸਰਸ਼ਾਹੀ ਦੀ ਗੱਲ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਅਫ਼ਸਰ ਉਹ ਚਾਹੁੰਦੇ ਨੇ ਜੋ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਪਰ ਲੋਕ ਹਾਈਕੋਰਟ ਵਿਚ ਨਸ਼ੇ ਦੇ ਮੁੱਦੇ ‘ਤੇ ਬੰਦ ਪਏ ਲਿਫਾਫੇ ਬਾਰੇ ਲੋਕ ਪੁੱਛ ਰਹੇ ਹਨ, ਪਰ ਇਥੇ ਤਾਂ ਦੋਵੇਂ ਪਾਸੇ ਦੇ ਵਕੀਲ ਤਾਰੀਖ ‘ਤੇ ਤਾਰੀਖ ਲਈ ਜਾ ਰਹੇ ਹਨ। ਸੁਖਬੀਰ ਬਾਦਲ ਨੂੰ ਹਿਟਲਰ ਦੀ ਸਵੈ ਜੀਵਨੀ ਭੇਂਟ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੇ ਕੈਪਟਨ ਨੂੰ ਜਵਾਬ ਦਿੱਤਾ ਕਿ ਪੰਜਾਬ ਵਿਚ ਵੀ ਹਿਟਲਰ ਦੀ ਵਿਚਾਰ ਧਾਰਾ ਆਉਣ ਵਾਲੀ ਹੈ, ਪਰ ਪੰਜਾਬ ਇਸਦਾ ਵਿਰੋਧ ਕਰੇਗਾ ਕਿਉਂਕਿ ਅਸੀਂ ਪੰਜਾਬੀ ਹਾਂ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਮੋਦੀ ਲਹਿਰ ਹੋਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਅੱਠ ਲੋਕ ਸਭਾ ਦੀਆਂ ਸੀਟਾਂ ਜਿਤਾਈਆਂ ਹਨ, ਬਾਕੀ ਤਿੰਨ ਸੀਟਾਂ ਬਾਰੇ ਲੋਕਾਂ ਦੇ ਕੀ ਵਿਚਾਰ ਹਨ, ਇਹ ਵੀ ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ, ਮਾਈਨਿੰਗ ਮਾਫ਼ੀਆ ਅਤੇ ਬਿਜਲੀ ਦੀਆਂ ਮਹਿੰਗੀਆਂ ਦਰਾਂ ਨਾਲ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਪਰਗਟ ਸਿੰਘ ਨੇ ਕਿਹਾ ਕਿ ਅੱਜ ਪਾਰਟੀਆਂ ਵਿਚ ਅੰਦਰੂਨੀ ਲੋਕਤੰਤਰ ‘ਚ ਕਮੀ ਆ ਗਈ ਹੈ ਅਤੇ ਕਹਿਣ ਅਤੇ ਸੁਣਨ ਤੋਂ ਡਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਮੇਰਾ ਦੋਸਤਾ ਹੈ ਅਤੇ ਮੈਂ ਮੰਨਦਾ ਹਾਂ।
ਕੈਪਟਨ ਦੇ ਸਲਾਹਕਾਰ ਵੀ ਦੇ ਗਏ ਅਸਤੀਫ਼ੇ
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵਲੋਂ ‘ਆਫਿਸ ਆਫ ਪ੍ਰੋਫਿਟ ਬਿੱਲ 2019’ ਉਤੇ ਲਾਏ ਇਤਰਾਜ਼ ਦੀ ਫਾਈਲ ਐਡਵੋਕੇਟ ਦਫਤਰ ਨੇ ਸਰਕਾਰ ਨੂੰ ਮੋੜ ਦਿੱਤੀ ਹੈ। ਜਿਸ ਦੇ ਚੱਲਦਿਆਂ ਛੇ ਵਿਚੋਂ ਪੰਜ ਵਿਧਾਇਕਾਂ ਨੇ ਸੀਐਮ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ ਕਿ ਫਾਈਲ ਏਜੀ ਦਫਤਰ ਤੋਂ ਤਿੰਨ-ਚਾਰ ਦਿਨ ਪਹਿਲਾਂ ਹੀ ਆ ਗਈ ਸੀ। ਚੇਤੇ ਰਹੇ ਕਿ ਕੈਪਟਨ ਸਰਕਾਰ ਨੇ ਛੇ ਵਿਧਾਇਕਾਂ ਨੂੰ ਆਪਣਾ ਸਲਾਹਕਾਰ ਲਾਉਣ ਲਈ ‘ਆਫਿਸ ਆਫ ਪ੍ਰੋਫਿਟ ਬਿੱਲ 2019’ ਵਿਧਾਨ ਸਭਾ ਵਿਚ ਲਿਆ ਕੇ ਵਿਧਾਇਕਾਂ ਨੂੰ ਇਸ ਵਿਚੋਂ ਕੱਢ ਦਿੱਤਾ ਸੀ, ਪਰ ਜਦੋਂ ਫਾਈਲ ਰਾਜਪਾਲ ਦੀ ਮੋਹਰ ਲੱਗਣ ਲਈ ਰਾਜ ਭਵਨ ਗਈ ਤਾਂ ਉਨ੍ਹਾਂ ਨੇ ਇਸ ‘ਤੇ ਇਤਰਾਜ਼ ਲਾਉਂਦਿਆਂ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਜਵਾਬ ਤਿਆਰ ਕਰਕੇ ਫਾਈਲ ਜਨਰਲ ਐਡਮਨਿਸਟ੍ਰੇਸ਼ਨ ਨੇ ਕਾਨੂੰਨੀ ਰਾਏ ਲਈ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਭੇਜ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਅਤੁਲ ਨੰਦਾ ਨੇ ਇਸ ਮਾਮਲੇ ਵਿਚ ਮੁੱਖ ਮੰਤਰੀ ਨਾਲ ਗੱਲ ਕਰਨ ਪਿੱਛੋਂ ਫਾਈਲ ਵਾਪਸ ਮੋੜ ਦਿੱਤੀ। ਕੈਪਟਨ ਸਰਕਾਰ ਨੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਇੰਦਰਬੀਰ ਸਿੰਘ ਬੁਲਾਰੀਆ, ਸੰਗਤ ਸਿੰਘ ਗਿਲਜ਼ੀਆਂ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਲਾਇਆ ਸੀ, ਜਦਕਿ ਤਰਸੇਮ ਸਿੰਘ ਡੀਸੀ ਤੇ ਕੁਲਜੀਤ ਸਿੰਘ ਨਾਗਰਾ ਨੂੰ ਸਲਾਹਕਾਰ ਯੋਜਨਾ ਲਾਇਆ ਗਿਆ ਸੀ। ਸਾਰਿਆਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਗਿਆ। ਇਨ੍ਹਾਂ ਵਿਚੋਂ ਰਾਜਾ ਵੜਿੰਗ ਆਪਣਾ ਅਸਤੀਫਾ ਪਹਿਲਾਂ ਹੀ ਦੇ ਚੁੱਕੇ ਹਨ, ਜਦਕਿ ਬਾਕੀ ਸਾਰੇ ਪੰਜ ਮੰਗਲਵਾਰ ਸ਼ਾਮ ਨੂੰ ਮੁੱਖ ਮੰਤਰੀ ਨੂੰ ਮਿਲੇ ਤੇ ਉਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਨੇ ਫਿਲਹਾਲ ਅਸਤੀਫਾ ਸਵੀਕਾਰ ਨਹੀਂ ਕੀਤਾ ਤੇ ਸਾਰੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਉਹ ਅਜੇ ਇੰਤਜ਼ਾਰ ਕਰਨ।
ਇਕ ਵਿਧਾਇਕ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੀਐਮ ਨੂੰ ਮਿਲੇ ਸਨ ਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਅਹੁਦੇ ਉਦੋਂ ਗ੍ਰਹਿਣ ਕਰਾਂਗੇ ਜਦੋਂ ਰਾਜਪਾਲ ਬਿੱਲ ਪਾਸ ਕਰ ਦੇਣਗੇ। ਹੁਣ ਕਾਫੀ ਸਮਾਂ ਲੰਘ ਚੁੱਕਾ ਹੈ ਇਸ ਲਈ ਸਾਡਾ ਅਸਤੀਫਾ ਲੈ ਲਿਆ ਜਾਵੇ, ਪਰ ਸੀਐਮ ਨੇ ਕਿਹਾ ਕਿ ਉਹ ਅਜੇ ਇੰਤਜ਼ਾਰ ਕਰਨ। ਇਨ੍ਹਾਂ ਸਾਰੇ ਵਿਧਾਇਕਾਂ ਨੂੰ ਪੂਰਾ ਸਟਾਫ, ਕਮਰੇ ਆਦਿ ਸਕੱਤਰੇਤ ਵਿਚ ਮੁਹੱਈਆ ਕਰਵਾ ਦਿੱਤੇ ਗਏ ਸਨ।
ਸਿੱਧੂ, ਬਾਜਵਾ, ਦੂਲੋਂ ਦੀਆਂ ਚਿੱਠੀਆਂ ਦਾ ਵੀ ਨਹੀ ਦਿੱਤਾ ਅਮਰਿੰਦਰ ਨੇ ਜਵਾਬ
ਪਰਗਟ ਸਿੰਘ ਦੀ ਚਿੱਠੀ ਨੇ ਜਿੱਥੇ ਕੈਪਟਨ ਅਮਰਿੰਦਰ ਲਈ ਨਵੀਂ ਮੁਸੀਬਤ ਸਹੇੜ ਦਿੱਤੀ ਹੈ, ਉਥੇ ਇਸ ਤੋਂ ਪਹਿਲਾਂ ਵੀ ਜਿੱਥੇ ਮੁੱਖ ਮੰਤਰੀ ਖਿਲਾਫ਼ ਬਾਗੀ ਸੁਰਾਂ ਉਠਦੀਆਂ ਰਹੀਆਂ ਹਨ, ਉਥੇ ਸਮੇਂ-ਸਮੇਂ ਵੱਡੇ ਕਾਂਗਰਸੀ ਆਗੂਆਂ ਵੱਲੋਂ ਲਿਖੀਆਂ ਚਿੱਠੀਆਂ ਦਾ ਜਵਾਬ ਦੇਣਾ ਵੀ ਕੈਪਟਨ ਅਮਰਿੰਦਰ ਨੇ ਜਾਇਜ਼ ਨਹੀਂ ਸਮਝਿਆ। ਇਸ ਦੌਰਾਨ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਧੀਮਾਨ, ਕੁਲਬੀਰ ਸਿੰਘ ਜ਼ੀਰਾ, ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਮੰਤਰੀ ਅਤੇ ਵਿਧਾਇਕ ਵੀ ਆਪਣੀ ਸਰਕਾਰ ਖਿਲਾਫ਼ ਮੋਰਚਾ ਖੋਲ ਚੁੱਕੇ ਹਨ। ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਦੀ ਕਾਪੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਭੇਜੀ ਹੈ। ਪਰਗਟ ਸਿੰਘ ਦੇ ਪੱਤਰ ਨੂੰ ਸਿਆਸੀ ਮਾਹਿਰ ਨਵਜੋਤ ਸਿੰਘ ਸਿੱਧੂ ਨਾਲ ਜੋੜ ਕੇ ਦੇਖ ਰਹੇ ਹਨ ਕਿਉਂਕਿ ਪਰਗਟ ਸਿੰਘ, ਨਵਜੋਤ ਸਿੱਧੂ ਦੇ ਬੇਹੱਦ ਕਰੀਬੀਆਂ ਵਿਚੋਂ ਇਕ ਹਨ। ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਮਸ਼ੇਰ ਸਿੰਘ ਦੂਲੋਂ, ‘ਆਪ’ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਵੀ ਮੁੱਖ ਮੰਤਰੀ ਨੂੰ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਪੱਤਰ ਲਿਖੇ ਜਾ ਚੁੱਕੇ ਹਨ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਜਾਂ ਕਾਂਗਰਸੀ ਆਗੂਆਂ ਵੱਲੋਂ ਲਿਖੀਆਂ ਚਿੱਠੀਆਂ ਦਾ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …