Breaking News
Home / ਹਫ਼ਤਾਵਾਰੀ ਫੇਰੀ / ਉਮਰਾਨੰਗਲ ਨਾਲ ਜੇਲ੍ਹ ‘ਚ ਰੱਖੜਾ, ਬਡੂੰਗਰ ਤੇ ਮਿੰਨੀ ਚੰਦੂਮਾਜਰੇ ਨੇ ਪਾਈਆਂ ਗੁਪਤ ਜੱਫੀਆਂ

ਉਮਰਾਨੰਗਲ ਨਾਲ ਜੇਲ੍ਹ ‘ਚ ਰੱਖੜਾ, ਬਡੂੰਗਰ ਤੇ ਮਿੰਨੀ ਚੰਦੂਮਾਜਰੇ ਨੇ ਪਾਈਆਂ ਗੁਪਤ ਜੱਫੀਆਂ

ਜੇਲ੍ਹ ‘ਚ ਸੇਵਾ ਕਰਨ ਤੇ ਗੁਪਤ ਮੀਟਿੰਗਾਂ ਕਰਵਾਉਣ ਵਾਲਾ ਜੇਲਰ ਮੁਅੱਤਲ
ਪਟਿਆਲਾ : ਪਟਿਆਲਾ ਦੀ ਜੇਲ੍ਹ ‘ਚ ਬੰਦ ਪਰਮਰਾਜ ਸਿੰਘ ਉਮਰਾਨੰਗਲ ਨਾਲ ਸੁਰਜੀਤ ਸਿੰਘ ਰੱਖੜਾ, ਕਿਰਪਾਲ ਸਿੰਘ ਬਡੂੰਗਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਮੁੰਡੇ ਹਰਿੰਦਰ ਸਿੰਘ ਚੰਦੂਮਾਜਰਾ ਸਣੇ 24-25 ਵਿਅਕਤੀਆਂ ਨੇ ਗੁਪਤ ਮੀਟਿੰਗ ਕੀਤੀ। ਇਸ ਮੁਲਾਕਾਤ ਨੂੰ ਜੇਲ੍ਹ ਦੀ ਰਜਿਸਟਰ ਵਿਚ ਵੀ ਦਰਜ ਨਹੀਂ ਕੀਤਾ ਗਿਆ, ਬਲਕਿ ਇਸ ਬੈਠਕ ਦੇ ਨਾਲ-ਨਾਲ ਜੇਲਰ ਜਸਪਾਲ ਸਿੰਘ ਹੰਸ, ਉਮਰਾਨੰਗਲ ਨੂੰ ਜੇਲ੍ਹ ਅੰਦਰ ਹਰ ਸਹੂਲਤ ਵੀ ਉਪਲਬਧ ਕਰਵਾ ਰਿਹਾ ਸੀ। ਜਿਸ ਦੇ ਚਲਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਪਰਮਰਾਜ ਸਿੰਘ ਉਮਰਾਨੰਗਲ ਨੂੰ ਮਿਲਣ ਵਾਲਿਆਂ ਵਿਚ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ, ਐਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ, ਸਤਵੀਰ ਸਿੰਘ ਖੱਟੜਾ, ਕਬੀਰ ਦਾਸ, ਸਾਬਕਾ ਮੇਅਰ ਮਲਵਿੰਦਰ, ਅਮਰਿੰਦਰ ਬਜਾਜ, ਪਰਵਿੰਦਰ ਸਿੰਘ ਚੀਮਾ ਤੋਂ ਇਲਾਵਾ ਸਾਬਕਾ ਡੀਆਈਜੀ ਹਰਿੰਦਰ ਚੌਹਾਨ, ਸਾਬਕਾ ਐਸਪੀ ਗੁਰਨਾਮ ਮੇਹਰਾ, ਸਾਬਕਾ ਡੀਐਸਪੀ ਯਸ਼ਪਾਲ ਹਾਰਾ, ਆਈਜੀਪੀ ਕ੍ਰਿਸ਼ਨ ਲਾਲ ਸ਼ਾਮਲ ਸਨ।
ਜੇਲ੍ਹ ਵਿਚ ਪਰਮਰਾਜ ਸਿੰਘ ਉਮਰਾਨੰਗਲ ਦੀ ਮਹਿਮਾਨ ਨਿਵਾਜ਼ੀ ਕਰਨੀ ਜੇਲ੍ਹਰ ਨੂੰ ਇਸ ਕਦਰ ਮਹਿੰਗੀ ਪਈ ਕਿ ਜੇਲ੍ਹ ਮੰਤਰੀ ਦੇ ਹੁਕਮਾਂ ‘ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਰਮਰਾਜ ਸਿੰਘ ਉਮਰਾਨੰਗਲ ਲੰਘੀ 26 ਫਰਵਰੀ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ। ਜਾਣਕਾਰੀ ਮੁਤਾਬਕ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਕੇਂਦਰੀ ਜੇਲ੍ਹ ਵਿਚ ਵੀ.ਆਈ.ਪੀ. ਸਹੂਲਤਾਂ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਕੁਝ ਵਿਅਕਤੀਆਂ ਨਾਲ ਮੁਲਾਕਾਤ ਕਰਵਾਈ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਹੰਸ ਦੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਸੂਤਰਾਂ ਅਨੁਸਾਰ ਉਮਰਾਨੰਗਲ ਦੇ ਜੇਲ੍ਹ ਵਿਚ ਦਾਖਲ ਹੁੰਦਿਆਂ ਹੀ ਉਸਦੀ ਮਹਿਮਾਨ ਨਿਵਾਜ਼ੀ ਸ਼ੁਰੂ ਹੋ ਗਈ ਸੀ। ਜੇਲ੍ਹ ਅੰਦਰ ਉਮਰਾਨੰਗਲ ਦੀ ਇੱਛਾ ਅਨੁਸਾਰ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਗਏ ਹਨ। ਏਨਾ ਹੀ ਨਹੀਂ 2 ਫਰਵਰੀ ਨੂੰ ਜੇਲ੍ਹ ਅੰਦਰ ਹੀ ਉਮਰਾਨੰਗਲ ਦੀ ਕੁਝ ਵਿਅਕਤੀਆਂ ਨਾਲ ਮੁਲਾਕਾਤ ਵੀ ਕਰਵਾਈ ਗਈ, ਜਿਸ ਸਬੰਧੀ ਕੋਈ ਲਿਖਤੀ ਰਿਕਾਰਡ ਨਹੀਂ ਰੱਖਿਆ ਗਿਆ। ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਐਸ.ਆਈ.ਟੀ. ਵਲੋਂ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਪੁਲਿਸ ਰਿਮਾਂਡ ਤੋਂ ਬਾਅਦ ਫਰੀਦਕੋਟ ਦੀ ਇਕ ਅਦਾਲਤ ਵਲੋਂ 26 ਫਰਵਰੀ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।

ਹਾਈਕੋਰਟ ਨੇ ਪਰਮਰਾਜ ਉਮਰਾਨੰਗਲ ਨੂੰ ਰਾਹਤ ਦਿੰਦਿਆਂ ਕਿਹਾ ਹੈ ਕਿ ਉਸ ਨੂੰ ਹੋਰ ਕਿਸੇ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦਿੱਤਾ ਜਾਵੇ।

Check Also

ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ

ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …