Breaking News
Home / ਹਫ਼ਤਾਵਾਰੀ ਫੇਰੀ / ਦੋ ਵਿਆਹਾਂ ਦੇ ਮਾਮਲੇ ‘ਚ ਘਿਰਨਤੋਂ ਬਾਅਦ ਗਿਆਨੀ ਇਕਬਾਲ ਸਿੰਘਪੁੱਤਦੇ ਸਿਗਰਟਾਂ ਪੀਣਦੇ ਮਾਮਲੇ ‘ਚਵੀ ਘਿਰੇ

ਦੋ ਵਿਆਹਾਂ ਦੇ ਮਾਮਲੇ ‘ਚ ਘਿਰਨਤੋਂ ਬਾਅਦ ਗਿਆਨੀ ਇਕਬਾਲ ਸਿੰਘਪੁੱਤਦੇ ਸਿਗਰਟਾਂ ਪੀਣਦੇ ਮਾਮਲੇ ‘ਚਵੀ ਘਿਰੇ

ਇਕਬਾਲ ਸਿੰਘ ਤੋਂ ਖੁੱਸੀ ਜਥੇਦਾਰੀ
ਗਿਆਨੀ ਰਾਜਿੰਦਰ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਕੀਤਾ ਨਿਯੁਕਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਜਥੇਦਾਰੀ ਤੋਂ ਅਸਤੀਫ਼ਾ ਦੇ ਕੇ ਫਿਰ ਵਾਪਸ ਵੀ ਲੈ ਲਿਆ ਪਰ ਪ੍ਰਬੰਧਕੀ ਕਮੇਟੀ ਨੇ ਪਹਿਲਾਂ ਦਿੱਤੇ ਅਸਤੀਫ਼ੇ ਨੂੰ ਪ੍ਰਵਾਨ ਕਰਕੇ ਉਨ੍ਹਾਂ ਨੂੰ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ। ਧਿਆਨ ਰਹੇ ਕਿ ਗਿਆਨੀ ਇਕਬਾਲ ਸਿੰਘ ਜਿੱਥੇ ਦੋ ਵਿਆਹ ਕਰਵਾਉਣ ਦੇ ਮਾਮਲੇ ਦਾ ਵਿਵਾਦ ਸਹੇੜੀ ਬੈਠੇ ਹਨ, ਉਥੇ ਉਨ੍ਹਾਂ ਦੇ ਪੁੱਤ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿਚ ਉਸ ਨੂੰ ਸਿਗਰਟ ਪੀਂਦਾ ਵਿਖਾਇਆ ਗਿਆ ਸੀ। ਇਸ ਦੌਰਾਨ ਹੀ ਅਸਤੀਫ਼ੇ ਵਾਲਾ ਮਾਮਲਾ ਸਾਹਮਣੇ ਆਉਣ ਦੇ ਨਾਲ-ਨਾਲ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ ਵੀ ਹਲਕੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਅਸਤੀਫੇ ਦੀ ਸ਼ੋਸ਼ਲ ਮੀਡੀਆ ‘ਤੇ ਘੁੰਮ ਰਹੀ ਕਾਪੀ ਨੂੰ ਹੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਪ੍ਰਵਾਨ ਕਰ ਲਿਆ। ਤਖਤ ਸ੍ਰੀ ਪਟਨਾ ਸਾਹਿਬ ਬੋਰਡ ਦੀ ਕਮੇਟੀ ਦੇ 10 ਮੈਂਬਰਾਂ ਨੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਅਗਵਾਈ ਵਿਚ ਇਕੱਤਰਤਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ 3 ਮਾਰਚ ਨੂੰ ਗਿਆਨੀ ਇਕਬਾਲ ਸਿੰਘ ਵਲੋਂ ਦਿੱਤੇ ਅਸਤੀਫੇ ਦੀ ਸ਼ੋਸ਼ਲ ਮੀਡੀਆ ‘ਤੇ ਘੁੰਮ ਰਹੀ ਕਾਪੀ ਨੂੰ ਹੀ ਪ੍ਰਵਾਨ ਕਰਕੇ ਗਿਆਨੀ ਰਾਜਿੰਦਰ ਸਿੰਘ ਨੂੂੰ ਤਖਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕਰਕੇ ਅਗਲੇ ਹੁਕਮਾਂ ਤੱਕ ਸੇਵਾਵਾਂ ਸੌਂਪ ਦਿੱਤੀਆਂ ਹਨ।
ਗਿਆਨੀ ਇਕਬਾਲ ਸਿੰਘ ਦੇ ਕੇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਣਾਈ ਜਾਂਚ ਕਮੇਟੀ ਨੇ ਵੀ ਪਿਛਲੇ ਦਿਨੀਂ ਆਪਣੀ ਰਿਪੋਰਟ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਟਨਾ ਸਾਹਿਬ ਬੋਰਡ ਕਮੇਟੀ ਨੂੰ ਅਸਤੀਫਾ ਪ੍ਰਵਾਨ ਕਰਨ ਉਪਰੰਤ ਤਖਤ ਸਾਹਿਬ ਦੇ ਪ੍ਰਬੰਧ ਲਈ ਅਗਲਾ ਪ੍ਰਬੰਧ ਕਰਨ ਲਈ ਲਿਖਤੀ ਆਦੇਸ਼ ਜਾਰੀ ਕੀਤੇ ਸਨ।
ਇਸ ਇਕੱਤਰਤਾ ਸਮੇਂ ਪ੍ਰਧਾਨ ਅਵਤਾਰ ਸਿੰਘ ਹਿੱਤ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੀਤ ਪ੍ਰਧਾਨ ਇੰਦਰਜੀਤ ਸਿੰਘ, ਮੈਂਬਰ ਸੁਰਿੰਦਰ ਸਿੰਘ, ਕਮਿੱਕਰ ਸਿੰਘ, ਰਾਜਾ ਸਿੰਘ, ਲਖਬੀਰ ਸਿੰਘ, ਤਰਲੋਚਨ ਸਿੰਘ, ਹਰਬੰਸ ਸਿੰਘ, ਜਗਜੋਤ ਸਿੰਘ ਆਦਿ ਮੌਜੂਦ ਸਨ।
ਮੇਰੇ ਵਿਰੁੱਧ ਕੀਤੀ ਜਾ ਰਹੀ ਹੈ ਸਾਜਿਸ਼ : ਗਿਆਨੀ ਇਕਬਾਲ ਸਿੰਘ
ਗਿਆਨੀ ਇਕਬਾਲ ਸਿੰਘ ਨੇ ਬੋਰਡ ਮੈਂਬਰਾਂ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਲਗਾਤਾਰ ਸਾਜਿਸ਼ ਕੀਤੀ ਜਾ ਰਹੀ ਹੈ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸੇ ਰੋਸ ਕਾਰਨ ਹੀ ਆਪਣਾ ਅਸਤੀਫਾ ਤੇ ਤਖਤ ਸਾਹਿਬ ਦੇ ਪ੍ਰਬੰਧ ਦੀਆਂ ਚਾਬੀਆਂ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿੱਲੋਂ ਨੂੰ ਸੌਂਪੀਆਂ ਹਨ। ਜਿਨ੍ਹਾਂ ਨੇ ਸੰਗਤ ਦੇ ਕਹਿਣ ‘ਤੇ ਉਨ੍ਹਾਂ ਦਾ ਅਸਤੀਫਾ ਨਾਮਨਜੂਰ ਕਰਨ ਕਰਕੇ ਅਸਤੀਫਾ ਤੇ ਚਾਬੀਆਂ ਸੰਗਤ ਦੀ ਮੌਜੂਦਗੀ ਵਿਚ ਵਾਪਸ ਸੌਂਪ ਦਿੱਤੀਆਂ ਸਨ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਅਸਤੀਫਾ ਬੋਰਡ ਦੇ ਪ੍ਰਧਾਨ ਨੂੰ ਦਿੱਤਾ ਸੀ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ।
ਇਹ ਹਨ ਵਿਵਾਦ :ਗਿਆਨੀ ਇਕਬਾਲ ਸਿੰਘ ਦੇ ਬੇਟੇ ਦੀ ਸਿਗਰਟ ਪੀਂਦੇ ਦੀ ਵੀਡੀਓ ਹੋਈ ਸੀ ਵਾਇਰਲ
ਹਾਲ ਹੀ ਵਿਚ ਗਿਆਨੀ ਇਕਬਾਲ ਸਿੰਘ ਦੇ ਬੇਟੇ ਗੁਰਪ੍ਰਸਾਦਿ ਸਿੰਘ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਸ ਨੂੰ ਸਿਗਰਟਨੋਸ਼ੀ ਕਰਦਿਆਂ ਦਿਖਾਇਆ ਗਿਆ ਸੀ। ਪ੍ਰਬੰਧਕੀ ਬੋਰਡ ਨੇ ਉਸ ਨੂੰ ਮੁਅੱਤਲ ਕਰਕੇ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ। ਗਿਆਨੀ ਇਕਬਾਲ ਸਿੰਘ ਖਿਲਾਫ਼ ਉਨ੍ਹਾਂ ਦੀ ਦੂਜੀ ਪਤਨੀ ਵੱਲੋਂ ਵੀ ਸ਼ਿਕਾਇਤ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੌਂਪਿਆ ਗਿਆ ਸੀ।
ਗਿਆਨੀ ਇਕਬਾਲ ਸਿੰਘ ‘ਤੇ ਲੱਗੇ ਦੋਸ਼ ਸਿੱਧ ਹੋਏ ਤਾਂ ਕਰਾਂਗੇ ਤਲਬ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਇਕਬਾਲ ਸਿੰਘ ਉਪਰ ਲੱਗੇ ਦੋਸ਼ਾਂ ਦੀ ਪੜਤਾਲ ਕਰਨ ਲਈ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਰਹਿੰਦੀ ਪੜਤਾਲ ਜਲਦ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਇਕਬਾਲ ਸਿੰਘ ਉਪਰ ਲੱਗੇ ਦੋਸ਼ ਸਹੀ ਪਾਏ ਗਏ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਜਾਵੇਗਾ।
‘ਮੈਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਾ ਵਿਰੋਧ ਕੀਤਾ ਸੀ ਤਾਂ ਹੀ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਰਾਮ ਰਹੀਮ ਨੂੰ ਮੁਆਫੀ ਲਈ ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ ਨੇ ਗੱਲ ਤੋਰੀ ਸੀ ਤਲਬ ਤਾਂ ਉਨ੍ਹਾਂ ਨੂੰ ਕੀਤਾ ਜਾਣਾ ਚਾਹੀਦਾ ਹੈ।’
-ਗਿਆਨੀ ਇਕਬਾਲ ਸਿੰਘ

Check Also

ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਹਾਰ ਕੇ ਵੀ ਰਵਨੀਤ ਬਿੱਟੂ ਮੋਦੀ ਕੈਬਨਿਟ ‘ਚ ਲੈ ਗਏ ਕੁਰਸੀ ਨਵੀਂ ਦਿੱਲੀ/ਬਿਊਰੋ ਨਿਊਜ਼ : …