16.8 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਪਰਿਵਾਰ ਵਲੋਂ ਖੁਦਕੁਸ਼ੀ ਦਾ ਮਾਮਲਾ

ਪਰਿਵਾਰ ਵਲੋਂ ਖੁਦਕੁਸ਼ੀ ਦਾ ਮਾਮਲਾ

ਸਾਬਕਾ ਡੀਆਈਜੀ ਕੁਲਤਾਰ ਸਿੰਘ ਸਮੇਤ ਪੰਜ ਨੂੰ 8-8 ਸਾਲ ਦੀ ਕੈਦ
ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਸਾਲ 2004 ‘ਚ ਪਰਿਵਾਰ ਦੇ ਪੰਜ ਜੀਆਂ ਵਲੋਂ ਖੁਦਕੁਸ਼ੀ ਕਰਨ ਦੀ ਵਾਪਰੀ ਘਟਨਾ ਦੇ ਮਾਮਲੇ ਵਿਚ ਬੁੱਧਵਾਰ ਨੂੰ ਸਥਾਨਕ ਅਦਾਲਤ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਕੁਲਤਾਰ ਸਿੰਘ ਸਮੇਤ ਪੰਜ ਜਣਿਆਂ ਨੂੰ ਅੱਠ ਸਾਲ ਦੀ ਕੈਦ ਅਤੇ ਇਕ ਮੌਜੂਦਾ ਡੀਐੱਸਪੀ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅੱਠ ਸਾਲ ਦੀ ਕੈਦ ਭੁਗਤਣ ਵਾਲਿਆਂ ਨੂੰ 23-23 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ, ਜਿਸ ਦਾ ਭੁਗਤਾਨ ਨਾ ਹੋਣ ਦੀ ਸੂਰਤ ਵਿਚ ਇਕ ਸਾਲ ਹੋਰ ਕੈਦ ਕੱਟਣੀ ਪਵੇਗੀ।
ਸਾਬਕਾ ਡੀਆਈਜੀ ਕੁਲਤਾਰ ਸਿੰਘ ਤੋਂ ਇਲਾਵਾ ਸਬਰੀਨ ਕੌਰ, ਮਹਿੰਦਰ ਸਿੰਘ, ਪਰਮਿੰਦਰ ਕੌਰ ਤੇ ਪਲਵਿੰਦਰ ਪਾਲ ਸਿੰਘ ਨੂੰ 8-8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰਮਿੰਦਰ ਕੌਰ ਖੁਦਕੁਸ਼ੀ ਕਰਨ ਵਾਲੇ ਹਰਦੀਪ ਸਿੰਘ ਦੀ ਭੈਣ ਹੈ। ਮੌਜੂਦਾ ਡੀਐੱਸਪੀ ਹਰਦੇਵ ਸਿੰਘ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਇਸ ਵੇਲੇ ਜ਼ਿਲ੍ਹਾ ਤਰਨਤਾਰਨ ਵਿਚ ਤਾਇਨਾਤ ਹੈ। ਇਹ ਸਜ਼ਾ ਇੱਥੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸੁਣਾਈ ਗਈ। ਦੋ ਦਿਨ ਪਹਿਲਾਂ ਇਸੇ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ।
ਦੱਸਣਯੋਗ ਹੈ ਕਿ 30-31 ਅਕਤੂਬਰ 2004 ਦੀ ਰਾਤ ਨੂੰ ਸ਼ਹਿਰ ਦੇ ਚਾਟੀਵਿੰਡ ਇਲਾਕੇ ਦੇ ਚੌਕ ਮੋਨੀ ਸਥਿਤ ਇਕ ਘਰ ਵਿਚ ਰਹਿੰਦੇ ਹਰਦੀਪ ਸਿੰਘ, ਉਸ ਦੀ ਪਤਨੀ ਰੋਮੀ, ਦੋ ਛੋਟੇ ਬੱਚੇ ਇਸ਼ਮੀਤ ਤੇ ਸਨਮੀਤ ਸਮੇਤ ਹਰਦੀਪ ਦੀ ਮਾਂ ਜਸਵੰਤ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਤੋਂ ਪਹਿਲਾਂ ਇਨ੍ਹਾਂ ਨੇ ਘਰ ਦੀਆਂ ਕੰਧਾਂ ‘ਤੇ ਖੁਦਕੁਸ਼ੀ ਨੋਟ ਲਿਖਿਆ ਸੀ, ਜਿਸ ਵਿਚ ਇਨ੍ਹਾਂ ਨੇ ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ‘ਤੇ ਜਬਰੀ ਪੈਸੇ ਵਸੂਲਣ, ਡਰਾਉਣ-ਧਮਕਾਉਣ, ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਕੰਧ ‘ਤੇ ਇਹ ਵੀ ਲਿਖਿਆ ਸੀ ਕਿ ਦੋਸ਼ੀਆਂ ਵਿਚੋਂ ਇਕ ਉਸ ਨੂੰ ਆਪਣੇ ਪਿਤਾ ਦਾ ਕਾਤਲ ਦੱਸਦਾ ਹੈ ਅਤੇ ਆਪਣੇ-ਆਪ ਨੂੰ ਮੌਕੇ ਦਾ ਗਵਾਹ ਦੱਸ ਕੇ ਉਸ ਨੇ ਉਸ ਕੋਲੋਂ ਸਾਢੇ ਸੱਤ ਲੱਖ ਰੁਪਏ ਵਸੂਲੇ ਸਨ। ਜਦੋਂ ਉਹ ਹੋਰ ਤਿੰਨ ਲੱਖ ਰੁਪਏ ਦੇਣ ਵਿਚ ਅਸਫਲ ਰਿਹਾ ਤਾਂ ਉਸ ਨੇ ਇਸ ਬਾਰੇ ਪੁਲਿਸ ਨੂੰ ਦੱਸ ਦਿੱਤਾ। ਹਰਦੀਪ ਨੇ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀਆਂ ਨੇ ਵੀ ਉਸ ਨੂੰ ਡਰਾ-ਧਮਕਾ ਕੇ ਉਸ ਦਾ ਸ਼ੋਸ਼ਣ ਕੀਤਾ ਅਤੇ ਪੰਜ ਲੱਖ ਰੁਪਏ ਲੈ ਲਏ ਜਦੋਂਕਿ ਉਸ ਦੇ ਪਿਤਾ ਦੀ ਮੌਤ ਅਚਨਚੇਤੀ ਵਾਪਰੇ ਹਾਦਸੇ ਵਿਚ ਹੋਈ ਸੀ।

RELATED ARTICLES
POPULAR POSTS