ਪ੍ਰਿਅੰਕਾ ਗਾਂਧੀ ਤਾੜੀਆਂ ਵਜਾ ਕੇ ਹੱਸੀ
ਚੰਡੀਗੜ੍ਹ : ਪੰਜਾਬ ਵਿਚ ਸਿਆਸੀ ਮਾਹੌਲ ਇਥੋਂ ਤੱਕ ਗਰਮਾ ਗਿਆ ਹੈ ਕਿ ਨੇਤਾ ਆਪਣੇ ਸਿਆਸੀ ਵਿਰੋਧੀਆਂ ਲਈ ਜਾਤੀ ਸੂਚਕ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਰੂਪਨਗਰ ਵਿਚ ਕਾਂਗਰਸੀ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿਚ ਰੋਡ ਸ਼ੋਅ ਕੀਤਾ ਸੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੂਰੇ ਜੋਸ਼ ਵਿਚ ਆ ਕੇ ਉਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਲੀਡਰਾਂ ਨੂੰ ‘ਭਈਏ’ ਤੱਕ ਕਹਿ ਦਿੱਤਾ ਸੀ। ਰੋਡ ਸ਼ੋਅ ਦੌਰਾਨ ਚੰਨੀ ਨੇ ਜਿਸ ਸਮੇਂ ਇਹ ਬੋਲ ਬੋਲੇ ਤਾਂ ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਹੀ ਖੜ੍ਹੀ ਸੀ ਅਤੇ ਤਾੜੀਆਂ ਵਜਾਉਂਦੀ ਹੋਈ ਹੱਸ ਰਹੀ ਸੀ। ਹੁਣ ਚੰਨੀ ਦੇ ਇਸ ਬਿਆਨ ‘ਤੇ ਸਿਆਸਤ ਗਰਮਾਉਣ ਲੱਗੀ ਹੈ। ਇਸੇ ਦੌਰਾਨ ਚਰਨਜੀਤ ਸਿੰਘ ਚੰਨੀ ਦੀ ‘ਭੱਈਆ’ (ਪਰਵਾਸੀਆਂ) ਸਬੰਧੀ ਵਿਵਾਦਿਤ ਟਿੱਪਣੀ ‘ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਇਕ ਨੇੜਲੇ ਸਹਿਯੋਗੀ ਨੇ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਬਿਹਾਰ ਦੇ ਸੂਚਨਾ ਤੇ ਜਨ ਸੰਪਰਕ ਵਿਭਾਗ ਦੇ ਮੰਤਰੀ ਸੰਜੈ ਕੁਮਾਰ ਝਾਅ ਨੇ ਚੰਨੀ ਤੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਦੀ ਨਿਖੇਧੀ ਕਰਦੇ ਹੋਏ ਉਪਰੋਥੱਲੀ ਟਵੀਟ ਕੀਤੇ ਹਨ। ਚੰਨੀ ਤੇ ਵਾਡਰਾ ਇਕ ਛੋਟੀ ਵੀਡੀਓ ਕਲਿੱਪ ਵਿੱਚ ਇਕੱਠਿਆਂ ਨਜ਼ਰ ਆ ਰਹੇ ਹਨ। ਚੰਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ”ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਭੱਈਏ ਸੂਬੇ ਵਿੱਚ ਆ ਕੇ ਸ਼ਾਸਨ ਨਹੀਂ ਕਰ ਸਕਦੇ।” ਝਾਅ ਨੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਵਿੱਚ ਬਿਹਾਰ ਦੇ ਪਰਵਾਸੀਆਂ ਵੱਲੋਂ ਨਿਭਾਈ ਭੂਮਿਕਾ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਇਸ ਰਾਜ (ਬਿਹਾਰ) ਵਿੱਚ ਸਿੱਖਾਂ ਦੇ ਵੱਖ-ਵੱਖ ਧਾਰਮਿਕ ਅਸਥਾਨ ਹਨ।
ਪ੍ਰਿਅੰਕਾ ਵੀ ਹਨ ਯੂਪੀ ਤੋਂ : ‘ਆਪ’
ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਭਗਵੰਤ ਮਾਨ ਨੇ ਚੰਨੀ ਦੇ ਬਿਆਨ ‘ਤੇ ਇਤਰਾਜ਼ ਕੀਤਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਵੀ ਤਾਂ ਉਤਰ ਪ੍ਰਦੇਸ਼ ਤੋਂ ਹਨ ਅਤੇ ਉਨ੍ਹਾਂ ਨੂੰ ਚਰਨਜੀਤ ਚੰਨੀ ਕੀ ਕਹਿਣਗੇ। ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਨੀ ਦੀ ਟਿੱਪਣੀ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਚੰਨੀ ਨੇ ਪਹਿਲਾਂ ਉਨ੍ਹਾਂ ਦੇ ਰੰਗ ਉਤੇ ਵੀ ਵਿਅੰਗ ਕਸਿਆ ਸੀ ਤੇ ‘ਕਾਲਾ’ ਕਿਹਾ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …