Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਧਾਨ ਸਭਾ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ

20 ਫਰਵਰੀ ਨੂੰ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਹੋਵੇਗੀ ਬੰਦ, 10 ਮਾਰਚ ਨੂੰ ਖੁੱਲ੍ਹੇਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਉਂਦੀ 20 ਫਰਵਰੀ ਦਿਨ ਐਤਵਾਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ 10 ਮਾਰਚ ਤੱਕ ਇੰਤਜ਼ਾਰ ਕਰਨਾ ਪਵੇਗਾ। ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ-ਆਪਣੀ ਜਿੱਤ ਲਈ ਚੋਣ ਪ੍ਰਚਾਰ ਕਰਕੇ ਪੂਰਾ ਜ਼ੋਰ ਲਗਾਇਆ। ਪੰਜਾਬ ਦੀਆਂ ਕਈ ਸੀਟਾਂ ‘ਤੇ ਇਸ ਵਾਰ ਨਜ਼ਰਾਂ ਟਿਕੀਆਂ ਰਹਿਣਗੀਆਂ। ਜਿਵੇਂ ਅੰਮ੍ਰਿਤਸਰ ਪੂਰਬੀ, ਪਟਿਆਲਾ ਸ਼ਹਿਰੀ, ਭਦੌੜ, ਸ੍ਰੀ ਚਮਕੌਰ ਸਾਹਿਬ, ਧੂਰੀ ਅਤੇ ਲੰਬੀ ਸੀਟਾਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜੇਕਰ ਕਾਂਗਰਸ ਪਾਰਟੀ ਜਿੱਤਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਦੁਬਾਰਾ ਮੁੱਖ ਮੰਤਰੀ ਬਣਨਗੇ, ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ, ਜੇਕਰ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਜਿੱਤਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਯਕੀਨੀ ਹੈ। ਇਸੇ ਤਰ੍ਹਾਂ ਜੇਕਰ ਭਾਜਪਾ ਗਠਜੋੜ ਜਿੱਤਦਾ ਹੈ, ਇਸ ਬਾਰੇ ਮੁੱਖ ਮੰਤਰੀ ਦੇ ਨਾਮ ਦਾ ਬਾਅਦ ਵਿਚ ਪਤਾ ਲੱਗੇਗਾ। ਹਾਂ, ਜੇਕਰ ਸੰਯੁਕਤ ਕਿਸਾਨ ਮੋਰਚਾ ਜਿੱਤ ਜਾਂਦਾ ਹੈ ਤਾਂ ਬਲਬੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਸਕਦੇ ਹਨ। ਪਰ ਪੰਜਾਬ ਵਿਚ ਕੌਣ ਜਿੱਤੇਗਾ ਇਸ ਬਾਰੇ ਤਾਂ ਪਤਾ 10 ਮਾਰਚ ਨੂੰ ਹੀ ਲੱਗੇਗਾ ਕਿਉਂਕਿ ਇਸ ਵਾਰ ਚੋਣ ਮੁਕਾਬਲਾ ਚਹੁੰ ਕੋਣਾ ਬਣ ਗਿਆ ਹੈ।
ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਦਿੱਲੀ ਤੋਂ ਪਹੁੰਚੇ ਨੇਤਾਵਾਂ ਨੇ ਵੀ ਡਟ ਕੇ ਚੋਣ ਪ੍ਰਚਾਰ ਕੀਤਾ। ਉਹ ਇਸ ਕਰਕੇ ਕਿ ਇਨ੍ਹਾਂ ਤਿੰਨਾਂ ਪਾਰਟੀਆਂ ਦੀ ਹਾਈਕਮਾਨ ਦਿੱਲੀ ਵਿਚ ਬੈਠਦੀ ਹੈ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜਿਸ ਦੀ ਲੋਕਲ ਲੀਡਰਸ਼ਿਪ ਨੇ ਹੀ ਚੋਣ ਪ੍ਰਚਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਵਿਚ ਤਿੰਨ ਚੋਣ ਰੈਲੀਆਂ ਕਰ ਗਏ ਹਨ ਅਤੇ ਭਾਜਪਾ ਦੀ ਬਹੁਤੀ ਲੀਡਰਸ਼ਿਪ ਵੀ ਪੰਜਾਬ ਵਿਚ ਹੀ ਚੋਣ ਪ੍ਰਚਾਰ ਕਰਦੀ ਰਹੀ। ਇਸੇ ਤਰ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਦਿੱਲੀ ਤੋਂ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ। ਸਿਆਸੀ ਮਾਹਿਰਾਂ ਦੇ ਨਜ਼ਰੀਏ ਤੋਂ ਦੇਖਦੇ ਹਾਂ ਕਿ ਇਸ ਵਾਰ ਲੱਗਦਾ ਹੈ ਕਿ ਪੰਜਾਬ ਵਿਚ ਸਮੀਕਰਣ ਬਦਲ ਰਹੇ ਹਨ, ਪਰ ਫਿਰ ਵੀ ਇਹ ਕਹਿਣਾ ਮੁਸ਼ਕਲ ਹੈ ਕਿ ਕਿਹੜੀ ਸਿਆਸੀ ਪਾਰਟੀ ਨੂੰ ਬਹੁਮਤ ਮਿਲੇਗਾ ਅਤੇ ਇਹ ਆਉਣ ਵਾਲੀ 10 ਮਾਰਚ ਨੂੰ ਹੀ ਪਤਾ ਲੱਗੇਗਾ, ਜਦੋਂ 20 ਫਰਵਰੀ ਨੂੰ ਪਈਆਂ ਵੋਟਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …