ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾ ਵਾਇਰਸ ਦੀ ਤਾਲਾਬੰਦੀ ਮੌਕੇ ਭਾਰਤ ਵਲੋਂ ਵਿਦੇਸ਼ੀਆਂ ਦੇ ਦਾਖਲੇ ਉਪਰ ਲਗਾਈਆਂ ਗਈਆਂ ਪਾਬੰਦੀਆਂ ਵਿਚ ਪਿਛਲੇ ਦਿਨੀਂ ਭਾਵੇਂ ਕੁਝ ਢਿੱਲਾਂ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਜਿਨ੍ਹਾਂ ਵਿਅਕਤੀਆਂ ਨੂੰ ਨਵਾਂ ਵੀਜ਼ਾ ਲੈਣ ਦੀ ਲੋੜ ਹੈ ਉਨ੍ਹਾਂ ਨੂੰ ਇਸ ਸਮੇਂ ਸਖਤ ਪੁੱਛਗਿੱਛ ਦੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ ਅਤੇ ਵੀਜ਼ਾ ਮਿਲਣ ਤੋਂ ਨਾਂਹ ਹੋ ਰਹੀ ਹੈ । ਹਰੇਕ ਸਾਲ ਦੇ ਇਨ੍ਹਾਂ ਮਹੀਨਿਆਂ ਦੌਰਾਨ ਵਿਦੇਸ਼ਾਂ ਤੋਂ ਭਾਰਤੀ ਮੂਲ ਦੇ ਲੋਕਾਂ ਨੇ ਭਾਰਤ ਪਹੁੰਚਣਾ ਹੁੰਦਾ ਹੈ ਜਿਸ ਦਾ ਮੁੱਖ ਕਾਰਨ ਵਿਆਹ ਸਮਾਗਮ, ਜਾਇਦਾਦਾਂ ਦੀ ਦੇਖ-ਰੇਖ, ਤਿਉਹਾਰ ਮਨਾਉਣੇ ਤੇ ਰਿਸ਼ਤੇਦਾਰੀਆਂ ਨਾਲ ਮੇਲ਼-ਮਿਲਾਪ ਹੁੰਦਾ ਹੈ। ਪਰ ਇਸ ਵਾਰੀ ਕਰੋਨਾ ਦੀਆਂ ਪ੍ਰੇਸ਼ਾਨੀਆਂ ਕਾਰਨ ਲੋਕ ਵੱਡੀਆਂ ਦੁਚਿੱਤੀਆਂ ਵਿਚ ਹਨ ਜਿਸ ਵਿਚ ਕੈਨੇਡਾ ਵਾਸੀ ਪੰਜਾਬੀ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਕੈਨੇਡਾ ਦੇ ਨਾਗਰਿਕਾਂ, ਜਿਨ੍ਹਾਂ ਵਿਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਿਲ ਹਨ, ਨੂੰ ਮੌਜੂਦਾ ਹਾਲਾਤ ਵਿਚ ਭਾਰਤ ਜਾਣ ਲਈ ਨਵਾਂ ਵੀਜ਼ਾ ਪ੍ਰਾਪਤ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕਰੋਨਾ ਕਾਰਨ ਭਾਰਤ ਸਰਕਾਰ ਨੇ ਵੀਜ਼ਾ ਜਾਰੀ ਕਰਨ ਦੀਆਂ ਸੇਵਾਵਾਂ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਭਾਰਤੀ ਵੀਜ਼ਾ ਅਧਿਕਾਰੀ ਵੀਜ਼ਾ ਅਰਜ਼ੀਆਂ ਦੀ ਪੜਤਾਲ ਕਰਦੇ ਹਨ ਅਤੇ ਜੇਕਰ ਬਿਨੈਕਾਰ ਭਾਰਤ ਜਾਣ ਦੇ ਕਾਰਨਾਂ ਨੂੰ ਸਪੱਸ਼ਟ ਨਹੀਂ ਕਰ ਸਕਦੇ, ਤਾਂ ਸੰਭਾਵਨਾ ਹੋ ਜਾਂਦੀ ਹੈ ਕਿ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਅਧਿਕਾਰੀਆਂ ਵਲੋਂ ਵੀਜ਼ਾ ਅਰਜ਼ੀ ਠੁਕਰਾ ਦਿੱਤੀ ਜਾਵੇ। ਭਾਰਤ ਵਿਚ ਸੈਰ ਕਰਨ ਜਾਣ ਦੀ ਮਨਾਹੀ ਹੈ ਜਿਸ ਕਰਕੇ ਟੂਰਿਸਟ ਅਤੇ ਈ-ਵੀਜ਼ਾ ਅਜੇ ਬਹਾਲ ਨਹੀਂ ਕੀਤੇ ਗਏ । ਪਰ ਪਤਾ ਲੱਗਾ ਰਿਹਾ ਹੈ ਕਿ ਅਕਸਰ ਬਿਮਾਰ ਪਰਿਵਾਰਕ ਜੀਅ ਜਾਂ ਰਿਸ਼ਤੇਦਾਰ ਨੂੰ ਮਿਲਣ ਜਾਣ ਨੂੰ ਵੀ ਭਾਰਤ ਵਿਚ ਦਾਖਲ ਹੋਣ ਦਾ ਜ਼ਰੂਰੀ ਕਾਰਨ ਨਹੀਂ ਸਮਝਿਆ ਜਾ ਰਿਹਾ ਤੇ ਵੀਜ਼ਾ ਤੋਂ ਨਾਂਹ ਕੀਤੀ ਜਾ ਰਹੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …