Breaking News
Home / ਹਫ਼ਤਾਵਾਰੀ ਫੇਰੀ / ਕਿਸਾਨਾਂ ਵੱਲੋਂ 5 ਨਵੰਬਰ ਨੂੰ ਭਾਰਤ ਬੰਦ ਦਾ ਐਲਾਨ

ਕਿਸਾਨਾਂ ਵੱਲੋਂ 5 ਨਵੰਬਰ ਨੂੰ ਭਾਰਤ ਬੰਦ ਦਾ ਐਲਾਨ

26 ਅਤੇ 27 ਨਵੰਬਰ ਨੂੰ ਦੇਸ਼ ਭਰ ਦੇ ਕਿਸਾਨ ਕਰਨਗੇ ਦਿੱਲੀ ਕੂਚ
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤ ਦੀਆਂ 260 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਗਈਆਂ ਹਨ। ਮੰਗਲਵਾਰ ਨੂੰ ਇਨ੍ਹਾਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਦਿੱਲੀ ਵਿਚ ਮੀਟਿੰਗ ਹੋਈ ਅਤੇ ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਉਂਦੀ 5 ਨਵੰਬਰ ਨੂੰ ਪੂਰੇ ਭਾਰਤ ਭਰ ਵਿਚ ਦੁਪਹਿਰੇ 12 ਵਜੇ ਤੋਂ ਸ਼ਾਮੀਂ 4 ਵਜੇ ਤੱਕ ਪੂਰਨ ਤੌਰ ‘ਤੇ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨਾਂ ਵੱਲੋਂ 26 ਤੇ 27 ਨਵੰਬਰ ਨੂੰ ‘ਦਿੱਲੀ ਕੂਚ’ ਅਭਿਆਨ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਤਹਿਤ ਕਿਸਾਨਾਂ ਵਲੋਂ ਦਿੱਲੀ ਕੂਚ ਕੀਤਾ ਜਾਵੇਗਾ। ਮੀਟਿੰਗ ਵਿੱਚ ਤੈਅ ਹੋਇਆ ਕਿ ਇਸ ਸੰਘਰਸ਼ ਨੂੰ ਕੌਮੀ ਪੱਧਰ ‘ਤੇ ਲੜਿਆ ਜਾਵੇ।
ਕਿਸਾਨ ਜਥੇਬੰਦੀਆਂ ਨੇ ਲੰਮੀ ਮੀਟਿੰਗ ਤੋਂ ਬਾਅਦ ਸਰਬ ਸੰਮਤੀ ਨਾਲ ਇਸ ਪ੍ਰੋਗਰਾਮ ਨੂੰ ਸਿਰੇ ਚੜ੍ਹਾਉਣ ਅਤੇ ਕਿਸਾਨ ਸੰਘਰਸ਼ ਦੀ ਜਿੱਤ ਯਕੀਨੀ ਬਣਾਉਣ ਲਈ 5 ਮੈਂਬਰੀ ਕੇਂਦਰੀ ਤਾਲਮੇਲ ਕਮੇਟੀ ਬਣਾਉਣ ਦਾ ਫ਼ੈਸਲਾ ਵੀ ਲਿਆ। ਇਸ ਤਾਲਮੇਲ ਕਮੇਟੀ ਵਿਚ ਬਲਵੀਰ ਸਿੰਘ ਰਾਜੇਵਾਲ ਪੰਜਾਬ, ਗੁਰਨਾਮ ਸਿੰਘ ਚੜੂਕੀ ਹਰਿਆਣਾ, ਵੀ. ਐਸ.ਸਿੰਘ ਉੱਤਰ ਪ੍ਰਦੇਸ਼, ਰਾਜੂ ਸ਼ੈਟੀ ਸਾਬਕਾ ਐਮ.ਪੀ. ਮਹਾਰਾਸ਼ਟਰ ਅਤੇ ਯੋਗਿੰਦਰ ਯਾਦਵ ਦਿੱਲੀ ਨੂੰ ਸ਼ਾਮਿਲ ਕੀਤਾ ਗਿਆ ਹੈ। ਮੀਟਿੰਗ ਵਿਚ ਮੁੱਖ ਤੌਰ ‘ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਕੇਰਲ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਦਿੱਲੀ ਦੀਆਂ ਮੁੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਦੇਸ਼ ਦੇ ਹੋਰ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧ ਵੀ ਸ਼ਾਮਿਲ ਸਨ। ਇਸੇ ਦੌਰਾਨ ਮੀਟਿੰਗ ਵਿਚ ਪੰਜਾਬ ਨੂੰ ਕਿਸਾਨ ਅੰਦੋਲਨ ਲਈ ਨਵਾਂ ‘ਰਾਹ ਦਸੇਰਾ’ ਦੱਸਿਆ ਗਿਆ ਅਤੇ ਉਨ੍ਹਾਂ ਦੀ 31 ਜਥੇਬੰਦੀਆਂ ਦੀ ਏਕਤਾ ਕਰਨ ਅਤੇ ਭਾਜਪਾ ਨੇਤਾਵਾਂ ਵਲੋਂ ਉਕਸਾਉਣ ਦੇ ਬਾਵਜੂਦ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਸ਼ਲਾਘਾ ਕੀਤੀ। ਇਸ ਮੌਕੇ ਇਕ ਮਤਾ ਪਾਸ ਕਰਕੇ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ ਗਿਆ ਕਿ ਉਨ੍ਹਾਂ ਨੇ ਇਸ ਅੰਦੋਲਨ ਦੇ ਹੱਕ ਵਿਚ ਥਾਂ-ਥਾਂ ਭਾਰਤੀ ਦੂਤ ਘਰਾਂ ਅਤੇ ਯੂ. ਐਨ. ਓ. ਸਾਹਮਣੇ ਮੁਜ਼ਾਹਰੇ ਕੀਤੇ ਅਤੇ ਮੰਗ ਪੱਤਰ ਦਿੱਤੇ, ਜਿਸ ਨਾਲ ਭਾਰਤ ਸਰਕਾਰ ‘ਤੇ ਅੰਦੋਲਨ ਦਾ ਦਬਾਅ ਬਣ ਰਿਹਾ ਹੈ।
ਪੰਜਾਬ ਦੇ ਕਿਸਾਨਾਂ ਨੂੰ ਵਧਾਈ
ਦੇਸ਼ ਪੱਧਰੀ 5 ਮੈਂਬਰੀ ਤਾਲਮੇਲ ਕਮੇਟੀ ਵਿਚ ਸ਼ਾਮਲ ਮੈਂਬਰ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਦੀਆਂ ਸਾਰੀਆਂ 31 ਕਿਸਾਨ ਜਥੇਬੰਦੀਆਂ ਵਲੋਂ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਕਿ ਹੁਣ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਰਿਹਾ, ਸਗੋਂ ਦੇਸ਼-ਵਿਆਪੀ ਹੋ ਗਿਆ ਹੈ, ਜਿਸ ਕਰਕੇ ਕੇਂਦਰ ਨੂੰ ਆਪਣੇ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ।
ਚੰਗੇ ਨਤੀਜੇ ਸਾਹਮਣੇ ਆਉਣਗੇ : ਯਾਦਵ
ਸਵਰਾਜ ਇੰਡੀਆ ਦੇ ਕੌਮੀ ਆਗੂ ਅਤੇ ਵਰਕਿੰਗ ਗਰੁੱਪ ਦੇ ਮੈਂਬਰ ਯੋਗੇਂਦਰ ਯਾਦਵ ਨੇ ਕਿਸਾਨ ਅੰਦੋਲਨ ਦੇ ਕੌਮੀ ਮੁਹਾਂਦਰੇ ਨੂੰ ਇਤਿਹਾਸਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੀਆਂ ਕਿਸਾਨ ਧਿਰਾਂ ਇੱਕ ਮੰਚ ‘ਤੇ ਆਈਆਂ ਹਨ, ਉਸੇ ਤਰ੍ਹਾਂ ਕਦੇ 1987-88 ਵਿਚ ਕਿਸਾਨ ਧਿਰਾਂ ਵਿਚ ਏਕਤਾ ਬੱਝੀ ਸੀ।
ਧਰਨੇ ‘ਚ ਪਾਰਟੀ ਝੰਡੇ ਤੋਂ ਬਿਨਾ ਸ਼ਾਮਲ ਹੋਵਾਂਗੇ : ਭਗਵੰਤ ਮਾਨ
ਮੋਗਾ : ਸੰਸਦ ਮੈਂਬਰ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ 5 ਨਵੰਬਰ ਨੂੰ ਕਿਸਾਨਾਂ ਦੇ ਦਿੱਲੀ ਧਰਨੇ ‘ਚ ਬਿਨਾ ਪਾਰਟੀ ਦੇ ਝੰਡੇ ਤੋਂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ‘ਆਪ’ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਤੇ ਉਹ ਕਿਸਾਨਾਂ ਦਾ ਸਾਥ ਦੇਣਗੇ। ਇਸ ਦੌਰਾਨ ਸੰਸਦ ਮੈਂਬਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਤੇ ਕਿਸਾਨਾਂ-ਮਜ਼ਦੂਰਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਖੇਤੀ ਬਿੱਲਾਂ ਦੇ ਨਾਮ ‘ਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਦੋਸ਼ ਲਾਏ।
ਪੰਜਾਬ ਵਿਚ ਖੜ੍ਹਾ ਹੋ ਸਕਦਾ ਹੈ ਬਿਜਲੀ ਦਾ ਵੱਡਾ ਸੰਕਟ
ਚੰਡੀਗੜ੍ਹ : ਪੰਜਾਬ ਵਿਚ ਆਉਂਦੇ ਦਿਨਾਂ ਦੌਰਾਨ ਬਿਜਲੀ ਦਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਇਸਦੇ ਚੱਲਦਿਆਂ ਕੋਲੇ ਦੀ ਕਮੀ ਕਾਰਨ ਰਾਜਪੁਰਾ ਦੇ ਐਨਪੀਐਲ ਥਰਮਲ ਪਲਾਂਟ ਦਾ ਯੂਨਿਟ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਰਾਜਪੁਰਾ ਥਰਮਲ ਪਲਾਂਟ ਦੇ ਸੀਨੀਅਰ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਕੋਲੇ ਦਾ ਸਟਾਕ ਖਤਮ ਹੋਣ ਕਰਕੇ ਥਰਮਲ ਪਲਾਂਟ ਦਾ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ। ਧਿਆਨ ਰਹੇ ਕਿ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਦੇ ਚਲਦਿਆਂ ਰਾਜਪੁਰਾ ਵਿਚ ਕਿਸਾਨ ਜਥੇਬੰਦੀਆਂ ਨੇ ਥਰਮਲ ਪਲਾਂਟ ਨੂੰ ਜਾਣ ਵਾਲੇ ਰੇਲ ਟਰੇਕ ‘ਤੇ ਧਰਨਾ ਦਿੱਤਾ ਹੈ ਜਿਸ ਕਾਰਨ ਕੋਲਾ ਨਾ ਪਹੁੰਚਣ ਕਰਕੇ ਅੱਜ ਥਰਮਲ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਵੀ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਵਾਲੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਨੂੰ ਬੰਦ ਕਰ ਦਿੱਤਾ ਗਿਆ ਸੀ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …