23.7 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਜਸਟਿਨ ਟਰੂਡੋ ਨੇ ਮੋਦੀ ਨਾਲ ਫੋਨ 'ਤੇ ਕੀਤੀ ਗੱਲਬਾਤ

ਜਸਟਿਨ ਟਰੂਡੋ ਨੇ ਮੋਦੀ ਨਾਲ ਫੋਨ ‘ਤੇ ਕੀਤੀ ਗੱਲਬਾਤ

ਕੈਨੇਡਾ ਨੂੰ ਵੈਕਸੀਨ ਜਲਦ ਮੁਹੱਈਆ ਕਰਵਾਏਗਾ ਭਾਰਤ
ਨਵੀਂ ਦਿੱਲੀ : ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿਚਾਲੇ ਆਈ ‘ਖਟਾਸ’ ਵਿਚਾਲੇ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ ਨੇ ਫੋਨ ‘ਤੇ ਗੱਲਬਾਤ ਕੀਤੀ। ਇਸ ਗੱਲਬਾਤ ਦੀ ਜਾਣਕਾਰੀ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਦਿੱਤੀ ਹੈ। ਟਵੀਟ ‘ਚ ਉਨ੍ਹਾਂ ਲਿਖਿਆ, ”ਮੇਰੇ ਮਿੱਤਰ ਜਸਟਿਨ ਟਰੂਡੋ ਦਾ ਫੋਨ ਆਉਣ ‘ਤੇ ਖ਼ੁਸ਼ੀ ਹੋਈ। ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੈਨੇਡਾ ਨੇ ਕੋਵਿਡ ਵੈਕਸੀਨ ਦੀ ਜਿੰਨੀ ਖ਼ੁਰਾਕ ਦੀ ਮੰਗ ਕੀਤੀ ਹੈ, ਉਸ ਦੀ ਸਪਲਾਈ ਪੂਰੀ ਤਰ੍ਹਾਂ ਯਕੀਨੀ ਬਣਾਉਣ ਲਈ ਭਾਰਤ ਸਾਰੇ ਯਤਨ ਕਰੇਗਾ। ਇਸ ਦੇ ਨਾਲ ਹੀ ਅਸੀਂ ਜਲਵਾਯੂ ਪਰਿਵਰਤਨ ਅਤੇ ਵਿਸ਼ਵ ਆਰਥਿਕ ਉਭਾਰ ਵਰਗੇ ਹੋਰ ਮਹੱਤਵਪੂਰਨ ਮੁੱਦਿਆਂ ‘ਤੇ ਗੱਲਬਾਤ ਕੀਤੀ।” ਹਾਲਾਂਕਿ ਕੈਨੇਡਾ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਦੋਹਾਂ ਨੇਤਾਵਾਂ ਨੇ ਵੈਕਸੀਨ ਦੀ ‘ਪਹੁੰਚ’ ਦੀ ਦਿਸ਼ਾ ‘ਚ ਕੰਮ ਕਰਨ ‘ਤੇ ਸਹਿਮਤੀ ਜਤਾਈ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਕੀ ਗੱਲਬਾਤ ਹੋਈ ਹੈ, ਇਸ ਨੂੰ ਲੈ ਕੇ ਦੋਹਾਂ ਦੇਸ਼ਾਂ ਨੇ ਬਿਆਨ ਜਾਰੀ ਕੀਤੇ ਹਨ।
ਹੁਣ ਦੋਹਾਂ ਵਿਚਾਲੇ ਗੱਲਬਾਤ ਤੋਂ ਬਾਅਦ ਜਾਰੀ ਬਿਆਨ ਧਿਆਨ ਦੇਣ ਯੋਗ ਹਨ। ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, ”ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੈਨੇਡਾ ‘ਚ ਕੋਰੋਨਾ ਵੈਕਸੀਨ ਦੀ ਲੋੜ ਤੋਂ ਜਾਣੂੰ ਕਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਨੇ ਜਿਵੇਂ ਹੋਰਾਂ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਾਉਣ ‘ਚ ਮਦਦ ਕੀਤੀ ਹੈ, ਉਵੇਂ ਹੀ ਕੈਨੇਡਾ ਦੀ ਵੀ ਮਦਦ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰਦਿਆਂ ਟਰੂਡੋ ਨੇ ਕਿਹਾ ਜੇਕਰ ਸੰਸਾਰ ਭਰ ਦੇ ਦੇਸ਼ ਕੋਰੋਨਾ ਤੋਂ ਜੰਗ ਜਿੱਤ ਜਾਂਦੇ ਹਨ ਤਾਂ ਇਸ ‘ਚ ਭਾਰਤ ਦੀ ਮੈਡੀਕਲ ਸਮਰੱਥਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਅਹਿਮ ਭੂਮਿਕਾ ਹੋਵੇਗੀ। ਪ੍ਰਧਾਨ ਮੰਤਰੀ ਟਰੂਡੋ ਦੇ ਇਨ੍ਹਾਂ ਸ਼ਬਦਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।” ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਨੇ ਜਲਵਾਯੂ ਪਰਿਵਰਤਨ ਅਤੇ ਵਿਸ਼ਵ ਆਰਥਿਕ ਉਭਾਰ ਵਰਗੇ ਹੋਰ ਮਹੱਤਵਪੂਰਨ ਮੁੱਦਿਆਂ ‘ਤੇ ਗੱਲਬਾਤ ਵੀ ਕੀਤੀ। ਕੈਨੇਡਾ ਵਲੋਂ ਜਾਰੀ ਬਿਆਨ ‘ਚ ਕੋਰੋਨਾ ਵੈਕਸੀਨ ਦੇ ਨਾਲ-ਨਾਲ ਕਿਸਾਨ ਅੰਦੋਲਨ ਦਾ ਵੀ ਜ਼ਿਕਰ ਹੈ। ਕੈਨੇਡਾ ਨੇ ਆਪਣੇ ਬਿਆਨ ‘ਚ ਕਿਹਾ ਹੈ, ਦੋਹਾਂ ਨੇਤਾਵਾਂ ਨੇ ਕੋਰੋਨਾ ਮਹਾਂਮਾਰੀ ਨਾਲ ਲੜਨ, ਆਪਣੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਕਰਨ ਅਤੇ ਆਪਣੇ ਨਾਗਰਿਕਾਂ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਸਬੰਧਿਤ ਯਤਨਾਂ ‘ਤੇ ਗੱਲਬਾਤ ਕੀਤੀ। ਦੋਹਾਂ ਪ੍ਰਧਾਨ ਮੰਤਰੀਆਂ ਨੇ ਸੁਤੰਤਰ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ‘ਚ ਆਪਣੇ ਸਾਂਝੇ ਹਿੱਤਾਂ ਦੀ ਪੁਸ਼ਟੀ ਕੀਤੀ ਅਤੇ ਵਿਸ਼ਵੀ ਚੁਣੌਤੀਆਂ ਜਿਵੇਂ ਜਲਵਾਯੂ ਪਰਿਵਰਤਨ, ਵਿਸ਼ਵ ਵਪਾਰ ਨੂੰ ਮਜ਼ਬੂਤ ਕਰਨ ਅਤੇ ਨਿਯਮਾਂ ‘ਤੇ ਆਧਾਰਿਤ ਕੌਮਾਂਤਰੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਇਕੱਠੇ ਕੰਮ ਕਰਨ ਦੇ ਮਹੱਤਵ ਨੂੰ ਦੁਹਰਾਇਆ।

RELATED ARTICLES
POPULAR POSTS