Breaking News
Home / ਹਫ਼ਤਾਵਾਰੀ ਫੇਰੀ / ਬਾਦਲਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ, ਐਸ ਆਈ ਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਦੋਸ਼

ਬਾਦਲਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ, ਐਸ ਆਈ ਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਦੋਸ਼

ਬਹਿਬਲ ਕਲਾਂ ਕਾਂਡ ਲਈ ਦੱਸਿਆ ਬਾਦਲਾਂ ਨੂੰ ਦੋਸ਼ੀ
ਪਰਵਾਸੀ ਮੀਡੀਆ ਨਾਲ ਖਾਸ ਗੱਲਬਾਤ
ਟੋਰਾਂਟੋ : ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਬਣਾਈ ਗਈ ਐਸ ਆਈ ਟੀ ਦੇ ਮੁਖੀ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਪਸ਼ੱਟ ਕੀਤਾ ਕਿ ਉਹ ਆਪਣੇ ਅਹੁਦੇ ‘ਤੇ ਵਾਪਸ ਨਹੀਂ ਪਰਤਣਗੇ ਪਰ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਬਤੌਰ ਐਡਵੋਕੇਟ ਜ਼ਰੂਰ ਇਸ ਕੇਸ ਨਾਲ ਜੁੜੇ ਰਹਿਣਗੇ ਤਾਂ ਜੋ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲ ਸਕਣ।
ਪਰਵਾਸੀ ਮੀਡੀਆ ਨਾਲ ਇਕ ਖਾਸ ਇੰਟਰਵਿਊ ‘ਚ ਉਹਨਾਂ ਵਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਜਿਸ ਦੇ ਵਿੱਚ ਉਹਨਾਂ ਵਲੋਂ ਸਿੱਧੇ ਤੌਰ ‘ਤੇ ਬਾਦਲ ਪਰਿਵਾਰ ‘ਤੇ ਦੋਸ਼ ਲਾਇਆ ਗਿਆ ਅਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਕਈ ਵਾਰ ਗਾਲ੍ਹਾਂ ਵੀ ਕੱਢੀਆਂ ਗਈਆਂ ਨੇ ਜਿਨ੍ਹਾਂ ਨੂੰ ਉਨ੍ਹਾਂ ਵਲੋਂ ਬਰਦਾਸ਼ਤ ਕੀਤਾ ਗਿਆ। ਪਰਵਾਸੀ ਮੀਡੀਆ ਨਾਲ ਗੱਲ ਕਰਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ‘ਚ ਕੀਤੀ ਗਈ ਜਾਂਚ ‘ਚ ਕੋਈ ਪੱਖਪਾਤ ਨਹੀਂ ਕੀਤਾ ਗਿਆ ਅਤੇ ਉਨ੍ਹਾਂ ‘ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ 18 ਅਕਤੂਬਰ 2015 ਨੂੰ ਭੀੜ ‘ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਪੁਲਿਸ ਵਲੋਂ ਗੋਲੀਬਾਰੀ ਕੀਤੀ ਗਈ ਸੀ ਜਿਸ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਕੈਪਟਨ ਸਰਕਾਰ ਵੱਲੋਂ ਗਠਿਤ ਕੀਤੀ ਗਈ ਐਸ ਆਈ ਟੀ ਨੇ ਜਾਂਚ ਸ਼ੁਰੂ ਕੀਤੀ ਸੀ ਜਿਸ ‘ਚ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਸੀ। ਗੱਲਬਾਤ ਦੌਰਾਨ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਰਿਪੋਰਟ ਦਾ ਇਕ-ਇਕ ਸ਼ਬਦ ਆਪਣੇ ਆਪ ‘ਚ ਸਬੂਤ ਹੈ ਅਤੇ ਉਨ੍ਹਾਂ ਕਿਹਾ ਕਿ ਮੈਂ ਅੰਤਿਮ ਫੈਸਲੇ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ‘ਚ ਅਪੀਲ ਦਾਇਰ ਕੀਤੀ ਹੈ, ਜੋ ਮੇਰੀ ਸੂਝ ਤੇ ਕਾਨੂੰਨ ਅਨੁਸਾਰ ਸਭ ਤੋਂ ਵੱਡੀ ਤੇ ਉੱਤਮ ਅਦਾਲਤ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਸਰਵਉਤਮ ਤਰੀਕੇ ਨਾਲ ਸਮਾਜ ਸੇਵਾ ਜਾਰੀ ਰੱਖਣਗੇ।
ਇਸ ਮਾਮਲੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸ਼ਮੂਲੀਅਤ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਜੱਲਿਆਂਵਾਲੇ ਬਾਗ ਦੀ ਮਿਸਾਲ ਲਈਏ ਤਾਂ ਗੋਲੀ ਉਸ ਸਮੇਂ ਵੀ ਬੇਸ਼ੱਕ ਸਿਪਾਹੀਆਂ ਨੇ ਹੀ ਚਲਾਈ ਸੀ ਪਰੰਤੂ ਹੁਕਮ ਤਾਂ ਜਨਰਲ ਡਾਇਰ ਅਤੇ ਲੈਫਟੀਨੈਂਟ ਗਵਰਨਰ ਓਡਵਾਇਰ ਨੇ ਹੀ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਂਚ ਰਿਪੋਰਟ ਕੋਈ ਵੀ ਵਿਅਕਤੀ ਲੈ ਕੇ ਪੜ੍ਹ ਸਕਦਾ ਹੈ, ਜਿਸ ਵਿੱਚ ਦੋਸ਼ੀਆਂ ਬਾਰੇ ਸਾਫ਼-ਸਾਫ਼ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਇਸ ਗੱਲ ‘ਤੇ ਬੇਹੱਦ ਅਫਸੋਸ ਜ਼ਾਹਿਰ ਕੀਤਾ ਕਿ ਜਿਹੜੀ ਜਾਂਚ ਲਈ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ, ਧਮਕਾਇਆ ਗਿਆ, ਗਾਲਾਂ ਕੱਢੀਆਂ ਗਈਆਂ, ਉਸ ਨੂੰ ਹੁਣ ਅਦਾਲਤ ਨੇ ਰੱਦ ਕਰ ਦਿੱਤਾ ਹੈ।
ਕਾਂਗਰਸ ਲੀਡਰ ਨਵਜੋਤ ਸਿੱਧੂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਸ ਨੇ ਵੀ ਉਸ ਸਮੇਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਦਕਿ ਉਹ ਪੰਜਾਬ ਸਰਕਾਰ ਵਿੱਚ ਨੰਬਰ ਦੋ ਦੇ ਮੰਤਰੀ ਸਨ। ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਮਦਦ ਕਰਨ ਲਈ ਬੇਨਤੀ ਵੀ ਕੀਤੀ ਸੀ। ਪਰੰਤੂ ਉਸ ਸਮੇਂ ਉਹ ਵੀ ਚੁੱਪ ਰਹੇ।
ਉਨ੍ਹਾਂ ਪੰਜਾਬ ਸਰਕਾਰ ‘ਤੇ ਵੀ ਸਵਾਲ ਖੜ੍ਹਾ ਕੀਤਾ ਕਿ ਬਾਰ-ਬਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਵੀ ਐਡਵੋਕੇਟ ਜਨਰਲ ਪੰਜਾਬ ਨੇ ਹਾਈਕੋਰਟ ਵਿੱਚ ਇਸ ਕੇਸ ਦੀ ਸੰਜੀਦਗੀ ਨਾਲ ਪੈਰਵੀ ਕਿਉਂ ਨਹੀਂ ਕੀਤੀ?
ਉਨ੍ਹਾਂ ਇਸ ਗੱਲ ‘ਤੇ ਵੀ ਸਵਾਲ ਉਠਾਇਆ ਕਿ ਜਦੋਂ ਫਰੀਦਕੋਟ ਦੀ ਅਦਾਲਤ ਵਿੱਚ ਬਾਕਾਇਦਾ ਮੁਕੱਦਮਾ ਸ਼ੁਰੂ ਹੋ ਚੁੱਕਾ ਸੀ ਤਾਂ ਇਕ ਐਸਐਚਓ ਦੀ ਪਟੀਸ਼ਨ ‘ਤੇ ਅਦਾਲਤ ਨੇ ਸਾਰੀ ਜਾਂਚ ਰਿਪੋਰਟ ਨੂੰ ਹੀ ਰੱਦ ਕਿਵੇਂ ਕਰ ਦਿੱਤਾ?
ਵਿਜੇ ਪ੍ਰਤਾਪ ਸਿੰਘ ਨੇ ਅੰਤ ਵਿੱਚ ਕਿਹਾ ਕਿ ਨਸ਼ਿਆਂ ਦਾ ਵਪਾਰ ਕਰਨ ਵਾਲੇ ਅਤੇ ਪੰਜਾਬ ਦੀ ਜਵਾਨੀ ਦਾ ਨਾਸ ਕਰਨ ਵਾਲੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ‘ਚੋਂ ਸਜ਼ਾ ਜ਼ਰੂਰ ਮਿਲੇਗੀ।

 

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …