Breaking News
Home / ਹਫ਼ਤਾਵਾਰੀ ਫੇਰੀ / ਜਾਟ ਰਾਖਵਾਂਕਰਨ ਦੀ ਆੜ ‘ਚ ਔਰਤਾਂ ਦੀ ਇੱਜ਼ਤ ਨਾਲ ਖੇਡ ਗਏ ਦਰਿੰਦੇ

ਜਾਟ ਰਾਖਵਾਂਕਰਨ ਦੀ ਆੜ ‘ਚ ਔਰਤਾਂ ਦੀ ਇੱਜ਼ਤ ਨਾਲ ਖੇਡ ਗਏ ਦਰਿੰਦੇ

Ltਸੋਨੀਪਤ/ਬਿਊਰੋ ਨਿਊਜ਼ : ਜਾਟ ਰਾਖਵੇਂਕਰਨ ਦੀ ਮੰਗ ਮਨਵਾਉਣ ਲਈ ਚੱਲੇ ਅੰਦੋਲਨ ਦੌਰਾਨ ਸੁਖਦੇਵ ਢਾਬੇ ਦੇ ਨੇੜਲੇ ਇਲਾਕੇ ਵਿੱਚ ਅਜਿਹੀ ਦਿਲ ਕੰਬਾਊ ਘਟਨਾ ਘਟੀ ਕਿ ਜਮਹੂਰੀ ਦੇਸ਼ ਦੇ ਵਿੱਚ ਇਨਸਾਨੀਅਤ ਉਦੋਂ ਸ਼ਰਮਸਾਰ ਹੋ ਗਈ ਜਦੋਂ ਕੁਝ ਵਿਗੜੇ ਲੋਕਾਂ ਨੇ ਅੰਦੋਲਨ ਦੀ ਆੜ ਵਿੱਚ ਕੁੱਝ ਔਰਤਾਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ। ਔਰਤਾਂ ਨੂੰ ਨੰਗਿਆਂ ਕਰਕੇ ਖੇਤਾਂ ਵਿੱਚ ਘੁਮਾਇਆ ਪਰ ਪੁਲਿਸ ਨੇ ਇਨ੍ਹਾਂ ਬੇਬੱਸ ਅਤੇ ਲਾਚਾਰ ਲੋਕਾਂ ਨਾਲ ਸਿਰਫ ਹਮਦਰਦੀ ਪ੍ਰਗਟਾਕੇ ਉਨ੍ਹਾਂ ਨੂੰ ਘਰਾਂ ਨੂੰ ਤੋਰ ਦਿੱਤਾ ਅਤੇ ਇਸ ਦਰਿੰਦਗੀ ਦੀ ਘਟਨਾ ਦੇ ਕਿਸੇ ਦੋਸ਼ੀ ਨੂੰ ਫੜਨਾ ਗਨੀਮਤ ਨਹੀਂ ਸਮਝਿਆ। ਪੁਲਿਸ ਨੇ ਇਸ ਭਿਆਨਕ ਘਟਨਾ ਨੂੰ ਸਿਰਫ ਅਫਵਾਹ ਕਹਿ ਕੇ ਪੱਲਾ ਝਾੜ ਲਿਆ।
ਖੋਜ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਜੀਟੀ ਰੋਡ ਉੱਤੇ ਮੂਰਥਲ ਨੇੜੇ ਕੁੱਝ ਬਦਮਾਸ਼ਾਂ ਨੇ ਔਰਤਾਂ ਵਾਲੇ ਵਾਹਨਾਂ ਨੂੰ ਸੜਕ ਉੱਤੇ ਰੋਕ ਲਿਆ। ਦਸ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਖੇਤਾਂ ਵਿੱਚ ਨਗਨ ਅਵਸਥਾ ਵਿੱਚ ਛੱਡ ਦਿੱਤਾ। ਉਨ੍ਹਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਪਰ ਨਿਪੁੰਸਕ ਬਣੀ ਪੁਲਿਸ ਨੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਸਮਾਜਿਕ ਰੁਤਬੇ ਨੂੰ ਢਾਹ ਲੱਗਣ ਦਾ ਡਰਾਵਾ ਦੇ ਕੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਵਾਉਣ ਲਈ ਰਾਜ਼ੀ ਕਰ ਲਿਆ।
30 ਦੇ ਕਰੀਬ ਬਦਮਾਸ਼, ਜੋ ਰਵਾਇਤੀ ਹਥਿਆਰਾਂ ਨਾਲ ਲੈਸ ਸਨ, ਨੇ ਜਾਟ ਰਾਖਵੇਂਕਰਨ ਅੰਦੋਲਨ ਦੀ ਆੜ ਵਿੱਚ ਕੌਮੀ ਰਾਜਧਾਨੀ ਖੇਤਰ ਵਿੱਚੋਂ ਸੋਮਵਾਰ ਨੂੰ ਵੱਡੇ ਤੜਕੇ ਨਾਕਾ ਲਾ ਕੇ ਵਾਹਨਾਂ ਨੂੰ ਰੋਕ ਲਿਆ।ਵਾਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਰਾਹਗੀਰ ਆਪਣੀ ਜਾਨ ਬਚਾਉਣ ਲਈ ਭੱਜ ਗਏ ਅਤੇ ਔਰਤਾਂ ਨੂੰ ਡਰਾ ਕੇ ਖੇਤਾਂ ਵਿੱਚ ਲਿਜਾ ਕੇ ਘਟਨਾ ਨੂੰ ਅੰਜਾਮ ਦੇ ਦਿੱਤਾ ਅਤੇ ਕੁੱਝ ਔਰਤਾਂ ਨੇ ਇਸ ਮੌਕੇ ਉਨ੍ਹਾਂ ਦੇ ਚੁੰਗਲ ਵਿੱਚੋਂ ਬਚ ਕੇ ਇੱਕ ਢਾਬੇ ਦੀ ਪਾਣੀ ਵਾਲੀ ਟੈਂਕੀ ਵਿੱਚ ਲੁਕ ਕੇ ਆਪਣੀ ਇੱਜ਼ਤ ਬਚਾਈ।ਕਰੀਬ ਦੋ ਘੰਟੇ ਨਿਹੱਥੀਆਂ ਔਰਤਾਂ ਸਰਦੀ ਦੀ ਰੁੱਤ ਵਿੱਚ ਖੇਤਾਂ ਵਿੱਚ ਨਗਨ ਹਾਲਤ ਵਿੱਚ ਰਹੀਆਂ। ਜਦੋਂ ਇਸ ਦਿਲ ਕੰਬਾਊ ਘਟਨਾ ਦਾ ਨੇੜਲੇ ਪਿੰਡਾਂ ਹਸਨਪੁਰ ਅਤੇ ਕੁਰਾਦ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਇਨ੍ਹਾਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮਦਦ ਲਈ ਅੱਗੇ ਆਏ ਤਾਂ ਜਾ ਕੇ ਉਨ੍ਹਾਂ ਪੀੜਤਾਂ ਨੂੰ ਲੱਭਿਆ। ਇਨ੍ਹਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕੰਬਲ ਤੇ ਕੱਪੜੇ ਲਿਆ ਕੇ ਦਿੱਤੇ। ਔਰਤਾਂ ਦੀ ਗਿਣਤੀ ਦਸ ਦੇ ਕਰੀਬ ਸੀ। ਤਿੰਨ ਜਾਂ ਚਾਰ ਔਰਤਾਂ ਨੂੰ ਅਮਰੀਕ-ਸੁਖਦੇਵ ਢਾਬੇ ਉੱਤੇ ਲਿਆਕੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ ਗਿਆ। ਇਹ ਔਰਤਾਂ ਇੱਕ ਤਰ੍ਹਾਂ ਲਾਚਾਰ ਅਤੇ ਬੇਵੱਸ ਅਤੇ ਭਾਰੀ ਸਦਮੇ ਵਿੱਚ ਸਨ। ਜਿਲ੍ਹੇ ਦੇ ਸੀਨੀਅਰ ਅਧਿਕਾਰੀ ਵੀ ਪੁੱਜ ਗਏ। ਉਨ੍ਹਾਂ ਨੇ ਔਰਤਾਂ ਨੂੰ ਮੈਡੀਕਲ ਸਹਾਇਤਾ ਦੇਣ ਜਾਂ ਕੋਈ ઠਕਾਰਵਾਈ ਅਮਲ ਵਿੱਚ ਲਿਆਉਣ ਦੀ ਥਾਂ ਪੀੜਤਾਂ ਨੂੰ ਘਰਾਂ ਨੂੰ ਲੈ ਜਾਣ ਲਈ ਆਖਿਆ। ਬਹੁਤਿਆਂ ਨੂੰ ਪ੍ਰਸ਼ਾਸਨ ਨੇ ਗੱਡੀਆਂ ਵੀ ਮੁਹੱਈਆ ਕਰਵਾਈਆਂ ਕਿਉਂਕਿ ਇਨ੍ਹਾਂ ਦੇ ਵਾਹਨ ਸਾੜ ਦਿੱਤੇ ਗਏ ਸਨ। ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਕੋਈ ਚਸ਼ਮਦੀਦ ਗਵਾਹ ਅੱਗੇ ਨਹੀਂ ਆਇਆ ਕਿਉਂਕਿ ਹਰ ਕੋਈ ਡਰਦਾ ਹੈ।
ਹਸਨਪੁਰ ਅਤੇ ਕੁਰਾਦ ਪਿੰਡਾਂ ਦੇ ਬਹੁਤੇ ਲੋਕ ਅਤੇ ਆਲੇ ਦੁਆਲੇ ਦੇ ਢਾਬਾ ਮਾਲਕ, ਜੋ ਆਪਣੀ ਜਾਨ ਬਚਾਉਣ ਲਈ ਅਮਰੀਕ ਸੁਖਦੇਵ ਢਾਬੇ ਉੱਤੇ ਇਕੱਠੇ ਹੋ ਗਏ ਹਨ, ਨੇ ਪੱਤਰਕਾਰਾਂ ਨੂੰ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਦਿੱਤੀ। ਸੁਖਦੇਵ ਢਾਬੇ ਦੇ ਮਾਲਕ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਸਵੇਰੇ ਤਿੰਨ ਸਵਾ ਤਿੰਨ ਵਜੇ ਦੇ ਕਰੀਬ ਮਿਲੀ। ਉਨ੍ਹਾਂ ਦੱਸਿਆ ਕਿ ਜੀਟੀ ਰੋਡ ਉੱਤੇ ਉਨ੍ਹਾਂ ਦੇ ਢਾਬੇ ਤੋਂ ਇੱਕ ਕਿਲੋਮੀਟਰ ਦੂਰ ਦਿੱਲੀ ਵੱਲ ਜਾਟ ਰਾਖਵੇਂਕਰਨ ਦੇ ਹਮਾਇਤੀਆਂ ਨੇ ਨਾਕਾ ਲਾਇਆ ਹੋਇਆ ਸੀ। ਸੁਰੱਖਿਆ ਬਲਾਂ ਨੇ ਲਾਠੀਚਾਰਜ ਕਰਕੇ ਅੰਦੋਲਨਕਾਰੀਆਂ ਨੂੰ ਖਦੇੜ ਦਿੱਤਾ ਪਰ ਕੁੱਝ ਲੜਕੇ ਹਨੇਰੇ ਵਿੱਚ ਝਾੜੀਆਂ ਵਿੱਚ ਲੁਕ ਗਏ। ਜਦੋਂ ਸੁਰੱਖਿਆ ਬਲ ਵਾਹਨਾਂ ਨੂੰ ਆਪਣੀ ਅਗਵਾਈ ਵਿੱਚ ਮੂਰਥਲ ਵਾਲੇ ਪਾਸੇ ਲੈ ਗਏ ਤਾਂ ਇਹ ਲੋਕ ਸੜਕ ਉੱਤੇ ਆ ਗਏ ਅਤੇ ਵਾਹਨਾਂ ਉੱਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਘਟਨਾ ਸਥਾਨ ਉੱਤੇ ਪੁੱਜ ਗਏ। ਉਨ੍ਹਾਂ ਨੇ ਗੱਡੀਆਂ ਰੋਕ ਕੇ ਮਰਦਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਅਤੇ ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।
ਕੁਰਾਦ ਪਿੰਡ ਦੇ ਬਜ਼ੁਰਗ ਹਰੀ ਕਿਸ਼ਨ ਅਤੇ ઠਹਸਨਪੁਰ ਦੇ ਜ਼ਿਲੇ ਸਿੰਘ ਨੇ ਇਸ ਘਟਨਾ ਨੂੰ ਬੇਹੱਦ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬਲਾਤਕਾਰ ਅਤੇ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਬਾਰੇ ਸੁਣਿਆ ਹੈ।’ਅਸੀਂ ਏਨੇ ਸਹਿਮੇ ਹੋਏ ਹਾਂ ਕਿ ਇਸ ਤਰ੍ਹਾਂ ਦੀ ਘਟਨਾ ਬਾਰੇ ਵੀ ਗੱਲ ਕਰਨ ਤੋਂ ਵੀ ਡਰਦੇ ਹਾਂ ਕਿਉਂਕਿ ਪੁਲਿਸ ਬਦਮਾਸ਼ਾਂ ਨੂੰ ਸ਼ਹਿ ਦੇ ਰਹੀ ਹੈ। ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਭਾਵੇਂ ਉਹ ਲੋਕਲ ਹੀ ਹੋਵੇ।’ ਔਰਤਾਂ ਵੱਲੋਂ ਢਾਬੇ ਉੱਤੇ ਲੁਕਣ ਦੀ ਘਟਨਾ ਦਾ ਵੇਰਵੇ ਢਾਬਾ ਮਾਲਕ ਜੈਭਗਵਾਨ ਨੇ ਦਿੱਤੇ ਹਨ।
ਬਹੁਤ ਸਾਰੇ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਦੋ ਆਈਪੀਐੱਸ ਅਧਿਕਾਰੀ ਅਤੇ ਇੱਕ ਸੀਨੀਅਰ ਆਈਏਐੱਸ ਅਧਿਕਾਰੀ ਜੋ ਸੋਨੀਪਤ ਵਿੱਚ ਤਾਇਨਾਤ ਹੈ, ਨੇ ਬਲਾਤਕਾਰ ਪੀੜਤਾਂ ਨੂੰ ਕਾਰਵਾਈ ਨਾ ਕਰਵਾਉਣ ਦੇ ਲਈ ਜ਼ੋਰ ਪਾਇਆ ਅਤੇ ਕਿਹਾ,’ਇਸ ਨਾਲ ਤੁਹਾਨੂੰ ਕਲੰਕ ਲੱਗ ਜਾਵੇਗਾ। ਇਸ ਲਈ ਆਪਣਾ ਮੂੰਹ ਬੰਦ ਰੱਖੋ, ਇਸ ਵਿੱਚ ਹੀ ਤੁਹਾਡਾ ਭਲਾ ਹੈ। ਜੋ ਵਾਪਰ ਗਿਆ ਉਸਦਾ ਕੁਝ ਨਹੀਂ ਕੀਤਾ ਜਾ ਸਕਦਾ।’
ਇਸ ਸਬੰਧੀ ਜਦੋਂ ਇਸ ਘਟਨਾ ਦੇ ਵਾਪਰਨ ਤੋਂ ਤੁਰੰਤ ਬਾਅਦ ਉਥੇ ਪੁੱਜੇ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਔਰਤਾਂ ਦੇ ਨਾਲ ਕਿਸੇ ਪ੍ਰਕਾਰ ਦੇ ਬਲਾਤਕਾਰ ਜਾਂ ਛੇੜਛਾੜ ਦੀ ਘਟਨਾ ਪ੍ਰਤੀ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਅਫਵਾਹ ਤੋਂ ਵੱਧ ਕੁਝ ਵੀ ਨਹੀਂ ਹੈ ਅਤੇ ਮੀਡੀਆ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਨਾਲ ਸਮਾਜ ਵਿੱਚ ਤਣਾਅ ਪੈਦਾ ਹੋ ਸਕਦਾ ਹੈ।ਇਸ ਤਰ੍ਹਾਂ ਹੀ ਘਟਨਾ ਸਥਾਨ ਉੱਤੇ ਪੁੱਜੇ ਆਈਏਐਸ ਅਧਿਕਾਰੀ ਨੇ ਵੀ ਘਟਨਾ ਪ੍ਰਤੀ ਅਣਜਾਣਤਾ ਦਾ ਪ੍ਰਗਟਾਵਾ ਕੀਤਾ ਪਰ ਜਦੋਂ ਉਨ੍ਹਾਂ ਦਾ ਧਿਆਨ ਪ੍ਰਾਪਤ ਤੱਥਾਂ ਵੱਲ ਦਿਵਾਇਆ ਕਿ ਮੌਕੇ ਦੇ ਚਸ਼ਮਦੀਦ ਗਵਾਹ ਘਟਨਾ ਦੱਸ ਰਹੇ ਹਨ ਤਾਂ ਉਨ੍ਹਾ ਕਿਹਾ,’ਇਹ ਸਾਰੀਆਂ ਅਫਵਾਹਾਂ ਹਨ ਅਤੇ ਇਨ੍ਹਾਂ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ।’

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …