ਆਨੰਦ ਕਾਰਜ ਦੌਰਾਨ ਲਹਿੰਗਾ-ਘੱਗਰਾ ਨਹੀਂ ਪਹਿਨ ਸਕਣਗੀਆਂ ਸਿੱਖ ਕੁੜੀਆਂ
ਵਿਆਹ ਵਾਲੇ ਕਾਰਡ ‘ਤੇ ਲਾੜਾ-ਲਾੜੀ ਦੇ ਨਾਂ ਨਾਲ ਸਿੰਘ ਅਤੇ ਕੌਰ ਲਿਖਣਾ ਵੀ ਜ਼ਰੂਰੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਨਾਂਦੇੜ ਸਥਿਤ ਤਖਤ ਸ੍ਰੀ ਹਜ਼ੂਰ ਸਾਹਿਬ ਵਿਚ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿਚ ਸਿੱਖਾਂ ਦੇ ਆਨੰਦ ਕਾਰਜ (ਵਿਆਹ ਸਮਾਗਮ) ਦੌਰਾਨ ਵਿਆਹੁਤਾ ਜੋੜਿਆਂ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਰਸਮਾਂ ਦੇ ਦੌਰਾਨ ਡ੍ਰੈਸ ਕੋਡ ਤੈਅ ਕਰ ਦਿੱਤਾ ਗਿਆ ਹੈ। ਇਸਦੇ ਤਹਿਤ ਵਿਆਹੁਤਾ ਸਿੱਖ ਲੜਕੀ ਦੇ ਲਹਿੰਗਾ ਜਾਂ ਘੱਗਰਾ ਪਹਿਨਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਜਥੇਦਾਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੰਜ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਅਤੇ ਇਸ ਫੈਸਲੇ ਨੂੰ ਜਥੇਦਾਰਾਂ ਨੇ ਤੁਰੰਤ ਲਾਗੂ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੀ ਪਾਲਣਾ ਸਹੀ ਤਰੀਕੇ ਨਾਲ ਨਾ ਕਰਨ ਵਾਲਿਆਂ ਖਿਲਾਫ ਧਾਰਮਿਕ ਕਾਰਵਾਈ ਕੀਤੀ ਜਾਵੇਗੀ। ਜਥੇਦਾਰ ਹੋਰਾਂ ਨੇ ਕਿਹਾ ਕਿ ਆਨੰਦ ਕਾਰਜ ਦੌਰਾਨ ਲੜਕੀ ਵੱਲੋਂ ਭਾਰੀ ਲਹਿੰਗਾ ਪਾਏ ਜਾਣ ਕਰਕੇ ਉਸ ਨੂੰ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਵੇਲੇ ਕਾਫੀ ਪ੍ਰੇਸ਼ਾਨੀ ਆਉਂਦੀ ਹੈ ਅਤੇ ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਲਈ ਸਿੱਖ ਰਹਿਤ ਮਰਿਆਦਾ ਅਨੁਸਾਰ ਆਨੰਦ ਕਾਰਜ ਸਮੇਂ ਲਹਿੰਗੇ ਦੀ ਬਜਾਏ ਸੂਟ ਹੀ ਪਹਿਨਿਆ ਜਾਵੇ। ਜਥੇਦਾਰ ਨੇ ਇਹ ਵੀ ਦੱਸਿਆ ਕਿ ਸਿੱਖਾਂ ਵੱਲੋਂ ਵਿਆਹ ਲਈ ਛਪਵਾਏ ਗਏ ਕਾਰਡ ਵਿਚ ਲਾੜਾ-ਲਾੜੀ ਦੇ ਨਾਵਾਂ ਨਾਲ ‘ਸਿੰਘ’ ਜਾਂ ‘ਕੌਰ’ ਲਿਖਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਵਿਆਹ ਦੌਰਾਨ ਬੇਲੋੜੇ ਖਰਚੇ ਤੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਲਈ ਇਹ ਸਖ਼ਤ ਫੈਸਲਾ ਲਿਆ ਗਿਆ ਹੈ। ਇਨ੍ਹਾਂ ਆਦੇਸ਼ਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਵੀਕਾਰ ਕਰ ਲਿਆ ਹੈ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਪੰਥ ਵਿਚ ਪਹਿਲਾਂ ਹੀ ਸਧਾਰਨ ਵਿਆਹ ਦੀ ਪਰੰਪਰਾ ਹੈ।
ਗੁਰੂਘਰ ‘ਚ ਸਲਵਾਰ-ਕਮੀਜ਼ ਅਤੇ ਸਿਰ ‘ਤੇ ਚੁੰਨੀ ਜ਼ਰੂਰੀ
ਤਖਤ ਸ੍ਰੀ ਹਜ਼ੂਰ ਸਾਹਿਬ ਦੇ ਉਪ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਨੇ ਕਿਹਾ ਕਿ ਵਿਆਹ ਸਮੇਂ ਸਿੱਖ ਲੜਕੀ ਅਨੰਦ ਕਾਰਜ ਦੀ ਰਸਮ ਮੌਕੇ ਗੁਰੂਘਰ ਵਿਚ ਸਲਵਾਰ-ਕਮੀਜ਼ ਪਹਿਨੇ ਅਤੇ ਸਿਰ ‘ਤੇ ਚੁੰਨੀ ਲਵੇ। ਉਨ੍ਹਾਂ ਕਿਹਾ ਕਿ ਲੜਕੀਆਂ ਮਹਿੰਗੇ-ਮਹਿੰਗੇ ਲਹਿੰਗੇ ਜਾਂ ਘੱਗਰੇ ਪਹਿਨ ਕੇ ਗੁਰੂਘਰਾਂ ਵਿਚ ਪਹੁੰਚਦੀਆਂ ਹਨ, ਜੋ ਠੀਕ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੇ ਵੈਡਿੰਗ ਡੈਸਟੀਨੇਸ਼ਨ, ਬੀਚ, ਰਿਜਾਰਟ, ਹੋਟਲ ਜਾਂ ਪੈਲੇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾ ਕੇ ਆਨੰਦ ਕਾਰਜ ਕਰਨ ‘ਤੇ ਰੋਕ ਲਗਾਈ ਸੀ।