-15.6 C
Toronto
Sunday, February 1, 2026
spot_img
Homeਹਫ਼ਤਾਵਾਰੀ ਫੇਰੀਪਰਵਾਸੀ ਨਾਮਾ

ਪਰਵਾਸੀ ਨਾਮਾ

ਭਗਤ ਸਿੰਹਾਂ
ਜਿਹੜੇ ਸੁਪਨਿਆਂ ਖ਼ਾਤਿਰ ਫਾਂਸੀਂ ਤੇ ਤੂੰ ਚੜ੍ਹਿਆ ਸੀ,
ਬਹੁਤੇ ਤੇਰੇ ਖ਼ੁਆਬ ਹੋਏ ਨਹੀਂ ਪੂਰੇ ਭਗਤ ਸਿੰਹਾਂ।
ਲੁੱਟ ਵੀ ਉਹੀਓ, ਕੁੱਟ ਵੀ ਉਹੀਓ, ਬਾਹਲਾ ਫਰਕ ਨਹੀਂ,
ਗੋਰਿਆਂ ਦੀ ਥਾਂ ਹੁਕਮ ਚਲਾਉਂਦੇ ਭੂਰੇ ਭਗਤ ਸਿੰਹਾਂ।
ਵੋਟਾਂ ਵੇਲੇ ਲੀਡਰ ਅੰਬ ਦੁਸਹਿਰੀ ਬਣ ਜਾਂਦੇ,
ਫਿਰ ਹੋ ਜਾਣ ਕੌੜੇ ਤੁੰਮੇ ਜਿਵੇਂ ਧਤੂਰੇ ਭਗਤ ਸਿੰਹਾਂ।
ਝੁੱਗੀਆਂ ਦੀ ਗਿਣਦੀ ਵਧ ਗਈ, ਗਰੀਬੀ ਤਰਸੇ ਰੋਟੀ ਨੂੰ,
ਪਰ ਮਹਿਲੀਂ ਬਿਸਕੁਟ ਖਾਵਣ ਰੋਜ ਕਤੂਰੇ ਭਗਤ ਸਿੰਹਾਂ।
ਅੰਗ੍ਰੇਜ਼ੀ ਪੜ੍ਹ-ਪੜ੍ਹ ਵਾਰਿਸ ਤੇਰੇ ਫੜ੍ਹਨ ਜਹਾਜ਼ਾਂ ਨੂੰ,
ਪੰਜਾਬ ਸਿਹੁੰ ਤੇ ਮਾਂ ਭਾਰਤ ਅੱਜ ਝੂਰੇ ਭਗਤ ਸਿੰਹਾਂ।
ਹੱਕ ਇਨਸਾਫ ਨਾ ਮਿਲਦਾ ਤੇ ਕੀ ਜੀਣਾ ਮਾੜੇ ਦਾ,
ਤਕੜਾ ਘੂਰੇ, ਮਾਰੇ ਹੂਰੇ, ਹੋ ਗਏ ਨੇ ਲੱਕ ਦੂਹਰੇ ਭਗਤ ਸਿੰਹਾਂ।
ਫਸਲਾਂ ਵੇਚਣ ਵੇਲੇ ਪੁੱਛਦਾ ਕੌਣ ਕਿਸਾਨਾਂ ਨੂੰ,
‘ਬਲਵਿੰਦਰ’ ਵਰਗੇ ਭੱਜ ਕੇ ਹੋ ਜਾਣ ਮੂਹਰੇ ਭਗਤ ਸਿੰਹਾਂ।
ਰਾਜਗੁਰੂ, ਸੁਖਦੇਵ ਸਣੇ ਇਕ ਗੇੜਾ ਮਾਰ ਕਦੇ,
ਚਾੜ੍ਹ ਨੇਪਰੇ ਕੰਮ ਜੋ ਪਏ ਅਧੂਰੇ ਭਗਤ ਸਿੰਹਾਂ।

ਗਿੱਲ ਬਲਵਿੰਦਰ
CANADA +1.416.558.5530
([email protected] )

 

RELATED ARTICLES
POPULAR POSTS