ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕ ਮਿਲ ਕੇ ਪ੍ਰਦੂਸ਼ਣ ਨੂੰ ਰੋਕਣਗੇ
ਲੁਧਿਆਣਾ/ਬਿਊਰੋ ਨਿਊਜ਼ : ਸਾਲ 1947 ਵਿਚ ਅੰਗਰੇਜ਼ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਚਲੇ ਗਏ, ਪਰ ਦੋਵੇਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੇ ਦਿਲ ਅੱਜ ਵੀ ਇਕ-ਦੂਜੇ ਦੇ ਲਈ ਧੜਕਦੇ ਹਨ। ਇਥੋਂ ਤੱਕ ਕਿ ਦੋਵਾਂ ਦੇਸ਼ਾਂ ਦੀਆਂ ਸਮੱਸਿਆਵਾਂ ਵੀ ਕਰੀਬ ਇਕੋ ਜਿਹੀਆਂ ਹੀ ਹਨ। ਬਦਲਦੇ ਦੌਰ ਵਿਚ ਚੱਲ ਰਹੀ ਵਿਕਾਸ ਦੀ ਰਫਤਾਰ ਵਿਚ ਸ਼ਹਿਰ ਕੰਕਰੀਟ ਵਿਚ ਬਦਲ ਰਹੇ ਹਨ ਅਤੇ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਨਦੀਆਂ ਵੀ ਇਸ ਤੋਂ ਬਚ ਨਹੀਂ ਸਕਦੀਆਂ ਹਨ।
ਚੜ੍ਹਦੇ ਯਾਨੀ ਭਾਰਤੀ ਪੰਜਾਬ ਅਤੇ ਲਹਿੰਦੇ ਯਾਨੀ ਪਾਕਿਸਤਾਨੀ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਨੇ ਨਦੀਆਂ ਵਿਚ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਹੱਥ ਮਿਲਾਇਆ ਹੈ ਅਤੇ ਭਵਿੱਖ ਵਿਚ ਵੀ ਪੂਰਬੀ ਅਤੇ ਪੱਛਮੀ ਪੰਜਾਬ ਦੀਆਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਸੰਕਲਪ ਲਿਆ ਹੈ ਤਾਂ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਤੌਰ ‘ਤੇ ਪਹਿਚਾਣ ਬਣਾਉਣ ਵਾਲੇ ਪੰਜਾਬ ਦੀਆਂ ਇਨ੍ਹਾਂ ਧਰੋਹਰਾਂ ਅਤੇ ਆਰਥਿਕਤਾ ਦੀ ਰੀੜ੍ਹ ਨੂੰ ਸੰਭਾਲਣ ਦੇ ਲਈ ਅੱਗੇ ਵਧਿਆ ਜਾ ਸਕੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਾਫ ਵਾਤਾਵਰਣ ਦਿੱਤਾ ਜਾ ਸਕੇ। ਵਾਤਾਵਰਣ ਪ੍ਰੇਮੀ ਪੰਜਾਬ ਵਿਚ ਵਗਣ ਵਾਲੇ ਸਤਲੁਜ ਅਤੇ ਬਿਆਸ ਦਰਿਆ ਵਿਚ ਪ੍ਰਦੂਸ਼ਣ ਨੂੰ ਲੈ ਕੇ ਕੰਮ ਕਰ ਰਹੇ ਹਨ, ਜਦੋਂ ਕਿ ਪਾਕਿਸਤਾਨੀ ਪੰਜਾਬ ਦੇ ਨੌਜਵਾਨ ਰਾਵੀ ਵਿਚ ਪ੍ਰਦੂਸ਼ਣ ਘੱਟ ਕਰਨ ਦੇ ਲਈ ਯਤਨਸ਼ੀਲ ਹਨ।
ਇਸੇ ਦਿਸ਼ਾ ਵਿਚ ਪਿਛਲੇ ਦਿਨੀਂ ਪਾਕਿਸਤਾਨ ਦੇ ਲਾਹੌਰ ਵਿਚ ਰਾਵੀ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਇਸਤਾਨਬੁਲ ਚੌਕ ਮਾਲ ਰੋਡ ਤੋਂ ਰਾਵੀ ਪੁਲ ਲਾਹੌਰ, ਪੰਜਾਬ ਪਾਕਿਸਤਾਨ ਤੱਕ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸਦਾ ਆਯੋਜਨ ਰਾਵੀ ਬਚਾਓ ਤਹਰੀਕ ਦੇ ਅਬੁਜਰ ਮਧੂ ਦੀ ਅਗਵਾਈ ਵਿਚ ਕੀਤਾ ਗਿਆ ਸੀ।
ਭਾਰਤੀ ਪੰਜਾਬ ਵਿਚ ਭੁਮਿਤਰਾ ਬੇੜਾ ਯਾਤਰਾ ਦੇ ਸੰਨੀ ਸੰਧੂ ਦੀ ਅਗਵਾਈ ਵਿਚ ਬਿਆਸ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਯਾਤਰਾ ਨੌਸ਼ਹਿਰਾ ਤੋਂ ਸਰਾਏ ਅਮਾਨਤ ਖਾਨ-ਕਮਰੂਵਾਲਾ ਤਰਨਤਾਰਨ-ਭਾਰਤੀ ਪੰਜਾਬ ਵਿਚ ਹੋਈ, ਜਦਕਿ ਸਤੁਲਜ ਯਾਤਰਾ ਲੁਧਿਆਣਾ ਵਿਚ ਸਤਲੁਜ ਨਦੀ ‘ਤੇ ਰਾਹੋਂ ਮਾਛੀਵਾੜਾ ਪੁਲ ‘ਤੇ ਕੀਤੀ ਗਈ। ਇਸਦੀ ਅਗਵਾਈ ਆਲਮੀ ਪੰਜਾਬੀ ਸੰਗਤ ਦੇ ਗੰਗਵੀਰ ਸਿੰਘ ਰਾਠੌਰ ਨੇ ਕੀਤੀ। ਇਨ੍ਹਾਂ ਯਾਤਰਾਵਾਂ ਦੇ ਦੌਰਾਨ ਵਾਤਾਵਰਣ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਨੇ ਲੋਕਾਂ ਨੂੰ ਵਾਤਾਵਰਣ ਸੰਭਾਲ ਦੇ ਬਾਰੇ ਵਿਚ ਅਪਡੇਟ ਕੀਤਾ। ਪਬਲਿਕ ਐਕਸ਼ਨ ਕਮੇਟੀ ਦੇ ਜਸਕੀਰਤ ਸਿੰਘ ਦਾ ਕਹਿਣਾ ਹੈ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਨੇ ਸੰਯੁਕਤ ਰੂਪ ਵਿਚ ਇਹ ਸਾਰਥਿਕ ਉਪਰਾਲਾ ਸ਼ੁਰੂ ਕੀਤਾ ਹੈ ਅਤੇ ਇਹ ਅੱਗੇ ਵੀ ਜਾਰੀ ਰਹੇਗਾ। ਨਦੀਆਂ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਜ਼ਰੂਰਤ ਵੀ ਹੈ।
ਪ੍ਰਦੂਸ਼ਣ ਨਾ ਰੋਕਿਆ ਤਾਂ ਹੋਣਗੇ ਗੰਭੀਰ ਨਤੀਜੇ
ਆਲਮੀ ਪੰਜਾਬੀ ਸੰਗਤ ਦੇ ਗੰਗਵੀਰ ਸਿੰਘ ਰਾਠੌਰ ਨੇ ਕਿਹਾ ਕਿ ਨਦੀਆਂ ਸਾਡੀ ਵਿਰਾਸਤ ਹਨ ਅਤੇ ਉਨ੍ਹਾਂ ਵਿਚ ਪ੍ਰਦੂਸ਼ਣ ਹੁਣ ਚਰਮ ਸੀਮਾ ‘ਤੇ ਪਹੁੰਚ ਗਿਆ ਹੈ। ਜੇਕਰ ਇਸ ਪ੍ਰਦੂਸ਼ਣ ਨੂੰ ਨਾ ਰੋਕਿਆ ਗਿਆ ਤਾਂ ਇਸਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਇਸਦੇ ਲਈ ਕੰਮ ਕਰ ਰਹੀ ਹੈ। ਉਥੇ ਰਾਵੀ ਵਿਚ ਪ੍ਰਦੂਸ਼ਣ ਰੋਕਣ ਦੇ ਲਈ ਪਾਕਿਸਤਾਨੀ ਪੰਜਾਬ ਦੇ ਨੌਜਵਾਨ ਵੀ ਸਰਗਰਮ ਹਨ। ਗੰਗਵੀਰ ਸਿੰਘ ਰਾਠੌਰ ਨੇ ਕਿਹਾ ਕਿ ਇਕ ਬਲੌਗਰ ਦੇ ਮਾਧਿਅਮ ਨਾਲ ਪਾਕਿਸਤਾਨੀ ਨੌਜਵਾਨਾਂ ਨਾਲ ਸੰਪਰਕ ਹੋਇਆ ਅਤੇ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਨਦੀਆਂ ਦਾ ਆਪਣਾ ਅਧਿਕਾਰ ਹੈ। ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਨਦੀ ਵਿਚ 25 ਫੀਸਦੀ ਤੱਕ ਪਾਣੀ ਚੱਲਣਾ ਚਾਹੀਦਾ ਹੈ, ਪਰ ਇਸਦਾ ਪਾਲਣ ਨਹੀਂ ਹੋ ਰਿਹਾ ਹੈ, ਨਤੀਜਨ ਨਦੀਆਂ ਸੁੰਗੜ ਰਹੀਆਂ ਹਨ ਅਤੇ ਜੰਗਲੀ ਜੀਵ ਅਤੇ ਪੰਛੀਆਂ ਦੇ ਜੀਵਨ ‘ਤੇ ਉਲਟਾ ਅਸਰ ਹੋ ਰਿਹਾ ਹੈ।
Home / ਹਫ਼ਤਾਵਾਰੀ ਫੇਰੀ / ਵਾਤਾਵਰਣ ਪ੍ਰੇਮੀਆਂ ਨੇ ਲਾਹੌਰ, ਤਰਨਤਾਰਨ ਅਤੇ ਲੁਧਿਆਣਾ ਵਿਚ ਲੋਕਾਂ ਨੂੰ ਕੀਤਾ ਪ੍ਰਦੂਸ਼ਣ ਦੇ ਖਤਰਿਆਂ ਤੋਂ ਸੁਚੇਤ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …