Breaking News
Home / ਰੈਗੂਲਰ ਕਾਲਮ / ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ

ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ

ਜਰਨੈਲ ਸਿੰਘ
(ਕਿਸ਼ਤ 7)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਕੈਨੇਡਾ ਵਿਚ ਚਾਰ ਮੌਸਮ ਹਨ ਸਰਦੀ, ਬਹਾਰ, ਗਰਮੀ ਤੇ ਪਤਝੜ। ਵੱਡੇ ਖੇਤਰਫਲ ਵਾਲ਼ਾ ਦੇਸ਼ ਹੋਣ ਕਰਕੇ ਸਾਰੇ ਸੂਬਿਆਂ ਵਿਚ ਮੌਸਮਾਂ ਦਾ ਸਮਾਂ ਇਕਸਾਰ ਨਹੀਂ।
ਓਨਟਾਰੀਓ ਸੂਬੇ ਵਿਚ ਸਰਦੀਆਂ ਅਤਿ ਠੰਢੀਆਂ ਹੁੰਦੀਆ ਨੇ। ਆਮ ਤੌਰ ‘ਤੇ ਤਾਪਮਾਨ ਮਨਫੀ 15-20 ਸੈਲਸਿਅਸ ਅਤੇ ਕਈ ਵਾਰ ਮਨਫੀ 30-32 ਤੱਕ ਡਿਗ ਪੈਂਦਾ ਹੈ। ਬਰਫਬਾਰੀ ਵੀ ਹੁੰਦੀ ਰਹਿੰਦੀ ਹੈ। ਔਸਤਨ ਬਰਫ 10-15 ਸੈਂਟੀਮੀਟਰ ਤੇ ਬਰਫੀਲੇ ਤੂਫਾਨਾਂ ਦੌਰਾਨ 15-20 ਸੈਂਟੀਮੀਟਰ। ਗਰਮੀਆਂ ਵਿਚ ਆਮ ਤੌਰ ‘ਤੇ ਤਾਪਮਾਨ 25-30 ਸੈਲਸਿਅਸ ਤੇ ਕਦੀ-ਕਦੀ 40 ਸੈਲਸਿਅਸ ਤੋਂ ਵੀ ਉੱਤੇ ਚਲਾ ਜਾਂਦਾ ਹੈ। ਮੌਸਮਾਂ ਵਿਚ ਉਤਰਾਅ-ਚੜ੍ਹਾਅ ਅਕਸਰ ਵਾਪਰ ਜਾਂਦੇ ਹਨ।
ਗਰਮੀਆਂ ਦਾ ਮੌਸਮ ਲੋਕਾਂ ਦਾ ਮਨਭਾਉਂਦਾ ਮੌਸਮ ਹੈ। ਸਰਦ ਰੁੱਤ ਲੰਮੀ ਹੋਣ ਕਰਕੇ ਅੰਦਰੀਂ ਡੱਕੇ ਹੋਏ ਲੋਕ ਅੱਕੇ ਪਏ ਹੁੰਦੇ ਹਨ। ਗਰਮੀ ਸ਼ੁਰੂ ਹੋਣ ‘ਤੇ ਗੋਰਿਆਂ ਨੂੰ ਘੁੰਮਣ-ਫਿਰਨ ਦਾ ਝੱਲ ਚੜ੍ਹ ਜਾਂਦਾ ਹੈ। ਉਹ ਇਸ ਨੂੰ ਰੱਜ ਕੇ ਮਾਣਦੇ ਹਨ। ਪਰਿਵਾਰਾਂ ਨੂੰ ਲੈ ਕੇ ਹੌਲੀਡੇਜ਼ ‘ਤੇ ਜਾਂਦੇ ਹਨ। ਬੀਚਾਂ ‘ਤੇ ਜਾ ਕੇ ਤੈਰਦੇ ਅਤੇ ਧੁੱਪ ਇਸ਼ਨਾਨ ਕਰਦੇ ਹਨ। ਭਾਰਤੀ ਮੂਲ ਦੇ ਕੈਨੇਡੀਅਨ, ਹਰਿਆਵਲ ਤੇ ਰੰਗ-ਬਰੰਗੇ ਫੁੱਲਾਂ ਨਾਲ਼ ਲੱਦੇ ਪਾਰਕਾਂ ਵਿਚ, ਰਿਸ਼ਤੇਦਾਰਾਂ ਤੇ ਦੋਸਤਾਂ ਸੰਗ ਪਿਕਨਿਕਾਂ ਕਰਦੇ ਹਨ। ਦਿਨ ਤਕਰੀਬਨ 15 ਘੰਟੇ ਲੰਮੇ ਹੁੰਦੇ ਹਨ, ਸੂਰਜ ਨੌਂ ਵਜ ਦੇ ਕਰੀਬ ਮਿਟਦਾ ਹੈ।
ਕੈਨੇਡਾ ‘ਚ ਪਾਣੀ ਦੇ ਅਥਾਹ ਭੰਡਾਰ ਬਾਰੇ ਪੜ੍ਹਦਿਆਂ ਮੈਨੂੰ ਢੇਰ ਖੁਸ਼ੀ ਹੋਈ ਸੀ। ਵਿਸ਼ਾਲ ਪਾਣੀਆਂ ਦੇ ਨਜ਼ਾਰੇ ਮੈਂ ਰੱਜ ਕੇ ਮਾਣ ਸਕਦਾ ਸਾਂ। ਸਮੁੰਦਰ ਤੇ ਦਰਿਆਵਾਂ ਤੋਂ ਇਲਾਵਾ ਇਸ ਦੇਸ਼ ਵਿਚ ਹਜ਼ਾਰਾਂ ਝੀਲਾਂ ਹਨ। 100 ਵਰਗ ਕਿਲੋਮੀਟਰ ਤੋਂ ਵੱਧ ਏਰੀਏ ਵਾਲ਼ੀਆਂ ਝੀਲਾਂ ਦੀ ਗਿਣਤੀ 561 ਹੈ। ਕੈਨੇਡਾ-ਅਮਰੀਕਾ ਵਿਚ ਫ਼ੈਲੀਆਂ ਵਿਸ਼ਾਲ ਝੀਲਾਂ ‘ਗਰੇਟ ਲੇਕਸ’ ਦੇ ਨਾਂ ਨਾਲ਼ ਜਾਣੀਆਂ ਜਾਂਦੀਆਂ ਹਨ। ਚਾਰ ‘ਗਰੇਟ ਲੇਕਸ’ ਇਹ ਹਨ: ਲੇਕ ਸੁਪੀਰੀਅਰ (82100 ਵਰਗ ਕਿਲੋਮੀਟਰ), ਲੇਕ ਹਿਉਰੋਨ (60000 ਵਰਗ ਕਿਲੋਮੀਟਰ), ਲੇਕ ਇਰੀ (25740 ਵਰਗ ਕਿਲੋਮੀਟਰ) ਤੇ ਲੇਕ ਉਨਟੇਰੀਓ (18960 ਵਰਗ ਕਿਲੋਮੀਟਰ)।
ਪੰਜਵੀਂ ‘ਗਰੇਟ ਲੇਕ’ ਲੇਕ ਮਿਸ਼ੀਗਨ (58000 ਵਰਗ ਕਿਲੋਮੀਟਰ) ਸਿਰਫ਼ ਅਮਰੀਕਾ ਵਿਚ ਹੀ ਵਗਦੀ ਹੈ।
ਨਿਆਗਰਾ ਫਾਲਜ਼ : ‘ਗਰੇਟ ਲੇਕਸ’ ਬਾਰੇ ਪੜ੍ਹਦਿਆਂ ‘ਨਿਆਗਰਾ ਫਾਲਜ਼’ ਬਾਬਤ ਵੀ ਜਾਣਕਾਰੀ ਹਾਸਲ ਹੋਈ। ਨਿਆਗਰਾ ਫਾਲਜ਼ ਦਾ ਸ੍ਰੋਤ ‘ਇਰੀ ਝੀਲ’ ਹੈ। ਇਸ ਝੀਲ ਵਿਚੋਂ ਨਿਕਲ਼ਦਾ ਦਰਿਆ ਨਿਆਗਰਾ 23 ਕਿਲੋਮੀਟਰ ਦਾ ਸਫਰ ਕਰਕੇ ‘ਨਿਆਗਰਾ ਫਾਲਜ਼’ ਤੇ ਪਹੁੰਚਦਾ ਹੈ। ਇਸੇ ਦਰਿਆ ਵਿਚੋਂ ਨਿਕਲ਼ੇ ਦੋ ਛੋਟੇ ਛੋਟੇ ਫਾਲਜ਼ ਅਮਰੀਕਾ ਸਾਈਡ ‘ਤੇ ਵੀ ਹਨ। ਟਰਾਂਟੋ ਤੋਂ 130 ਕਿਲੋਮੀਟਰ ਦੂਰ ਤਿੰਨੇ ਫਾਲਜ਼ ਕੈਨੇਡਾ ਅਮਰੀਕਾ ਦੇ ਬਾਰਡਰ ‘ਤੇ ਸਥਿਤ ਹਨ। ਕੈਨੇਡਾ ਵੱਲ ਦੇ ਪਾਸੇ ਸੂਬਾ ਉਨਟੇਰੀਓ ਤੇ ਅਮਰੀਕਾ ਵੱਲ ਦੇ ਪਾਸੇ ਨਿਊਯਾਰਕ ਸਟੇਟ ਹੈ। ਵਿਚਾਲੇ ਨਿਆਗਰਾ ਦਰਿਆ ਵਗਦਾ ਹੈ। ਦਰਿਆ ‘ਤੇ ਬਣਿਆ ਪੁਲ਼ ਦੋਨਾਂ ਦੇਸ਼ਾ ਨੂੰ ਜੋੜਦਾ ਹੈ।
ਅਮਰੀਕਾ ਦੇ ਫਾਲਜ਼ ਬਹੁਤ ਛੋਟੇ ਹੋਣ ਕਰਕੇ, ਪ੍ਰਸਿੱਧੀ ਕੈਨੇਡਾ ਦੇ ਫਾਲ ਨੂੰ ਹੀ ਹਾਸਲ ਹੈ। ਮੈਂ ਇੱਥੇ ਗੱਲ ਵੀ ਇਸੇ ਫਾਲ ਦੀ ਕਰਾਂਗਾ। ਨਿਆਗਰਾ ਦਰਿਆ ਦੇ ਵਹਾਅ ਦੀ ਚੌੜਾਈ 8500 ਫੁੱਟ ਅਤੇ ਫਾਲ ਦੀ ਚੌੜਾਈ 2590 ਫੁੱਟ ਹੈ। ਇਸ ਫਾਲ ਦੀ ਉਚਾਈ ਤੇ ਪਾਣੀ ਦੀ ਵਿਸ਼ਾਲਤਾ ਦੇ ਪੱਖਾਂ ਤੋਂ ਇਹ ਦੁਨੀਆਂ ਦਾ ਦੂਜਾ ਵੱਡਾ ਫਾਲ ਹੈ। ਸਾਢੇ ਪੰਜ ਲੱਖ ਲਿਟਰ ਪਾਣੀ ਪ੍ਰਤੀ ਸੈਕਿੰਡ 167 ਫੁੱਟ ਦੀ ਉਚਾਈ ਤੋਂ ਹੇਠਾਂ ਡਿਗਦਾ ਹੈ। ਹਰ ਸਾਲ ਤਕਰੀਬਨ 12 ਲੱਖ ਸੈਲਾਨੀ ਇਸਨੂੰ ਦੇਖਣ ਆਉਂਦੇ ਹਨ।
ਕੁਦਰਤ ਦੇ ਇਸ ਉੱਘੇ ਕ੍ਰਿਸ਼ਮੇ ਨੂੰ ਦੇਖਣ ਲਈ ਮਨ ਉਤਾਵਲਾ ਹੋ ਗਿਆ। ਰਣਜੀਤ ਗੁਰਸ਼ਰਨ ਵੀ ਆਊਟਿੰਗ ਦੇ ਮੂਡ ‘ਚ ਸਨ। ਇਕ ਵੀਕ ਐਂਡ ‘ਤੇ ਅਸੀਂ ਤਿੰਨੇ ਜਾ ਪਹੁੰਚੇ। ਦਰਸ਼ਕਾਂ ਦੀ ਸੁੱਰਖਿਆ ਵਾਸਤੇ ਬਣੀ ਮਜ਼ਬੂਤ ਰੇਲਿੰਗ ਦੇ ਨਾਲ਼ ਨਾਲ਼ ਖਲੋਤੇ ਸੈਂਕੜੇ ਲੋਕ ਫਾਲ ਦਾ ਨਜ਼ਾਰਾ ਮਾਣ ਰਹੇ ਸਨ। ਢੁੱਕਵੀਂ ਥਾਂ ਵੇਖ ਕੇ ਅਸੀਂ ਵੀ ਰੇਲਿੰਗ ਨਾਲ਼ ਖੜ੍ਹ ਗਏ। ਫਾਲਜ਼ ਨੂੰ ਨਿਹਾਰਨ ਤੋਂ ਪਹਿਲਾਂ ਮੈਂ ਨਿਆਗਰਾ ਦਰਿਆ ‘ਤੇ ਭਰਵੀਂ ਨਜ਼ਰ ਸੁੱਟੀ। ਦਰਿਆ ਹੇਠਲੀ ਧਰਤੀ ਪਥਰੀਲੀ ਹੋਣ ਕਰਕੇ ਪਾਣੀ ਐਨ੍ਹ ਸਾਫ ਸੀ। ਦਰਿਆ ਦਾ ਵਹਿਣ ਧੀਮਾ ਨਹੀਂ ਤੇਜ਼ ਸੀ। ਮੈਨੂੰ ਇੰਜ ਜਾਪਿਆ ਜਿਵੇਂ ਫਾਲਜ਼ ‘ਤੇ ਆਪਣਾ ਜਲੌਅ ਦਿਖਾਉਣ ਲਈ ਦਰਿਆ ਦੌੜਾ ਆ ਰਿਹਾ ਹੋਵੇ। ਫਿਰ ਮੇਰੀ ਨਿਗ੍ਹਾ ਫਾਲ ‘ਤੇ ਟਿਕ ਗਈ। 167 ਫੁੱਟ ਦੀ ਉਚਾਈ ਤੋਂ ਲਗਾਤਾਰ ਡਿਗਦੇ ਅਤੇ ਉਤਾਂਹ ਨੂੰ ਉੱਛਲਦੇ ਬੇਸ਼ੁਮਾਰ ਪਾਣੀ ਦੀ ਖੜਕਾਰ ਸੋਚਾਂ ਫ਼ਿਕਰਾਂ ‘ਚ ਡੁੱਬੇ ਮਨਾਂ ਨੂੰ ਉਮਾਹ ਹੁਲਾਰਾ ਪ੍ਰਦਾਨ ਕਰ ਰਹੀ ਸੀ। ਖੌਲ਼ਦੇ ਪਾਣੀ ਵਿਚੋਂ ਉੱਭਰਦੀ ਭੂਰ ਆਸੇ ਪਾਸੇ ਦੂਰ ਤੱਕ ਝਰ ਰਹੀ ਸੀ। ਨਿੱਖਰੇ ਅਸਮਾਨ ਤੇ ਨਿੱਘੀ ਧੁੱਪ ਵਿਚ ਵਰ੍ਹਦੇ ਫੁਹਾਰ ਨੁਮਾ ਮੀਂਹ ਨੂੰ ਕੁਦਰਤ ਦਾ ਕੌਤਕ ਆਖਿਆ ਜਾ ਸਕਦਾ ਹੈ… ਉਤਾਂਹ ਨੂੰ ਉੱਠ ਰਹੀ ਭੂਰ ਵਿਚੋਂ ਉਪਜੀ ਵਿਸ਼ਾਲ ਸਤਰੰਗੀ ਪੀਂਘ, ਫਾਲ ਦੇ ਸਮੁੱਚੇ ਦ੍ਰਿਸ਼ ਉੱਪਰ ਖੂਬਸੂਰਤ ਤਾਜ ਵਾਂਗ ਰੂਪਮਾਨ ਹੋ ਰਹੀ ਸੀ।
ਚੋਖਾ ਸਮਾਂ ਫਾਲ ਦਾ ਨਜ਼ਾਰਾ ਮਾਣ ਕੇ ਰਣਜੀਤ ਤੇ ਗੁਰਸ਼ਰਨ ਪਿਛਾਂਹ ਬੈਂਚ ‘ਤੇ ਜਾ ਬੈਠੇ। ਪਰ ਮੇਰਾ ਓਥੋਂ ਹਿੱਲਣ ਨੂੰ ਜੀਅ ਨਹੀਂ ਸੀ ਕਰ ਰਿਹਾ। ਰਣਜੀਤ ਵਲੋਂ ਇਸ਼ਾਰਾ ਕਰਨ ‘ਤੇ ਮੈਂ ਉਨ੍ਹਾਂ ਕੋਲ਼ ਚਲਾ ਗਿਆ। ਕੁਝ ਕੁ ਦੇਰ ਅਸੀਂ ਅਮਰੀਕਾ ਦੇ ਨਿੱਕ ਆਕਾਰੀ ਫਾਲਜ਼ ਦੇਖੇ ਤੇ ਫਿਰ ਪਹਿਲਾਂ ਬਣਾਈ ਸਕੀਮ ਅਨੁਸਾਰ ਕਾਰ ‘ਚ ਸਵਾਰ ਹੋ, ਨਿਆਗਰਾ ਦਰਿਆ ਦਾ ਫਾਲਜ਼ ਤੋਂ ਅਗਲਾ ਸਫਰ ਦੇਖਣ ਚਲ ਪਏ। ਡੂੰਘਾਈ ‘ਚ ਵਗਦੇ ਇਸ ਦਰਿਆ ਦੇ ਨਾਲ਼ ਨਾਲ਼ ਬਣੀ ਸੜਕ ‘ਤੇ ਜਾ ਕੇ ਰਣਜੀਤ ਨੇ ਕਾਰ ਇਕ ਛੋਟੇ ਜਿਹੇ ਪਾਰਕਿੰਗ ਲੌਟ ‘ਚ ਲਾ ਦਿੱਤੀ। ਕਾਰ ਤੋਂ ਉੱਤਰ ਕੇ ਅਸੀਂ ਦਰਿਆ ਦੇ ਕਿਨਾਰੇ ਜਾ ਖਲੋਏ। ਨਿਆਗਰਾ ਦਰਿਆ ਦਾ ਬਿਲਕੁਲ ਹੀ ਵੱਖਰਾ ਰੂਪ ਨਜ਼ਰ ਆਇਆ ਸਾਧਾਰਨ ਜਿਹੀ ਚਾਲ ਤੇ ਖਾਮੋਸ਼ ਵਹਾਅ। ਫਾਲ ‘ਤੇ ਆਪਣਾ ਜਲੌਅ ਦਿਖਾਉਣ ਬਾਅਦ ਨਿਆਗਰਾ ਸੁਖਦ ਸੰਤੁਸ਼ਟ ਰਉਂ ਵਿਚ ਵਗਦਾ ਜਾਪਿਆ।
ਕਾਰ ਵਿਚ ਮੁੜ ਸਵਾਰ ਹੋ ਅਸੀਂ ਉਨਟੇਰੀਓ ਝੀਲ ‘ਤੇ ਪਹੁੰਚ ਗਏ। ਨਿਆਗਰਾ ਦਰਿਆ ਇਸ ਝੀਲ ਵਿਚ ਸ਼ਾਮਲ ਹੋ ਰਿਹਾ ਸੀ। ਇਸੇ ਝੀਲ ਦੇ ਕਿਸੇ ਹੋਰ ਪਾਸਿਓਂ ‘ਸੇਂਟ ਲਾਰੈਂਸ ਦਰਿਆ’ ਆਪਣੀ ਹੋਂਦ ਗ੍ਰਹਿਣ ਕਰ ਰਿਹਾ ਸੀ।
ਇਰੀ ਝੀਲ ਨਿਆਗਰਾ ਦਰਿਆ ਉਨਟੇਰੀਓ ਝੀਲ ਸੇਂਟ ਲਾਰੈਂਸ ਦਰਿਆ… ਜਲਧਾਰਾ ਦੇ ਨਿਰੰਤਰ ਸਫਰ ਦੀ ਵਡਮੁੱਲੀ ਤੇ ਰੌਚਿਕਤਾ ਭਰਪੂਰ ਝਾਕੀ ਹੈ ਇਹ।
ਨਿਆਗਰਾ ਦਰਿਆ ਤੇ ਉਨਟੇਰੀਓ ਝੀਲ ਦੇ ਮਿਲਣ ਸਥਾਨ ਤੋਂ ਅਸੀਂ ਫਾਲ ‘ਤੇ ਪਰਤ ਆਏ। ਸ਼ਾਮ ਪੈ ਗਈ ਸੀ। ਫਾਲਜ਼ ਦੇ ਇਸ ਪਾਸੇ ਤੇ ਪਰਲੇ ਪਾਸੇ ਦੀਆਂ ਲਾਈਟਾਂ ਜਗ ਪਈਆਂ। ਇਨ੍ਹਾਂ ਲਾਈਟਾਂ ਦਾ ਸ੍ਰੋਤ ਨਿਆਗਰਾ ਦਰਿਆ ਹੈ। ਕੈਨੇਡਾ ਅਮਰੀਕਾ ਨੇ ਆਪੋ ਆਪਣੇ ਪਾਸੇ ਪਣ ਬਿਜਲੀ ਦੇ ਪਲਾਂਟ ਲਾਏ ਹੋਏ ਹਨ। ਇਨ੍ਹਾਂ ਪਲਾਂਟਾਂ ਵਾਸਤੇ ਦੋਵੇਂ ਦੇਸ਼ ਪਣ ਸੁਰੰਗਾਂ ਰਾਹੀਂ ਨਿਆਗਰਾ ਦਾ ਪਾਣੀ ਵਰਤਦੇ ਹਨ। ਬਿਜਲੀ ਉਤਪਾਦਨ ਤੋਂ ਬਾਅਦ ਪਾਣੀ ਮੁੜ ਦਰਿਆ ਵਿਚ ਪਾ ਦਿੱਤਾ ਜਾਂਦਾ ਹੈ। ਦਿਨ ਵੇਲੇ ਪਾਣੀ ਦੀ ਘਟੀ ਮਿਕਦਾਰ ਸੈਲਾਨੀਆਂ ਦੀ ਦਿਲਚਸਪੀ ‘ਤੇ ਅਸਰ ਪਾ ਸਕਦੀ ਹੈ, ਇਸ ਕਰਕੇ ਪਣ ਸੁਰੰਗਾਂ ਰਾਤ ਸਮੇਂ ਹੀ ਖੋਲ੍ਹੀਆਂ ਜਾਂਦੀਆਂ ਹਨ। ਰਾਤ ਨੂੰ ਸੈਲਾਨੀ ਥੋੜ੍ਹੇ ਹੁੰਦੇ ਹਨ।
ਰਾਤ ਦੇ 9 ਵਜੇ ਫਾਲ ਤੇ ਲਾਈਟਾਂ ਦਾ ਪ੍ਰੋਗਰਾਮ ਸ਼ੁਰੂ ਹੋਣਾ ਸੀ। ਉਹ ਦੇਖਣ ਤੋਂ ਬਾਅਦ ਹੀ ਅਸੀਂ ਘਰ ਨੂੰ ਮੁੜਨਾ ਸੀ। ਡਿਨਰ ਵਾਸਤੇ ਅਸੀਂ ਮੈਕਡੋਨਲ ‘ਚ ਜਾ ਵੜੇ। ਮੈਕਡੋਨਲ ‘ਚੋਂ ਨਿਕਲ਼ ਕੇ ਢੁੱਕਵੀਂ ਥਾਂ ‘ਤੇ ਬੈਠੇ ਹੀ ਸਾਂ ਕਿ ਲਾਈਟਾਂ ਦਾ ਕ੍ਰਿਸ਼ਮਾ ਸ਼ੁਰੂ ਹੋ ਗਿਆ। ਫਾਲ ਉੱਪਰ ਤਿੰਨ ਥਾਵਾਂ ਤੋਂ ਲਾਈਟਾਂ ਬਿਖੇਰੀਆਂ ਜਾ ਰਹੀਆਂ ਸਨ। ਮਨੁੱਖ ਦੀ ਕਾਰੀਗਰੀ ਨੇ ਫਾਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ ਸੀ। ਇਸੇ ਪਾਣੀ ਵਿਚੋਂ ਉਪਜੀ ਬਿਜਲੀ ਲਾਲ, ਹਰੇ, ਨੀਲੇ, ਕਾਸ਼ਣੀ, ਗੁਲਾਬੀ ਆਦਿ ਰੰਗਾਂ ਵਿਚ ਸਜ ਧਜ ਕੇ ਆਪਣੇ ਮੂਲ ਨੂੰ ਮਿਲ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਮਿਲਾਪ ਦੀ ਖੁਸ਼ੀ ਵਿਚ ਲਾਈਟਾਂ ਅਤੇ ਪਾਣੀ ਨ੍ਰਿਤ ਕਰ ਰਹੇ ਹੋਣ ਡਾਢਾ ਹੀ ਅਨੂਠਾ ਨ੍ਰਿਤ… ਰੰਗਾਂ ਦੀਆਂ ਬਹੁਪਰਤੀ ਸ਼ੇਡਾਂ ਵਾਲ਼ੀਆਂ ਲਾਈਟਾਂ ਨਾਲ਼ ਰੌਸ਼ਨ ਹੋ ਰਹੇ ਨਿਆਗਰਾ ਫਾਲ ਦਾ ਰਮਣੀਕ ਨਜ਼ਾਰਾ ਮਾਣਦਿਆਂ ਮੇਰੀ ਰੂਹ ਖਿੜ ਗਈ। ਆਨੰਦਿਤ ਹੋਏ ਅਸੀਂ ਵਾਪਸ ਚੱਲ ਪਏ।
ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿਚ ਵੀਕਐਂਡਾਂ ‘ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀਆਂ ਪਰਿਵਾਰਕ ਮਿਲਣੀਆਂ ਦੀ ਰੀਤ ਬਣੀ ਹੋਈ ਏ। ਇੰਡੀਆ, ਇੰਗਲੈਂਡ, ਅਮਰੀਕਾ ਆਦਿ ਦੇਸ਼ਾਂ ਅਤੇ ਕੈਨੇਡਾ ਦੇ ਦੂਜੇ ਸੂਬਿਆਂ ਤੋਂ ਆਉਂਦੇ ਸਕੇ ਸੰਬੰਧੀਆਂ ਦੇ ਆਦਰ ਵਿਚ ਮਿਲਣੀਆਂ ਦੇ ਪ੍ਰੋਗਰਾਮ ਉਚੇਚੇ ਤੌਰ ‘ਤੇ ਬਣਾਏ ਜਾਂਦੇ ਹਨ। ਰਿਸ਼ਤੇਦਾਰਾਂ ਵੱਲੋਂ ਇਹ ਆਦਰ ਮੈਨੂੰ ਵੀ ਨਸੀਬ ਹੋਇਆ।
ਨਵੰਬਰ ‘ਚ ਸੰਘਵਾਲ ਤੋਂ ਮੇਰਾ ਸਕਾ ਭਾਣਜਾ ਜਸਪਾਲ ਵੀ ਕੈਨੇਡਾ ਆ ਗਿਆ। ਉਸਦੀ ਮੰਗੇਤਰ ਨਰਿੰਦਰ ਨੇ ਉਸਨੂੰ ਸਪਾਂਸਰ ਕੀਤਾ ਹੋਇਆ ਸੀ। ਉਦੋਂ ਮੰਗੇਤਰ ਨੂੰ ਸਪਾਂਸਰ ਕਰਨ ਦਾ ਕਾਨੂੰਨ ਹੈਗਾ ਸੀ। 3 ਦਸੰਬਰ ਨੂੰ ਉਨ੍ਹਾਂ ਦਾ ਵਿਆਹ ਹੋ ਗਿਆ। ਸਵੇਰੇ ਗੁਰਦਵਾਰੇ ਆਨੰਦ ਕਾਰਜ ਸੀ ਤੇ ਸ਼ਾਮ ਨੂੰ ਬੈਂਕੁਇਟ ਹਾਲ ‘ਚ ਰਿਸੈਪਸ਼ਨ ਪਾਰਟੀ। ਦਸੰਬਰ ਦਾ ਆਖਰੀ ਹਫ਼ਤਾ ਸ਼ੁਰੂ ਹੋ ਗਿਆ ਸੀ। ਐਮਨਿਸਟੀ ਦੀ ਝਾਕ ਲਾਈ ਬੈਠੇ ਮੇਰੇ ਵਰਗੇ ਅਨੇਕ ਲੋਕ, ਤੀਬਰਤਾ ਨਾਲ਼, ਸਰਕਾਰੀ ਐਲਾਨ ਦੀ ਉਡੀਕ ਕਰ ਰਹੇ ਸਨ। ਉਦੋਂ (1988 ‘ਚ) ਦੇਸ਼ ਦਾ ਪ੍ਰਧਾਨ ਮੰਤਰੀ ਬਰਾਇਨ ਮੁਲਰੋਨੀ ਸੀ। ਉਸਦੀ ਕੰਸਰਵੇਟਿਵ ਪਾਰਟੀ ਚਾਰ ਸਾਲ ਦੀ ਟਰਮ ਪੂਰੀ ਕਰਕੇ ਦੂਜੀ ਵਾਰ ਪਾਵਰ ‘ਚ ਆ ਚੁੱਕੀ ਸੀ। 31 ਦਸੰਬਰ ਨੂੰ ਤਤਕਾਲੀ ਇੰਮੀਗ੍ਰੇਸ਼ਨ ਮਨਿਸਟਰ ਨੇ ਜੋ ਭਾਸ਼ਣ ਦਿੱਤਾ, ਉਸ ਵਿਚ ਐਮਨਿਸਟੀ ਸਿੱਧੇ ਤੌਰ ਤਾਂ ਨਹੀਂ, ਅਸਿੱਧੇ ਤੌਰ ‘ਤੇ ਹੈਗੀ ਸੀ ਪਰ ਪੜ੍ਹੇ-ਲਿਖੇ ਬਿਨੈਕਾਰਾਂ ਵਾਸਤੇ ਹੀ। ਕੇਸਾਂ ਦੀ ਸੁਣਵਾਈ ਦੀਆਂ ਦੋ ਸਟੇਜਾਂ ਸਨ। ਪਹਿਲੀ ਸਟੇਜ ‘ਤੇ ਇੰਮੀਗ੍ਰੇਸ਼ਨ ਅਫਸਰਾਂ ਵੱਲੋਂ ਹਰ ਬਿਨੈਕਾਰ ਨੂੰ ਇੰਟਰਵਿਊ ਕੀਤਾ ਜਾਣਾ ਸੀ। ਅੰਗ੍ਰੇਜ਼ੀ ਦੀ ਮੁਹਾਰਤ, ਸਥਿਰ ਜੌਬ ਤੇ ਠੀਕ ਆਚਰਣ ਵਾਲੇ ਬਿਨੈਕਾਰ ਨੂੰ ਇਸੇ ਸਟੇਜ ‘ਤੇ ਪੀ.ਆਰ (PermanentResidency) ਲਈ ‘ਹਾਂ’ ਹੋ ਜਾਣੀ ਸੀ। ਇਨ੍ਹਾਂ ਪੱਖਾਂ ਤੋਂ ਊਣੇ ਬਿਨੈਕਾਰਾਂ ਦੀ ਸੁਣਵਾਈ ਰਫਿਊਜੀ ਬੋਰਡ ‘ਚ ਹੋਣੀ ਸੀ। ਮਨਿਸਟਰ ਅਨੁਸਾਰ ਬਿਨੈਕਾਰਾਂ ਦੀ ਗਿਣਤੀ ਪੌਣੇ ਦੋ ਲੱਖ ਦੇ ਕਰੀਬ ਪਹੁੰਚ ਚੁੱਕੀ ਸੀ। ਸਾਰੇ ਬਿਨੈਕਾਰਾਂ ਨੂੰ ਦੋ ਮਹੀਨੇ ਦੇ ਵਿਚ ਵਿਚ ਵਰਕ ਪਰਮਿਟ ਤੇ ਸੋਸ਼ਲ ਇੰਸ਼ੋਰੈਂਸ ਕਾਰਡ ਮਿਲ਼ ਜਾਣੇ ਸਨ।
ਮੈਨੂੰ ਪਹਿਲੀ ਸਟੇਜ ‘ਤੇ ਹੀ ਕਾਮਯਾਬੀ ਦਾ ਵਿਸ਼ਵਾਸ ਸੀ। ਇੰਟਰਵਿਊ ਲਈ ਵਾਰੀ ਦੋ ਸਾਲ ਬਾਅਦ ਆਉਣੀ ਸੀ। ਇੰਟਰਵਿਊ ਤੋਂ ਬਾਅਦ ਇੰਮੀਗ੍ਰੇਸ਼ਨ-ਪੇਪਰ ਮਿਲਣ ਨੂੰ ਕੁਝ ਮਹੀਨੇ ਹੋਰ ਲੱਗ ਜਾਣੇ ਸਨ। ਚੱਕਰ ਕੁਝ ਲੰਮਾ ਸੀ। ਪਰ ਸਹੂਲਤਾਂ-ਸੁਵਿਧਾਵਾਂ ਤੇ ਚੰਗੇਰੇ ਸਿਸਟਮ ਵਾਲ਼ਾ ਕੈਨੇਡਾ ਮੇਰੀ ਰੂਹ ਨੂੰ ਭਾਅ ਗਿਆ ਸੀ। ਬੱਚਿਆਂ ਦੇ ਬਿਹਤਰ ਜੀਵਨ ਬਾਰੇ ਸੋਚ ਕੇ ਮੈਂ ਨਵਾਂ ਸੰਘਰਸ਼ ਵਿੱਢ ਲਿਆ। ਭਾਰਤ ਮੇਰੀ ਜਨਮ-ਭੋਇੰ ਹੈ। ਨਵੀਂ ਧਰਤੀ ‘ਤੇ ਵਸਣ ਦਾ ਫ਼ੈਸਲਾ ਕਰਨ ਸਮੇਂ, ਭਾਰਤ ਨਾਲ਼ ਨਾਤਾ ਬਣਾਈ ਰੱਖਣ ਦਾ ਨਿਸ਼ਚਾ ਵੀ ਕੀਤਾ ਸੀ।
ਫਰਵਰੀ ‘ਚ ਮੈਨੂੰ ਵਰਕ ਪਰਮਿਟ ਤੇ ਸੋਸ਼ਲ ਇੰਸ਼ੋਰੈਂਸ ਕਾਰਡ ਮਿਲ਼ ਗਏ। ਨਵੇਂ ਟਿਕਾਣੇ ਵਾਸਤੇ ਮੈਂ ਜਸਪਾਲ ਦੇ ਚਾਚੇ ਦੇ ਪੁੱਤ ਪਿਆਰੇ ਨਾਲ਼ ਗੱਲ ਕੀਤੀ ਹੋਈ ਸੀ। ਉਹ ਆਪਣੇ ਸਾਥੀਆਂ ਨਾਲ਼ ਇਕ ਅਪਾਰਟਮੈਂਟ ‘ਚ ਰਹਿੰਦਾ ਸੀ।
ਰਣਜੀਤ ਗੁਰਸ਼ਰਨ ਦਾ ਧੰਨਵਾਦ ਕਰਕੇ ਮੈਂ ਪਿਆਰੇ ਹੁਰਾਂ ਕੋਲ਼ ਚਲਾ ਗਿਆ। ਉਸ ਅਪਾਰਟਮੈਂਟ ‘ਚ ਤਿੰਨ ਜਣੇ ਰਹਿੰਦੇ ਸਨ ਪਿਆਰਾ, ਸਤਨਾਮ ਤੇ ਰੁਲੀਆ ਰਾਮ। ਪਿਆਰਾ ਛੜਾ ਸੀ, ਦੂਜੇ ਦੋਵੇਂ ਬਾਲ ਬੱਚੇਦਾਰ। ਆਪਰਟਮੈਂਟ ‘ਚ ਲਿਵਿੰਗ ਰੂਮ, ਰਸੋਈ ਅਤੇ ਤਿੰਨ ਬੈੱਡਰੂਮ ਸਨ।ਵੱਡੇ ਬੈੱਡਰੂਮ ‘ਚ ਦੋ ਬੈੱਡ ਲਾਏ ਹੋਏ ਸਨ। ਦੋ ਛੋਟੇ ਬੈੱਡਰੂਮਾਂ ਵਿਚੋਂ ਇਕ ‘ਚ ਤੀਜੇ ਬੰਦੇ ਦਾ ਬੈੱਡ ਤੇ ਦੂਜੇ ਵਿਚ ਕੁਝ ਸਾਮਾਨ ਹੋਇਆ ਰੱਖਿਆ ਸੀ। ਸਾਮਾਨ ਉਨ੍ਹਾਂ ਨੇ ਲਿਵਿੰਗ ਰੂਮ ਅਤੇ ਆਪਣੇ ਬੈੱਡਰੂਮਾਂ ‘ਚ ਰੱਖ ਲਿਆ ਤੇ ਉਹ ਬੈੱਡਰੂਮ ਮੈਨੂੰ ਦੇ ਦਿੱਤਾ। ਰੁਲ਼ੀਆ ਰਾਮ ਇਕ ਫਰਨੀਚਰ ਫੈਕਟਰੀ ‘ਚ ਕੰਮ ਕਰਦਾ ਸੀ। ਮੈਨੂੰ ਵੀ ਓਥੇ ਹੀ ਜੌਬ ਮਿਲ਼ ਗਈ। ਜਾਣ ਆਉਣ ਦਾ ਸਾਧਨ ਬੱਸਾਂ ਸਨ।
ਰੋਟੀ ਇਕੋ ਥਾਂ ਬਣਦੀ ਸੀ। ਚਾਰੇ ਜਣੇ ਰਲ਼ ਕੇ ਬਣਾ ਲੈਂਦੇ।ਸਾਥੀ ਵੀਕ ਐਂਡਾਂ ‘ਤੇ ਵਿਸਕੀ ਪੀਣ ਬੈਠ ਜਾਂਦੇ। ਮੈਂ ਸ਼ਰਾਬ ਛੱਡ ਦਿੱਤੀ ਸੀ। ਅਪਾਰਟਮੈਂਟ ‘ਚ ਆਉਣ ਤੋਂ ਪਹਿਲਾਂ ਸੰਜਮੀ ਜੀਵਨ ਸ਼ੈਲੀ ਦਾ ਸੰਕਲਪ ਧਾਰ ਲਿਆ ਸੀ। ਵੈਸੇ ਵੀ ਜੀਵਨ ਪ੍ਰਤੀ ਮੇਰੀ ਤੇ ਉਨ੍ਹਾਂ ਦੀ ਸੂਝ ਬੂਝ ਵਿਚ ਅੰਤਰ ਹੋਣ ਕਰਕੇ ਉਨ੍ਹਾਂ ਨਾਲ਼ ਸ਼ਰਾਬ ਦਾ ਰੁਟੀਨ ਮੈਨੂੰ ਰਾਸ ਨਹੀਂ ਸੀ ਆਉਣਾ। ਪਰ ਮੈਂ ਉਨ੍ਹਾਂ ਵਿਚ ਉਨ੍ਹਾਂ ਤੋਂ ਉੱਚਾ ਹੋ ਕੇ ਨਹੀਂ ਸੀ ਵਿਚਰਦਾ। ਸ਼ਰਾਬ ਵਾਲ਼ੇ ਮੌਕਿਆਂ ਤੋਂ ਇਲਾਵਾ ਉਨ੍ਹਾਂ ਵਿਚ ਬਹਿੰਦਾ ਸਾਂ। ਸਾਂਝੇ ਖਰਚਿਆਂ ਦਾ ਆਪਣਾ ਹਿੱਸਾ ਹਰ ਮਹੀਨੇ ਦੀ ਪਹਿਲੀ ਤਾਰੀਖ਼ ‘ਤੇ ਉਨ੍ਹਾਂ ਨੂੰ ਫੜਾ ਦੇਂਦਾ।
(ਸਮਾਪਤ)

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …