ਕਿਹਾ : ਕੇਂਦਰ ਖਿਲਾਫ਼ ਮੋਰਚੇ ਵੱਲੋਂ 18 ਅਪ੍ਰੈਲ ਨੂੰ ਕੀਤਾ ਜਾਵੇਗਾ ਦੇਸ਼ਵਿਆਪੀ ਪ੍ਰਦਰਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਨੇ ਗੁਣਵੱਤਾ ਦੇ ਬਹਾਨੇ ਕਣਕ ਦੇ ਖਰੀਦ ਮੁੱਲ ਨੂੰ ਘਟਾ ਕੇ ਕਿਸਾਨਾਂ ’ਤੇ ਕੇਂਦਰ ਸਰਕਾਰ ਦੇ ਤਾਜ਼ਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਸਭ ਜਾਣਦੇ ਹੋਏ ਹੋਏ ਵੀ ਕਿ ਮੌਸਮ ਵਿੱਚ ਤਬਦੀਲੀਆਂ ਅਤੇ ਬੇਮੌਸਮੀ ਮੀਂਹ ਕਾਰਨ ਇਸ ਸੀਜ਼ਨ ਵਿੱਚ ਫਸਲਾਂ ਦੀ ਗੁਣਵੱਤਾ ਨੂੰ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਸਰਕਾਰ ਹੁਣ ਪ੍ਰਤੀ ਕੁਇੰਟਲ ਤੱਕ ਮੁੱਲ ਦੀ ਕਟੌਤੀ ਰਾਹੀਂ ਅਨਾਜ ਦੀ ਖਰੀਦ ਕੀਮਤ ਨੂੰ ਘਟਾ ਕੇ ਇਸ ਕੁਦਰਤੀ ਆਫ਼ਤ ਲਈ ਕਿਸਾਨਾਂ ਨੂੰ ਜੁਰਮਾਨਾ ਕਰਨ ਦੀ ਕੋਸਸ਼ਿ ਕਰ ਰਹੀ ਹੈ। ਕੇਂਦਰ ਸਰਕਾਰ ਦੀ ਇਸ ਕਿਸਾਨ ਵਿਰੋਧੀ ਨੀਤੀ ਦੇ ਖਿਲਾਫ 18 ਅਪ੍ਰੈਲ ਨੂੰ ਐੱਸਕੇਐੱਮ ਦੇਸ਼ ਵਿਆਪੀ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਸਰਕਾਰ ਵੱਲੋਂ ਕੁਆਲਿਟੀ ਦੇ ਬਹਾਨੇ ਕਿਸਾਨਾਂ ਤੋਂ ਕਣਕ ਦੀ ਖਰੀਦ ਕੀਮਤ ਘਟਾਉਣ ਦਾ ਫੈਸਲਾ ਕਿਸਾਨਾਂ ਨਾਲ ਧੋਖਾ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬਣਦਾ ਹੱਕ ਦੇਣ ਤੋਂ ਵਾਂਝੇ ਕਰਨ ਦੇ ਬਹਾਨੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਪਹਿਲਾਂ ਸਰਕਾਰ ਨੇ ਖਰੀਦ ਨੂੰ ਘਟਾਉਣ ਲਈ ਲਿਮਿਟ ਦੀ ਵਰਤੋਂ ਕੀਤੀ ਸੀ। ਹੁਣ ਸਰਕਾਰ ਗੁਣਵੱਤਾ ਦੇ ਬਹਾਨੇ ਖਰੀਦ ਨੂੰ ਘਟਾਉਣ ਦੀ ਕੋਸਸ਼ਿ ਕਰ ਰਹੀ ਹੈ, ਜੋ ਪੂਰੀ ਤਰ੍ਹਾਂ ਨਾਲ ਨਾਜਾਇਜ਼ ਹੈ। ਇਹ ਕਿਸਾਨ ਵਿਰੋਧੀ ਨੀਤੀਆਂ ਸਪੱਸ਼ਟ ਤੌਰ ’ਤੇ ਇਤਿਹਾਸਕ ਕਿਸਾਨ ਅੰਦੋਲਨ ਲਈ ਕਿਸਾਨਾਂ ਵਿਰੁੱਧ ਬਦਲਾਖੋਰੀ ਹਨ, ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਲੋਕਾਂ ਦੀ ਇੱਛਾ ਅੱਗੇ ਝੁਕਣਾ ਪਿਆ। ਮੋਰਚੇ ਵੱਲੋਂ ਮੰਗ ਕੀਤੀ ਗਈ ਕਿ ਹਰ ਦਾਣੇ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਕੀਤੀ ਜਾਣੀ ਚਾਹੀਦੀ ਹੈ।